ਦੀਵਾਲੀ ਬਨਾਮ ਪ੍ਰਦੂਸ਼ਣ…?

ਜਸਪਾਲ ਸਿੰਘ ਹੇਰਾਂ
ਦੀਵਾਲੀ ਰੋਸ਼ਨੀਆਂ ਦਾ ਨਹੀਂ ਸਗੋਂ ਗਿਆਨ ਦਾ ਤਿਉਹਾਰ ਸੀ, ਪ੍ਰੰਤੂ ਪਦਾਰਥਵਾਦੀਆਂ ਨੇ ਇਸਨੂੰ ਦੌਲਤ ਪੂਜਾ ਦਾ ਤਿਉਹਾਰ ਬਣਾ ਦਿੱਤਾ, ਜਿਸ ਕਾਰਨ ਇਸ ਤਿਉਹਾਰ ਤੇ ਦੌਲਤ ਕਮਾਉਣ ਦੀ ਅੰਨੀ ਦੌੜ ਵੀ ਸ਼ੁਰੂ ਹੋ ਗਈ, ਜਿਸਨੇ ਇਸ ਨੂੰ ਦੌਲਤ ਦੀ ਚਕਾਚੌਂਧ ਦਾ ਤਿਉਹਾਰ ਬਣਾ ਦਿੱਤਾ ਹੈ ਅਤੇ ਇਹ ਤਿਉਹਾਰ ਗਿਆਨ ਦੀ ਰੋਸ਼ਨੀ ਦੀ ਥਾਂ, ਦੌਲਤ ਦੀ ਰੋਸ਼ਨੀ ਦਾ ਤਿਉਹਾਰ ਬਣਾ ਕੇ ਰੱਖ ਦਿੱਤਾ ਹੈ। ਜੈਨ ਧਰਮ ਦੇ ਬਾਨੀ ਭਗਵਾਨ ਮਹਾਂਵੀਰ ਜਿਨਾਂ ਨੂੰ ਮੱਸਿਆ ਦੀ ਕਾਲੀ ਹਨੇਰੀ ਰਾਤ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ, ਉਸਨੂੰ ਗਿਆਨ ਦੇ ਦੀਵੇ ਜਗਾਉਣ ਵਾਲੀ ਰਾਤ ਮੰਨਿਆ ਗਿਆ ਅਤੇ ਇਸੇ ਤਰਾਂ ਸ੍ਰੀ ਰਾਮਚੰਦਰ ਜੀ ਦੀ ਬਨਵਾਸ ਵਾਪਸੀ ਤੇ ਵਿਛੋੜੇ ਦੇ ਮਿਲਾਪ ਚ ਬਦਲਣ ਤੇ ਖੁਸ਼ੀ ਪ੍ਰਗਟਾਈ ਗਈ ਸੀ ਅਤੇ ਖੁਸ਼ੀਆਂ ਤੇ ਚਾਅ ਨਾਲ ਦੀਵੇ ਜਗਾਏ ਗਏ ਸਨ। ਪ੍ਰੰਤੂ ਧਨ-ਦੌਲਤ ਦੀ ਪੂਜਾ ਦਾ ਇਸ ਤਿਉਹਾਰ ਨਾਲ ਕਦੇ ਵੀ ਸਬੰਧ ਨਹੀਂ ਰਿਹਾ ਸੀ। ਪਦਾਰਥਵਾਦ ਦੀ ਸ਼ਕਤੀ ਨੇ ਗਿਆਨ ਦੇ ਇਸ ਤਿਉਹਾਰ ਨੂੰ ਲਾਲਚ ਦੇ ਹਨੇਰੇ ਦਾ ਗ੍ਰਹਿਣ ਲਾ ਦਿੱਤਾ। ਅੱਜ ਜਦੋਂ ਭਾਰਤੀਆਂ ਤੋਂ ਬਿਨਾਂ ਧਨ ਦੀ ਹੋਰ ਕਿਧਰੇ ਵੀ ਪੂਜਾ ਨਹੀਂ ਹੁੰਦੀ ਅਤੇ ਸਮੁੱਚੀ ਦੁਨੀਆ ਚ ਵਾਤਾਵਰਣ ਦੇ ਪ੍ਰਦੂਸ਼ਿਤ ਹੋਣ ਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ, ਪ੍ਰਦੂਸ਼ਿਤ ਵਾਤਾਵਰਣ ਮਨੁੱਖ ਤੋਂ ਉਸਦਾ ਜੀਵਨ ਖੋਹ ਰਿਹਾ ਹੈ।
ਆਏ ਦਿਨ ‘ਗਲੋਬਲ ਵਾਰਮਿੰਗ’ (ਧਰਤੀ ਤੇ ਗਰਮੀ) ਵੱਧ ਰਹੀ ਹੈ, ਉਸ ਸਮੇਂ ਭਾਰਤ ਵਾਸੀ ਖੁਸ਼ੀ-ਖੁਸ਼ੀ ਵਾਤਾਵਰਣ ਨੂੰ ਹੋਰ ਪ੍ਰਦੂਸ਼ਿਤ ਕਰਨ ਲਈ ਅਰਬਾਂ-ਖਰਬਾਂ ਰੁਪਏ ਫੂਕੀ ਜਾ ਰਹੇ ਹਨ, ਪ੍ਰੰਤੂ ਕਿਸੇ ਨੇ ਇਸ ਗਲਤੀ, ਜਿਸਨੂੰ ‘ਗੁਨਾਹ’ ਵੀ ਆਖਿਆ ਜਾ ਸਕਦਾ ਹੈ, ਨੂੰ ਸੁਧਾਰਣ ਬਾਰੇ ਕਦੇ ਆਵਾਜ਼ ਬੁਲੰਦ ਕਰਕੇ, ਪੁਰਾਣੀ ਪਿਰਤ ਨੂੰ ਬਦਲਣ ਦੀ ਲੋੜ ਹੀ ਨਹੀਂ ਦੱਸੀ। ਦੀਵਾਲੀ, ਪਟਾਖੇ ਚਲਾ ਕੇ ਵਾਤਾਵਰਣ ਨੂੰ ਜ਼ਹਿਰੀਲਾ ਬਣਾਉਣ, ਜੂਆ ਖੇਡ ਕੇ, ਸ਼ਰਾਬ ਪੀ ਕੇ ਤਬਾਹੀ ਨੂੰ ਸੱਦਾ ਦੇਣ, ਮਿਲਾਵਟੀ, ਮਿਠਾਈਆਂ ਇਕ ਦੂਜੇ ਨੂੰ ਵੰਡ ਕੇ ਅਤੇ ਭ੍ਰਿਸ਼ਟਾਚਾਰ ਦੇ ਆਧੁਨਿਕ ਰੂਪ ‘ਗਿਫਟਾਂ’  ਲੈ-ਦੇ ਕੇ ਮਨਾਉਣ ਦਾ ‘ਤਿਉਹਾਰ’ ਬਣਾ ਦਿੱਤਾ ਗਿਆ ਹੈ। ਅੱਜ ਸਾਡੇ ਦੇਸ਼ ਦੇ ਹਵਾ-ਪਾਣੀ ਪ੍ਰਦੂਸ਼ਿਤ ਹੋ ਚੁੱਕੇ ਹਨ, ਪ੍ਰੰਤੂ ਦੀਵਾਲੀ ਦੀ ਇੱਕੋ ਰਾਤ ‘ਚ ਅਸੀਂ ਇਸ ਪ੍ਰਦੂਸ਼ਣ ਦੀ ਮਾਤਰਾ ਨੂੰ ਡੇਢ ਗੁਣਾ ਵਧਾ ਦਿੰਦੇ ਹਾਂ। ਖੁਸ਼ੀਆਂ ਖੇੜੇ ਵੰਡਣੇ, ਪਿਆਰ-ਇਤਫਾਕ ਦਾ ਮਾਹੌਲ ਸਿਰਜਣਾ, ਤਿਉਹਾਰਾਂ ਦਾ ਮੰਤਵ ਰਿਹਾ ਹੈ। ਪ੍ਰੰਤੂ ਅੱਜ ਲਗਭਗ ਸਾਰੇ ਤਿਉਹਾਰ ਰਸਮੀ ਤੇ ਪਦਾਰਥਵਾਦੀ ਬਣ ਗਏ ਹਨ। ਰੱਖੜੀ ਵਾਲੇ ਦਿਨ ਭੈਣ-ਭਰਾ ਦਾ ਪਿਆਰ ਨਹੀਂ ਸਗੋਂ ਤੋਹਫ਼ਿਆਂ ਦੀ ਕੀਮਤ ”ਤੋਲੀ” ਜਾਂਦੀ ਹੈ। ਜਦੋਂ ਤਿਉਹਾਰਾਂ ਨੇ ਆਪਣੇ ਮੂਲ ਨੂੰ ਹੀ ਗੁਆ ਲਿਆ ਹੈ, ਫਿਰ ਅਸੀਂ ਲਕੀਰ ਦੇ ਫ਼ਕੀਰ ਕਿਉਂ ਬਣੇ ਹੋਏ ਹਾਂ?
ਤਿਉਹਾਰਾਂ ਦੀਆਂ ਉਨਾਂ ਰਸਮਾਂ ਦਾ ਜਿਹੜੀਆਂ ਲਾਭਕਾਰੀ ਦੀ ਥਾਂ ਖ਼ਤਰਨਾਕ ਤੇ ਤਬਾਹਕੁਨ ਬਣ ਚੁੱਕੀਆਂ ਹਨ ਨੂੰ ਤਿਆਗ ਕਿਉਂ ਨਹੀਂ ਦਿੰਦੇ? ਕਿਸੇ ਸਮੇਂ ਦੀਵਾਲੀ ਵਾਲੀ ਰਾਤ, ਘਿਉਂ ਦੇ ਦੀਵੇ ਬਾਲੇ ਜਾਂਦੇ ਸਨ, ਜਿਹੜੇ ਵਾਤਾਵਰਣ ਨੂੰ ਸੁਗੰਧੀ ਤੇ ਸ਼ੁਧੀ ਦਿੰਦੇ ਸਨ, ਪ੍ਰੰਤੂ ਅੱਜ ਜ਼ਹਿਰੀਲੇ ਧਮਾਕਾਖੇਜ਼ ਰਸਾਇਣਾਂ ਨਾਲ ਬਣਾਏ ਪਟਾਖਿਆਂ ਦੇ ਜ਼ਹਿਰੀਲੇ ਧੂੰਏ ਅਤੇ ਕੰਨ ਪਾੜੂ ਸ਼ੋਰ ਨਾਲ, ਵਾਤਾਵਰਣ ਨੂੰ ਪ੍ਰਦੂਸ਼ਿਤ ਕੀਤਾ ਜਾਂਦਾ ਹੈ। ਦੀਵਾਲੀ ਦੀ ਰਾਤ ਨੂੰ ਜੂਏ ਦੀ ਰਾਤ ਬਣਾ ਕੇ, ਧਰਮੀ ਤਿਉਹਾਰ ਨੂੰ ਅਧਰਮੀ ਬਣਾ ਦਿੱਤਾ ਗਿਆ ਹੈ, ਇਸ ਲਈ ਦੀਵਾਲੀ ਮਨਾਉਣ ਦੇ ਢੰਗ ਤਰੀਕੇ ਤੇ ਸਮਾਜ ਵੱਲੋਂ ਮੁੜ ਵਿਚਾਰ ਕਰਨ ਦੀ ਵੱਡੀ ਲੋੜ ਹੈ। ਵੱਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਦੀਵਾਲੀ ਨੂੰ ਪਟਾਖਾ ਰਹਿਤ ਕਰਨਾ ਹੀ ਪੈਣਾ ਹੈ, ਇਸ ਤਿਉਹਾਰ ਦੀ ਮੂਲ ਭਾਵਨਾ ਨੂੰ ਮੁੜ ਉਜਾਗਰ ਕਰਨਾ ਹੋਵੇਗਾ, ਗਿਆਨ ਦੇ ਦੀਵੇ ਬਾਲੇ ਤੋਂ ਬਿਨਾਂ ਉਸ ਰਾਹ ਤੇ ਵਾਪਸੀ ਸੰਭਵ ਨਹੀਂ ਹੈ, ਜਿਹੜੇ ਧਰਮੀ ਤੇ ਸਿਆਣੇ ਲੋਕ ਇਹ ਸਮਝਦੇ ਹਨ ਕਿ ਅਸੀਂ ਪ੍ਰਦੂਸ਼ਿਤ ਦੀਵਾਲੀ ਮਨਾ ਕੇ, ਕੁਦਰਤ ਨਾਲ ਖਿਲਵਾੜ ਕਰਦੇ ਹਾਂ ਅਤੇ ਮਨੁੱਖਤਾ ਨਾਲ ਧ੍ਰੋਹ ਕਮਾਉਂਦੇ ਹਾਂ, ਉਨਾਂ ਨੂੰ ‘ਪ੍ਰਦੂਸ਼ਣ ਰਹਿਤ’ ਦੀਵਾਲੀ ਮਨਾਉਣ ਦੇ ਨਾਲ-ਨਾਲ ਹੋਰਾਂ ਲਈ ਵੀ ਮਿਸ਼ਾਲ ਬਣ ਕੇ ਵਿਖਾਉਣਾ ਹੋਵੇਗਾ।
ਮਨਾਂ ‘ਚ ਈਰਖਾ, ਹੳੂਮੈ, ਲੋਭ, ਲਾਲਚ, ਸੁਆਰਥ ਦੇ ਹਨੇਰੇ ਨੂੰ ਭਜਾਉਣ ਲਈ ਜਦੋਂ ਗਿਆਨ ਦੇ ਦੀਵੇ ਜਗਾ ਲਏ ਗਏ ਤਾਂ ਹਰ ਰਾਤ ਹੀ ਦੀਵਾਲੀ ਹੋਵੇਗੀ। ਮਨ ਦੀ ਖੁਸ਼ੀ ਅਤੇ ਮਾਨਸਿਕ ਸੰਤੁਸ਼ਟੀ ਤੋਂ ਬਿਨਾਂ ਖੁਸ਼ੀ ਹਾਸਲ ਨਹੀਂ ਹੋ ਸਕਦੀ, ਇਸ ਲਈ ਮਾਨਵਤਾ ਦੇ ਭਲੇ ਅਤੇ ਆਪਣੀਆਂ ਅਗਲੀਆਂ ਪੀੜੀਆਂ ਦੇ ਭਵਿੱਖ ਲਈ ਸਾਨੂੰ ਸੌੜੀਆਂ ਵਲਗਣਾਂ ਤੇ ਸਮਾਜ ਵਿਰੋਧੀ ਪੁਰਾਤਨ  ਰਵਾਇਤੀ ਰਸਮੋ-ਰਿਵਾਜਾਂ ਦਾ ਅਖਾਰ ਇਕ ਦਿਨ ਤਿਆਗ ਕਰਨਾ ਹੀ ਪੈਣਾ ਹੈ, ”ਜਦੋਂ ਜਾਗੋ ਉਦੋਂ ਸਵੇਰਾ” ਇਸ ਲਈ ਇਸ ਦੀਵਾਲੀ ਤੋਂ ਹੀ ਪ੍ਰਦੂਸ਼ਣ ਰਹਿਤ ਦੀਵਾਲੀ, ਜਿਸ ਨਾਲ ਆਪ ਨੂੰ ਅਤੇ ਦੂਜਿਆਂ ਨੂੰ ਵੀ ਖੁਸ਼ੀ ਤੇ ਸਕੂਨ ਮਿਲੇ, ਮਨਾਉਣ ਦੀ ਪਿਰਤ ਆਰੰਭ ਦੇਣੀ ਚਾਹੀਦੀ ਹੈ।