‘ਬਲਿਹਾਰੀ ਕੁਦਰਤ ਵਸਿਆ’

-ਜਸਪਾਲ ਸਿੰਘ
ਗੁਰਬਾਣੀ ਬ੍ਰਹਿਮੰਡ ਦੇ ਕਰਤੇ ਅਤੇ ਬ੍ਰਹਿਮੰਡ ਦੀ ਮਹਾਨਤਾ ਨੂੰ ਸਭ ਤੋਂ ਉੱਚ ਮੰਨਦੀ ਹੈ ਅਤੇ ਕੁਦਰਤ ਦੇ ਪ੍ਰੇਮ ਤੇ ਰਾਖੀ ਦਾ ਸੰਦੇਸ਼ ਵਾਰ-ਵਾਰ ਦਿੰਦੀ ਹੈ, ਪ੍ਰੰਤੂ ਪਦਾਰਥਵਾਦ ਦੇ ਜ਼ਮਾਨੇ ਚ  ਗੁਰੂ ਦੀ ਮੱਤ ਲੈਣ ਤੋਂ ਅਸੀਂ ਇਨਕਾਰੀ ਹੋ ਚੁੱਕੇ ਹਾਂ, ਇਸ ਲਈ ਕੁਦਰਤ ਤੇ ਮਨੁੱਖਤਾ ਦੋਵਾਂ ਨਾਲ ਸਿਰਫ਼ ਸੁਆਰਥ ਦੀ ਸਾਂਝ ਰੱਖੀ ਹੋਈ ਹੈ। ਪਰ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਕਾਰਨ ਅਸੀਂ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਹੇ ਹਾਂ। ਇਸ ਵੱਲ ਕਦੇ ਵੀ ਗੰਭੀਰਤਾ ਨਾਲ ਸੋਚਣ-ਵਿਚਾਰਨ ਦੀ ਲੋੜ ਨਹੀਂ ਸਮਝੀ। ਕੁਦਰਤ ਸਾਡੀ ਮਾਂ ਹੈ ਅਤੇ ਜੇ ਅਸੀਂ ਆਪਣੀ ਮਾਂ ਦੀ ਹੋਂਦ ਨਾਲ ਹੀ ਖਿਲਵਾੜ ਕਰਨ ਲੱਗ ਪਈਏ ਤਾਂ ਅਕ੍ਰਿਤਘਣ ਹੀ ਅਖਵਾਂਗੇ। ਸਮੇਂ ਦੀ ਤੇਜ਼ ਰਫ਼ਤਾਰ ਵਾਲੀ ਪਦਾਰਥਵਾਦੀ ਸੋਚ ਸਦਕਾ ਮਨੁੱਖ ਪੂਰੀ ਤਰਾਂ ਸੁਆਰਥੀ ਹੋ ਗਿਆ ਹੈ ਅਤੇ ਉਸ ਨੂੰ ਆਪਣੇ ਤੋਂ ਅੱਗੇ ਹੋਰ ਕੁਝ ਵਿਖਾਈ ਨਹੀਂ ਦਿੰਦਾ। ਅੱਜ ਜਦੋਂ ਹਰ ਮਨੁੱਖ ਨੂੰ ਇਹ ਪੂਰਾ-ਪੂਰਾ ਚਾਨਣ ਹੈ ਕਿ ਪਾਣੀ, ਵਾਤਾਵਰਣ ਤੇ ਮਨੁੱਖਤਾ ਬੁਰੀ ਤਰਾਂ ਪ੍ਰਦੂਸ਼ਣ ਦੀ ਲਪੇਟ ਵਿੱਚ ਹਨ ਤਾਂ ਅਸੀਂ ਉਸ ਦੀ ਰੋਕਥਾਮ ਦੀ ਥਾਂ ਇਸ ਦੇ ਵਾਧੇ ਵੱਲ ਹੀ ਤੁਰੇ ਹੋਏ ਹਾਂ। ਪਹਿਲਾ ਹੀ ਪ੍ਰਦੂਸ਼ਿਤ ਹਵਾ ਨੂੰ ਪਰਾਲੀ ਦੇ ਧੂੰਏ ਨਾਲ ਜ਼ਹਿਰੀਲਾ ਬਣਾਉਣ ਲੱਗਿਆ ਕਿਸਾਨ ਵਾਪਸ ਮੁੜਨ ਲਈ ਤਿਆਰ ਨਹੀਂ ਅਤੇ ਦੂਜੇ ਪਾਸੇ ਸਰਕਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਬਦਲ ਦੇਣ ਲਈ ਕੁਝ ਨਹੀਂ ਕਰ ਰਹੀ। ਸਾਡੇ ਸੂਬੇ ਦੇ ਮੁੱਖ ਮੰਤਰੀ ਤੇ ਖੇਤੀਬਾੜੀ ਮੰਤਰੀ ਆਏ ਦਿਨ ਕਰੋੜਾਂ ਰੁਪਏ ਫੂਕ ਕੇ ਇਸ ਬਹਾਨੇ ਵਿਦੇਸ਼ੀ ਗੇੜਾ ਮਾਰਨ ਜਾਂਦੇ ਹਨ ਕਿ ਉਥੋਂ ਦੀ ਉੱਨਤ ਖੇਤੀਬਾੜੀ ਤਕਨੀਕ ਦੀ ਜਾਣਕਾਰੀ ਲੈਣੀ ਹੈ। ਪ੍ਰੰਤੂ ਸਾਡੇ ਇਨਾਂ ਮੰਤਰੀਆਂ ਨੂੰ ਯੂਰਪੀਨ ਮੁਲਕਾਂ ਵਿੱਚ ਚੱਲਦੀਆਂ ਉਹ ਕਟਰ ਮਸ਼ੀਨਾਂ ਜਿਹੜੀਆਂ ਇਸ ਸਮੱਸਿਆ ਦਾ ਇਕੋ ਇਕ ਹੱਲ ਹਨ, ਕਦੇ ਵਿਖਾਈ ਨਹੀਂ ਦਿੰਦੀਆਂ। ਜੇ ਉਸ ਤਕਨੀਕ ਨੂੰ ਸਾਡੇ ਸੂਬੇ ਵਿੱਚ ਵਿਕਸਤ ਕਰਕੇ ਹਰ ਪਿੰਡ ਦੀ ਸਹਿਕਾਰੀ ਸਭਾ ਨੂੰ ਪਿੰਡ ਦੀ ਅਬਾਦੀ ਅਨੁਸਾਰ ਸਸਤੇ ਮੁੱਲ ਤੇ ਉਹ ਮਸ਼ੀਨਾਂ ਦਿੱਤੀਆਂ ਜਾਣ ਤਾਂ ਇਸ ਗੰਭੀਰ ਸਮੱਸਿਆ ਤੋਂ ਜਿਹੜੀ ਮਨੁੱਖਤਾ ਲਈ ਅੱਤ ਘਾਤਕ ਬਣ ਚੁੱਕੀ ਹੈ, ਛੁਟਕਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਪ੍ਰੰਤੂ ਪਤਾ ਨਹੀਂ ਕਿਉਂ ਸਾਡੀਆਂ ਸਰਕਾਰਾਂ ਘੇਸਲ ਵੱਟੀ ਹੈ। ਕਿਸਾਨ ਕੋਲ ਪਰਾਲੀ ਨੂੰ ਸਾੜਨ ਦਾ ਹੋਰ ਬਦਲ ਨਾ ਹੋਣ ਕਾਰਨ ਅਤੇ ਕਿਸਾਨਾਂ ਵਿੱਚ ਇਸ ਸਬੰਧੀ ਜਾਗਰੂਕਤਾ ਦੀ ਘਾਟ ਅਤੇ ਕਿਰਤ ਸੱਭਿਆਚਾਰ ਤੋਂ ਮੁੜ ਰਹੇ ਮੂੰਹ ਕਾਰਨ ਅਸੀਂ ਮਨੁੱਖਤਾ ਦੀ ਹੋਂਦ ਲਈ ਖਤਰੇ ਨੂੰ ਦਿਨੋ-ਦਿਨ ਵਧਾ ਰਹੇ ਹਾਂ ਅਤੇ ਇਸ ਦਾ ਨਜ਼ਾਰਾ ਵੀ ਆਪਣੀ ਖੁੱਲੀਆਂ ਅੱਖਾਂ ਨਾਲ ਤੱਕ ਰਹੇ ਹਾਂ। ਪਰਾਲੀ ਦੇ ਧੂੰਏ ਨੇ ਮੌਸਮ ਤੇ ਵਾਤਾਵਰਣ ਦੋਵਾਂ ਵਿੱਚ ਵਿਗਾੜ ਪੈਦਾ ਕਰ ਦਿੱਤਾ ਹੈ। ਪਰਾਲੀ ਦੇ ਧੂੰਏਂ ਕਾਰਨ ਵਾਪਰਦੇ ਹਾਦਸਿਆਂ ਵਿੱਚ ਜਾ ਰਹੀਆਂ ਕੀਮਤੀ ਜਾਨਾਂ ਤੋਂ ਇਲਾਵਾ ਹਰ ਮਨੁੱਖ ਨੂੰ ਖਊਂ ਖਊਂ ਕਰਨ ਅਤੇ ਜੁਕਾਮ ਵਾਲਾ ਸੁੜਾਕਾ ਮਾਰਨ ਲਈ ਮਜ਼ਬੂਰ ਕਰ ਦਿੱਤਾ ਹੈ। ਇਸ ਤੋਂ ਬਾਅਦ ਹੋਰ ਕਿਹੜੀਆਂ ਬਿਮਾਰੀਆਂ ਲੱਗਣੀਆਂ ਹਨ, ਉਸਦਾ ਅੰਦਾਜ਼ਾ ਕੋਈ ਵੀ ਨਹੀਂ ਲਗਾ ਰਿਹਾ। ਕਿਸਾਨ ਵੱਲੋਂ ਮਜ਼ਬੂਰੀ ਵੱਸ, ਲਾਪ੍ਰਵਾਹੀ ਨਾਲ ਜਾਂ ਫਿਰ ਹੱਡ-ਹਰਾਮੀ ਕਾਰਨ ਪਰਾਲੀ ਨੂੰ ਅੱਗ ਲਗਾ ਕੇ ਜਿਹੜਾ ਜ਼ਹਿਰ ਵਾਤਾਵਰਣ ਵਿੱਚ ਘੋਲਿਆ ਜਾ ਰਿਹਾ ਹੈ। ਉਸਦੀ ਜਿਹੜੀ ਤਸਵੀਰ ਮਾਹਿਰਾਂ ਨੇ ਪੇਸ਼ ਕੀਤੀ ਹੈ, ਉਹ ਬੇਹੱਦ ਡਰਾਉਣੀ ਹੈ। ਪਰਾਲੀ ਦੇ ਧੂੰਏਂ ਨਾਲ ਹਵਾ ਵਿੱਚ ਜਿਹੜੇ ਜ਼ਹਿਰੀਲੇ ਤੱਤ ਘੁੱਲ ਜਾਂਦੇ ਹਨ ਉਨਾਂ ਨੂੰ ਐਸ.ਪੀ.ਐਮ. (ਸਸਪੈਂਡਡ ਪਾਰਟੀਕੁਲੇਟ ਮੈਟਰ) ਆਖਿਆ ਜਾਂਦਾ ਹੈ ਆਖਿਆ ਜਾਂਦਾ ਹੈ। ਵਾਤਾਵਰਣ ਅਤੇ ਮਨੁੱਖੀ ਜੀਵਨ ਦੋਵਾਂ ਲਈ ਖ਼ਤਰਨਾਕ ਹਨ। ਪ੍ਰਦੂਸ਼ਣ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਪਟਿਆਲਾ, ਬਠਿੰਡਾ, ਅੰਮ੍ਰਿਤਸਰ ਤੇ ਲੁਧਿਆਣਾ ਜ਼ਿਲਿਆਂ ਵਿੱਚ ਇਸ ਜ਼ਹਿਰੀਲੇ ਤੱਤ ਐਸ. ਪੀ. ਐਮ. ਮਾਤਰਾ ਪਿਛਲੇ ਮਹੀਨੇ 2 ਤੋਂ 3 ਗੁਣਾਂ ਤੱਕ ਵਧੀ ਹੈ। ਪਟਿਆਲਾ, ਬਠਿੰਡਾ ਵਿੱਚ ਇਹ ਸਤੰਬਰ ਮਹੀਨੇ 180/220 ਸੀ ਜਿਹੜੀ ਇਹ ਹਫ਼ਤੇ 500 ਮਾਈਕਰੋ ਗ੍ਰਾਮ/ਮੀਟਰ ਤੱਕ ਪੁੱਜ ਗਈ ਹੈ। ਇਸੇ ਤਰਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਜ਼ਿਲਿਆਂ ਵਿੱਚ ਇਹ 700 ਤੋਂ ਵੀ ਪਾਰ ਹੋ ਚੁੱਕੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਇਕ ਤਾਂ ਪਰਾਲੀ ਨੂੰ ਸਾੜਨ ਦੀ ਥਾਂ ਇਸ ਦੀ ਉਪਯੋਗੀ ਵਰਤੋਂ ਦੇ ਸਮਰੱਥ ਬਣਾਉਣ ਵਾਲੇ ਸਾਧਨ ਮੁਹੱਈਆ ਕਰੇ, ਵੱਧ ਤੋਂ ਵੱਧ ਗੱਤਾ ਮਿੱਲਾਂ ਪੰਜਾਬ ਵਿੱਚ ਲਗਾਈਆਂ ਜਾਣ ਅਤੇ ਕਿਸਾਨਾਂ ਨੂੰ ਪਰਾਲੀ ਦੇ ਧੂੰਏ ਕਾਰਨ ਮਨੁੱਖਤਾ ਨੂੰ ਪੈਦਾ ਹੋਣ ਵਾਲੇ ਖਤਰੇ ਸਬੰਧੀ ਪੂਰਨ ਜਾਣਕਾਰੀ ਦਿੱਤੀ ਜਾਵੇ। ਕਿਸਾਨਾਂ ਨੂੰ ਦੱਸਿਆ ਜਾਵੇ ਕਿ ਪਰਾਲੀ ਦੇ ਧੂੰਏਂ ਨਾਲ ਸਲਫਰਡਾਈਆਕਸਾਈਡ ਆਫ ਨਾਈਟਰੋਜ਼ਨ, ਕਾਰਬਨਮੋਨੋਆਕਸਾਈਡ, ਕਾਰਬਨਡਾਈਆਕਸਾਈਡ ਆਦਿ ਵਰਗੀਆਂ ਜ਼ਹਿਰੀਲੀਆਂ ਗੈਸਾਂ ਹਵਾ ਵਿੱਚ ਘੁੱਲਦੀਆਂ ਹਨ, ਜਿਸ ਨਾਲ ਹਵਾ ਅੱਤ ਜ਼ਹਿਰੀਲੀ ਹੁੰਦੀ ਹੈ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਬਣਦੀ ਹੈ। ਜਦੋਂ ਤੱਕ ਕਿਸਾਨਾਂ ਨੂੰ ਪਰਾਲੀ ਦੇ ਧੂੰਏਂ ਦੀ ਭਿਆਨਕਤਾ ਦਾ ਸਹੀ-ਸਹੀ ਗਿਆਨ ਨਹੀਂ ਹੁੰਦਾ ਉਹ ਇਸ ਸਮੱਸਿਆ ਪ੍ਰਤੀ ਗੰਭੀਰ ਨਹੀਂ ਹੋਣਗੇ। ਇਸ ਲਈ ਕਿਸਾਨਾਂ ਨੂੰ ਇਸ ਸਬੰਧੀ ਸਾਰੀ ਵਿਗਿਆਨਕ ਸੂਝ ਹੋਣੀ ਚਾਹੀਦੀ ਹੈ ਕਿ ਧੂੰਆ ਸਾਰੇ ਮੌਸਮ ਦਾ ਮਿਜ਼ਾਜ ਵਿਗਾੜ ਰਿਹਾ ਹੈ। ਜਿਸਦਾ ਸ਼ਿਕਾਰ ਸਾਡੀਆਂ ਅਗਲੀਆਂ ਪੀੜੀਆਂ ਨੂੰ ਹੋਣਾ ਪੈਣਾ ਹੈ। ਵਿਸ਼ਵ ਭਰ ਵਿੱਚ ਵੱਧ ਰਹੀ ਤਪਸ਼ ਦੇ ਪੈਣ ਵਾਲੇ ਪ੍ਰਭਾਵਾਂ ਦਾ ਗਿਆਨ ਵੀ ਹੁਣ ਹਰ ਕਿਸੇ ਨੂੰ ਹੋਣਾ ਚਾਹੀਦਾ ਹੈ, ਪਰਾਲੀ ਦਾ ਧੂੰਆ ਸਾਡੇ ਜੀਵਨ ਲਈ ਘਾਤਕ ਹੈ, ਇਹ ਸੋਚ ਜਦੋਂ ਹਰ ਕਿਸਾਨ ਦੇ ਦਿਲ-ਦਿਮਾਗ ਤੇ ਬੈਠ ਜਾਵੇਗੀ ਤਾਂ ਉਹ ਆਪਣੇ ਪੈਰੀ ਆਪ ਕੁਹਾੜੀ ਮਾਰਨ ਤੋਂ ਪਹਿਲਾ ਅਨੇਕਾਂ ਵਾਰ ਜ਼ਰੂਰ ਸੋਚੇਗਾ। ਅਸੀਂ ਸਰਕਾਰ ਨੂੰ ਜਿੱਥੇ ਇਹ ਅਪੀਲ ਕਰਾਂਗੇ ਕਿ ਉਹ ਕਿਸਾਨਾਂ ਨੂੰ ਪਰਾਲੀ ਦੀ ਕਟਾਈ ਲਈ ਯੂਰਪੀਨ ਦੀ ਤਰਜ਼ ਵਾਲੀਆਂ ਮਸ਼ੀਨਾਂ ਦਾ ਜਲਦੀ ਤੋਂ ਜਲਦੀ ਪ੍ਰਬੰਧ ਕਰੇ ਉਥੇ ਸਮਾਜ ਸੇਵੀ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਾਂਗੇ ਕਿ ਉਹ ਇਸ ਭਿਆਨਕ ਹੋ ਰਹੀ ਸਮੱਸਿਆ ਦੇ ਹੱਲ ਲਈ ਇਕੱਠੇ ਹੋ ਕੇ ਸੁਹਿਰਦ ਯਤਨ ਕਰਨ, ਜਿਸ ਨਾਲ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਹੋਵੇ। ਜਦੋਂ ਤੱਕ ਅਸੀਂ ਆਪਣੇ ਆਪ ਵਿੱਚ ਸਮਾਜ ਤੇ ਆਲੇ-ਦੁਆਲੇ ਪ੍ਰਤੀ ਸਮਰਪਿਤ ਭਾਵਨਾ ਪੈਦਾ ਨਹੀਂ ਕਰਦੇ। ਉਦੋਂ ਤੱਕ ਕੁਦਰਤ ਨਾਲ ਹੁੰਦਾ ਇਹ ਖਿਲਵਾੜ ਬੰਦ ਨਹੀਂ ਹੋਵੇਗਾ ਅਤੇ ਫਿਰ ਜਦੋਂ ਕੁਦਰਤ ਕਰੋਪ ਹੋ ਗਈ ਤਾਂ ਸਾਡੇ ਪਾਸ ਬਚਾਅ ਦਾ ਕੋਈ ਸਾਧਨ ਨਹੀਂ ਬਚੇਗਾ।