ਗੁਰਦਾਸਪੁਰ ਨਤੀਜੇ ਦੇ ਸਬਕ…

-ਜਸਪਾਲ ਸਿੰਘ ਹੇਰਾਂ
ਗੁਰਦਾਸਪੁਰ ਲੋਕ ਸਭਾ ਦੀ ਜਿਮਨੀ ਚੋਣ ਕਾਂਗਰਸ ਬਹੁਤ ਵੱਡੇ ਫ਼ਰਕ ਨਾਲ ਜਿੱਤ ਗਈ ਹੈ। ਅਕਾਲੀ-ਭਾਜਪਾ ਗਠਜੋੜ ਦੇ ਭਾਜਪਾਈ ਸਰਮਾਏਦਾਰ ਉਮੀਦਵਾਰ ਨੂੰ ਤਿੰਨ ਕੁ ਲੱਖ ਅਤੇ ਕਾਂਗਰਸ ਦੇ ਸੁਨੀਲ ਜਾਖੜ ਨੂੰ ਪੰਜ ਲੱਖ ਵੋਟ ਮਿਲੇ ਹਨ। ਆਮ ਆਦਮੀ ਪਾਰਟੀ ਦੇ ਮੇਜਰ ਜਰਨਲ ਖਜੂਰੀਆ ਧੂੜ ‘ਚ ਹੀ ਗੁਆਚ ਗਏ। ਉਨਾਂ ਨੂੰ ਸਿਰਫ਼ 23 ਕੁ ਹਜ਼ਾਰ ਵੋਟਾਂ ਪਈਆਂ। ਮੋਦੀ ਸਰਕਾਰ ਵਲੋਂ ਵਪਾਰੀਆਂ ਦੇ ਬਿਠਾਏ ਗਏ ਭੱਠੇ ਅਤੇ ਸੁੱਚੇ ਤੇ ਸਲਾਰੀਆ ਦੀ ਗੰਦਗੀ ਨੇ 6 ਮਹੀਨੇ ‘ਚ ਫੇਲ ਹੋ ਚੁੱਕੀ ਕੈਪਟਨ ਸਰਕਾਰ ਨੂੰ ਹਿੱਕ ਥਾਪੜਨ ਦਾ ਮੌਕਾ ਦੇ ਦਿੱਤਾ ਹੈ। ਗੁਰਦਾਸਪੁਰ ਦੇ ਅੱਧੇ ਵੋਟਰਾਂ ਵਲੋਂ ਗੁਰਦਾਸਪੁਰ ਚੋਣ ਮੁਹਿੰਮ ਵਿਚ ਫੈਲੇ ਗੰਦ ਦੀ ਬਦਬੂ ਕਾਰਣ ਚੋਣਾਂ ਤੋਂ ਦੂਰ ਰਹਿਣ ਦਾ ਫੈਸਲਾ ਕਰ ਲਿਆ ਸੀ। ਜਿਹੜੇ ਅੱਧੇ ਵੋਟਰ ਵੋਟਾਂ ਪਾਉਣ ਆਏ ਉਨਾਂ ਗੰਦ ਤੇ ਭੁੱਖ ਵਿਰੁੱਧ ਗੁੱਸਾ ਕੱਢਿਆ ਤੇ ਪੰਜਾਬ ‘ਚ ਫ਼ਲਾਪ ਹੋ ਰਹੀ ਕਾਂਗਰਸ ਨੂੰ ਸਿਰਫ਼ ਇਸ ਲਈ ਆਕਸੀਜਨ ਦੇ ਦਿੱਤੀ ਕਿ ਉਹ ਕੇਂਦਰ ‘ਚ ਮੋਦੀ ਸਰਕਾਰ ਨੂੰ ਲੋਹੜੇ ਦੀ ਨਫ਼ਰਤ ਕਰਨ ਲੱਗ ਪਏ ਹਨ ਅਤੇ ਦੂਜਾ ਉਹ ਪੰਜਾਬ ‘ਚ ਕਿਸੇ ਵੀ ਕੀਮਤ ‘ਤੇ ਬਾਦਲਾਂ ਦੀ ਮੁੜ ਵਾਪਸੀ ਨਹੀਂ ਚਾਹੁੰਦੇ। ਉਨਾਂ ਨੇ ਸੁੱਚੇ ਦੇ ਗੰਦ ਨੂੰ ਬਾਦਲਾਂ ਦੀ ਜੁੰਮੇਵਾਰੀ ਗਰਦਾਨਿਆ ਹੈ।ਆਮ ਆਦਮੀ ਪਾਰਟੀ ਦਾ ਇਸ ਤਰਾਂ ਹਾਸ਼ੀਏ ‘ਤੇ ਜਾਣਾ ਬੇਹੱਦ ਹੈਰਾਨੀਜਨਕ ਹੈ। ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਇਸ ਪਾਰਟੀ ਨੂੰ ਭੁੱਲੀ ਵਿਸਰੀ ਲਹਿਰ ‘ਚ ਸ਼ਾਮਲ ਕਰ ਚੁੱਕੇ ਹਨ। ਉਹ ਪੰਜਾਬ ਲਈ ਕਿਸੇ ਨਵੇਂ ਨਰੋਏ ਬਦਲਾਅ ਦੀ ਤਵੱਕੋਂ ਕਰਨ ਲੱਗ ਪਏ ਹਨ। ਇਹ ਵੀ ਸਾਫ਼ ਹੋ ਗਿਆ ਹੈ ਕਿ ਮੁਕਾਬਲੇ ‘ਚ ਆਉਣ ਲਈ ਮੁਕਾਬਲੇ ‘ਚ ਦਿਖਣਾ ਵੀ ਚਾਹੀਦਾ ਹੈ। ਬਿਨਾਂ ਸ਼ੱਕ ”ਉੱਤਰ ਕਾਟੋ, ਮੈਂ ਚੜਾਂ” ਦੀ ਵੋਟ ਖੇਡ ਪੰਜਾਬੀਆਂ ਲਈ ਖ਼ਤਰਨਾਕ ਸਾਬਤ ਹੋ ਰਹੀ ਹੈ। ਇਹ ਪੰਜਾਬ ‘ਚ ਭ੍ਰਿਸ਼ਟ ਸਿਆਸਤ ਨੂੰ ਉਤਸ਼ਾਹਿਤ ਕਰ ਰਹੀ ਹੈ। ਜਦੋਂ ਤੱਕ ਲੋਕ ਹਰ ਮਾੜੀ ਧਿਰ ਨੂੰ ਧੋਬੀ ਪਟਕਾ ਨਹੀਂ ਮਾਰਦੇ, ਆਪਣੀ ਪੱਕੀ ਰਾਜਸੀ ਸੂਝ ਦਾ ਸਬੂਤ ਪੇਸ਼ ਨਹੀਂ ਕਰਦੇ, ਉਦੋਂ ਤੱਕ ਨਤੀਜੇ ਤੋਂ ਬਾਅਦ ਥੋੜੀ ਰਾਹਤ ਤੇ ਵੱਡੀ ਨਿਰਾਸ਼ਤਾ ਹੁੰਦੀ ਰਹੇਗੀ। ਬਿਨਾਂ ਸ਼ੱਕ ਭਾਜਪਾ ਨੂੰ ਸਬਕ ਸਿਖਾਉਣਾ ਜ਼ਰੂਰੀ ਸੀ। ਪ੍ਰੰਤੂ ਜਿਸ ਕਾਂਗਰਸ ਨੇ 6 ਮਹੀਨੇ ਪਹਿਲਾਂ ਲੋਕਾਂ ਨਾਲ ਝੂਠੇ ਚੋਣ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਸੀ, ਉਸਨੂੰ ਵੀ ਧੋਖੇ ਦੀ ਸਜ਼ਾ ਦੇਣੀ ਬਣਦੀ ਸੀ। ਵੋਟਰ ਨੂੰ ਜਾਗਰੂਕ ਕਰਨਾ ਅਤੇ ”ਨੋਟਾ” ਦੇ ਬਟਨ ਦੀ ਮਹੱਤਤਾ ਦੱਸਣੀ ਹੁਣ ਬਹੁਤ ਜ਼ਰੂਰੀ ਹੋ ਗਈ। ਅਸੀਂ ਸਮਝਦੇ ਹਾਂ ਕਿ ‘ਨੋਟਾ ਦਾ ਬਟਨ’ ਹੀ ਇੱਕੋ-ਇੱਕ ਅਜਿਹਾ ਬ੍ਰਹਮਅਸਤਰ ਹੈ ਜਿਹੜਾ ਭ੍ਰਿਸ਼ਟ ਸਿਆਸਤਦਨਾਂ ਤੇ ਲੋਕਾਂ ਨਾਲ ਬੇਵਫ਼ਾਈ ਕਰਨ ਵਾਲੀਆਂ ਪਾਰਟੀਆਂ ਨੂੰ ਸਬਕ ਸਿਖਾ ਸਕਦਾ ਹੈ। ਜਦੋਂ ਗੁਰਦਾਸਪੁਰ ਦੀ ਜਿਮਨੀ ਚੋਣ ਲੜ ਰਹੀਆਂ ਸਾਰੀਆਂ ਪਾਰਟੀਆਂ ਇਸ ਯੋਗ ਨਹੀਂ ਸਨ ਕਿ ਉਨਾਂ ‘ਤੇ ਭਰੋਸਾ ਪ੍ਰਗਟਾਇਆ ਜਾ ਸਕੇ। ਫ਼ਿਰ ”ਨੋਟਾ ਦੇ ਬਟਨ” ਨੂੰ ਸਭ ਤੋਂ ਵੱਧ ਦਬਾ ਕੇ ਇਨਾਂ ਸਿਆਸੀ ਧਿਰਾਂ ਨੂੰ ਵੱਡਾ ਸਬਕ ਸਿਖਾਉਣ ਤੇ ਕਰਾਰੀ ਚਪੇੜ ਮਾਰਨ ਦਾ ਢੁੱਕਵਾਂ ਮੌਕਾ ਸੀ।ਅਕਾਲੀ-ਭਾਜਪਾ ਨੂੰ ਉਨਾਂ ਦੀ ਔਕਾਤ ਪਤਾ ਲੱਗ ਜਾਂਦੀ ਤੇ ਕਾਂਗਰਸ ਨੂੰ ਵੀ ਲੋਕਾਂ ਨਾਲ ਝੂਠੇ ਵਾਅਦੇ ਕਰਨ ਦਾ ਕੌੜਾ ਸੁਆਦ ਚੱਖਣਾ ਪੈ ਜਾਂਦਾ। ਖ਼ੈਰ! ਜਿਹੜਾ ਫੈਸਲਾ ਗੁਰਦਾਸਪੁਰ ਦੇ ਵੋਟਰਾਂ ਨੇ ਕਰ ਦਿੱਤਾ ਹੈ, ਉਹ ਵੀ ਵੱਡੇ ਸਬਕ ਸਿਖਾਉਦਾ ਹੈ, ਜੇ ਕੋਈ ਸਿੱਖਣਾ ਚਾਹਵੇ ਤਾਂ। ਕਾਂਗਰਸ ਦਾ ਉਮੀਦਵਾਰ ਭਾਵੇਂ 2 ਕੁ ਲੱਖ ਵੋਟਾਂ ਨਾਲ ਜਿੱਤ ਗਿਆ ਪ੍ਰੰਤੂ ਉਸਨੂੰ ਕੁੱਲ 15 ਕੁ ਲੱਖ ਵੋਟਾਂ ‘ਚੋਂ ਸਿਰਫ਼ 5 ਕੁ ਲੱਖ ਵੋਟਾਂ ਮਿਲੀਆਂ ਹਨ। ਜਿਸ ਦਾ ਸਿੱਧਾ-ਸਿੱਧਾ ਅਰਥ ਹੈ ਕਿ 67% ਵੋਟਰ ਕਾਂਗਰਸ ਦੇ ਵਿਰੋਧੀ ਹਨ। 6 ਮਹੀਨਿਆਂ ‘ਚ ਜਿਸ ਸਰਕਾਰ ਵਿਰੁੱਧ ਐਨੇ ਫ਼ੀਸਦੀ ਲੋਕ ਡਟੇ ਖੜੇ ਹਨ, ਫ਼ਿਰ ਉਸਦੀ ਸੂਬੇ ‘ਚ ਕਿੰਨੀ ਕੁ ਹਰਮਨਪਿਆਰਤਾ ਹੈ? ਉਸਦਾ ਅੰਦਾਜ਼ਾ ਬਾਖ਼ੂਬੀ ਲਾਇਆ ਜਾ ਸਕਦਾ ਹੈ। ਕਾਂਗਰਸ ਲਈ ਸਬਕ ਹੈ ਕਿ ਉਹ ਜਿੱਤੀ ਨਹੀਂ, ਅਕਾਲੀ-ਭਾਜਪਾ ਗਠਜੋੜ ਦੀਆਂ ਮਾੜੀਆਂ ਨੀਤੀਆਂ ਅਤੇ ਗੰਦ ਹਾਰਿਆ ਹੈ। 10 ਸਾਲ ਸੂਬੇ ‘ਚ ਰਾਜ ਕਰਨ ਵਾਲੀ ਤੇ ਕੇਂਦਰ ‘ਚ ਰਾਜ ਕਰ ਰਹੇ ਅਕਾਲੀ-ਭਾਜਪਾ ਗਠਜੋੜ ਨੂੰ 15 ਲੱਖ ਵੋਟਾਂ ‘ਚੋਂ ਸਿਰਫ਼ 3 ਕੁ ਲੱਖ ਵੋਟਾਂ ਮਿਲਣੀਆਂ ਸਾਫ਼ ਕਰਦੀਆਂ ਹਨ ਕਿ ਪੰਜਾਬ ਦੇ ਲੋਕ ਉਨਾਂ ਨੂੰ ਹੁਣ ਹੋਰ ਬਰਦਾਸ਼ਤ ਕਰਨ ਲਈ ਤਿਆਰ ਨਹੀਂ।ਸਿਆਸਤ ‘ਚ ਇਕ ਵਾਰ ਗ਼ਲਤੀ ਕਰ ਲੈਣ ਵਾਲੇ ਦੇ ਫ਼ਿਰ ਪੈਰ ਨਹੀਂ ਲੱਗਦੇ। ਇਹ ਸੁਨੇਹਾ ਹੈ ਆਮ ਆਦਮੀ ਪਾਰਟੀ ਲਈ। ਲੰਗਾਹ ਦੇ ਗੰਦ ਦਾ ਪ੍ਰਭਾਵ ਉਸਦੇ ਹਲਕੇ ‘ਚ ਵੇਖਿਆ ਜਾ ਸਕਦਾ ਹੈ ਕਿ ਉਸਦੇ ਹਲਕੇ ‘ਚ ਕਾਂਗਰਸ ਨੂੰ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਨਾਲੋਂਂ ਢਾਈ ਗੁਣਾ ਵੱਧ ਵੋਟਾਂ ਪੈਂਦੀਆਂ ਹਨ। ਇਸ ਤਰਾਂ ਬਾਦਲ ਦੇ ਵੱਡੇ-ਵੱਡੇ ਜਰਨੈਲਾਂ ਦੇ ਹਲਕਿਆਂ ‘ਚ ਵੀ ਭਾਜਪਾ ਨੂੰ, ਕਾਂਗਰਸ ਨਾਲੋਂ ਅੱਧੀਆਂ ਵੋਟਾਂ ਹੀ ਮਿਲੀਆਂ ਹਨ। ਭਾਵੇਂ ਕਿ ਗੁਰਦਾਸਪੁਰ ਜਿਮਨੀ ਚੋਣ ਨੇ ਦੇਸ਼ ਦੀ ਸਰਕਾਰ ਦੀ ਸਥਿਰਤਾ ‘ਤੇ ਕੋਈ ਪ੍ਰਭਾਵ ਨਹੀਂ ਪਾਉਣਾ। ਪ੍ਰੰਤੂ ਇਸ ਨਤੀਜੇ ਨਾਲ ਕਾਂਗਰਸ ਨੂੰ ਦੇਸ਼ ਭਰ ‘ਚ ਆਕਸੀਜਨ ਮਿਲੇਗੀ। ਰਾਹੁਲ ਗਾਂਧੀ ਦਾ ਕਾਂਗਰਸ ਦਾ ਪ੍ਰਧਾਨ ਬਣਨਾ ਪੱਕਾ ਹੋ ਗਿਆ ਹੈ ਤੇ ਭਾਜਪਾ ਲਈ ਗੁਜਰਾਤ ‘ਚ ਖ਼ਤਰੇ ਦੀ ਘੰਟੀ ਖੜਕ ਗਈ ਹੈ। ਇਸ ਨਤੀਜੇ ਨੇ ਪੰਜਾਬ ਦੀ ਸਿਆਸਤ ‘ਚ ਬਾਦਲ ਦੇ ਬਦਲ ਵਜੋਂ ਸਾਂਝੀ ਪੰਥਕ ਧਿਰ ਦੀ ਲੋੜ ਇਕ ਵਾਰ ਫ਼ਿਰ ਦੁਹਰਾਈ ਹੈ। ਕਿਉਂਕਿ ਸਿੱਖ ਪੰਥ ਹੁਣ ਬਾਦਲਾਂ ਨੂੰ ਕਿਸੇ ਵੀ ਕੀਮਤ ‘ਤੇ ਮਾਫ਼ ਕਰਨ ਲਈ ਤਿਆਰ ਨਹੀਂ ਹੈ। ਪੰਜਾਬ ‘ਚ ਜੇ ਲੋਕਾਂ ਨਾਲ ਜੁੜੇ, ਸਾਰੀਆਂ ਧਿਰਾਂ ‘ਚ ਬੈਠੇ ਸਾਫ਼ ਅਕਸ ਵਾਲੇ ਆਗੂ ਇੱਕ ਪਲੇਟਫਾਰਮ ‘ਤੇ ਇਕੱਠੇ ਹੋ ਜਾਣ ਤਾਂ ਨਵਾਂ ਇਤਿਹਾਸ ਲਿਖਿਆ ਜਾਣਾ ਸ਼ੁਰੂ ਹੋ ਸਕਦਾ ਹੈ। ਅਗਾਮੀ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ‘ਚ ‘ਨੋਟਾ’ ਬਟਨ ਦੀ ਵਰਤੋਂ ਵਧੇਗੀ। ਇਹ ਵੀ ਇਸ ਨਤੀਜੇ ਦਾ ਸੰਕੇਤ ਹੈ।