ਸੌਦਾ ਸਾਧ ਦਾ ਕੁਰਬਾਨੀ ਦਲ

-ਜਸਵੰਤ ਸਿੰਘ ਨਲਵਾ

ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ 23ਵਾਂ ਪੁਸਤਕ ਮੇਲਾ ਲੱਗਾ ਹੋਇਆ ਸੀ। ਹਰ ਵਰ੍ਹੇ ਦੀ ਤਰ੍ਹਾਂ ਮੈਨੂੰ ਵੀ ਪੁਸਤਕ ਪ੍ਰੇਮ ਇਸ ਮੇਲੇ ਵਿਚ ਲੈ ਗਿਆ। ਵੱਖ-ਵੱਖ ਮੁਲਕਾਂ ਦੇ ਸਟਾਲਾਂ ਤੋਂ ਛੁੱਟ ਸਾਡੇ ਮਹਾਨ ਭਾਰਤ ਦੇਸ਼ ਦੇ ਸਟਾਲਾਂ ਤੋਂ ਵੀ ਪੁਸਤਕ ਪ੍ਰੇਮੀ ਪੁਸਤਕਾਂ ਖ਼ਰੀਦ ਰਹੇ ਸਨ। ਕਈ-ਕਈ ਨੰਬਰਾਂ ਅਤੇ ਦੂਰ-ਨੇੜੇ ਦੀਆਂ ਐਨਕਾਂ ਲਾ ਕੇ ਪੰਜਾਬ ਦੇ ਪੰਜਾਬੀ ਸਟਾਲ ਦੀ ਭਾਲ ਕੀਤੀ ਗਈ, ਪਰ ਪੱਲੇ ਪਈ ਨਿਰਾਸ਼ਾ।ਖ਼ੈਰ, ਪੁਸਤਕ ਮੇਲੇ ਵਿਚ ਕਈ ਡੇਰੇਦਾਰਾਂ ਨੇ ਵੀ ਡੇਰੇ ਜਮਾਏ ਹੋਏ ਸਨ। ਹਰ ਡੇਰੇ ਤੇ ਨੌਜਵਾਨ ਬੀਬੀਆਂ ਆਏ-ਗਏ ਨੂੰ ਆਪੋ-ਅਪਣੇ ‘ਮਹਾਰਾਜ ਜੀ’, ‘ਬਾਪੂ ਜੀ’, ‘ਪਿਤਾ ਜੀ’, ‘ਗੁਰੂ ਜੀ’, ‘ਸਵਾਮੀ ਜੀ’, ‘ਮਾਲਕ’ ਆਦਿ ਦੇ ਵਿਚਾਰਾਂ ਤੋਂ ਜਾਣੂ ਕਰਵਾ ਰਹੀਆਂ ਸਨ। ਵਿਸ਼ੇਸ਼ ਇਹ ਕਿ ਸੱਭੇ ਮੁਫ਼ਤੋ-ਮੁਫ਼ਤ ਸੀ.ਡੀ., ਸਬੰਧਤ ਪੁਸਤਕਾਂ ਵੀ ਵੰਡ ਰਹੀਆਂ ਸਨ। ਡੇਰੇਦਾਰਾਂ ਦੇ ਸਟਾਲਾਂ ਵਿਚੋਂ ਇਕ ਸੀ ਸੁਰਖ਼ੀਆਂ ‘ਚ ਆਏ ਅੱਜ ਦੇ ਬਲਾਤਕਾਰੀ ਸੌਦਾ ਸਾਧ ਦਾ ਸਟਾਲ। ਬੀਬੀਆਂ ਨੇ ਸਾਧ ਦੀ ਆਦਮ ਕੱਦ ਅਤੇ ਇਕ ਵਿਸ਼ੇਸ਼ ਕਿਸਮ ਦੇ ਮੋਟਰਸਾਈਕਲ ਉਤੇ ਸਵਾਰ, ਵਿਸ਼ੇਸ਼ ਕਿਸਮ ਦੀ ਵਰਦੀ ਪਾਈ ਸਾਧ ਦੀ ਤਸਵੀਰ ਸ਼ੀਸ਼ੇ ਦੀ ਅਲਮਾਰੀ ਵਿਚ ਪ੍ਰਦਰਸ਼ਿਤ ਕੀਤੀ ਹੋਈ ਸੀ। ਹਾਲਾਂਕਿ ਮੈਨੂੰ ਪਤਾ ਸੀ ਕਿ ਇਹ ਢੋਂਗੀ ਸਾਧ ਹੈ, ਫਿਰ ਵੀ ਪੁਛਿਆ ਗਿਆ, ”ਕਾਲੀਆਂ ਐਨਕਾਂ, ਖਿੱਲਰੇ ਵਾਲ, ਸੋਨੇ ਵਿਚ ਮੜ੍ਹਿਆ ਚੋਲੇ ਵਾਲਾ ਇਹ ਮੋਟਰਸਾਈਕਲ ਸਵਾਰ ਕੌਣ ਹੈ?” ਪੰਜ-ਸੱਤ ਬੀਬੀਆਂ ਇਕ ਸੁਰ ਬੋਲੀਆਂ, ”ਸਾਡੇ ਮਾਲਕ, ਸਾਡੇ ਸਵਾਮੀ! ਸੱਚੇ ਸੌਦੇ ਵਾਲੇ ਗੁਰੂ ਮਹਾਰਾਜ ਜੀ। ਕੌਤਕ ਰੱਚ ਰਹੇ ਹਨ।”ਉਨ੍ਹਾਂ ਦੀ ਅੰਨ੍ਹੀ ਸ਼ਰਧਾ ਤੇ ਮੈਂ ਠੋਕਵੀਂ ਸੱਟ ਮਾਰੀ, ”ਮੈਨੂੰ ਗੁਰੂ ਵਾਲਾ ਕੋਈ ਗੁਣ ਨਜ਼ਰ ਨਹੀਂ ਆਇਆ ਤੁਹਾਡੇ ਮਾਲਕ ਵਿਚ। ਇਹ ਤਸਵੀਰਾਂ ਜੋਕਰ ਦਾ ਭੁਲੇਖਾ ਜ਼ਰੂਰ ਪਾਉਂਦੀਆਂ ਹਨ। ਗੁਰੂ ਸ਼ਬਦ ਵਰਤ ਕੇ ਗੁਰੂ ਪਦਵੀ ਦੀ ਤੌਹੀਨ ਨਹੀਂ ਕਰਨੀ ਚਾਹੀਦੀ।” ਮੇਰੇ ਮੂੰਹ ਦੇ ਸ਼ਬਦ ਮੂੰਹ ਵਿਚ ਹੀ ਸਨ ਕਿ ਅੱਠ-ਦੱਸ ਮੁੰਡੇ ਮੇਰੇ ਕੋਲ ਆਏ, ਕਹਿਣ ਲੱਗੇ, ”ਸਰਦਾਰਾ, ਜਿਥੇ ਮਰਜ਼ੀ ਧੱਕੇ ਖਾਉ, ਓੜਕ ਮਹਾਰਾਜ ਜੀ….।” ਉਨ੍ਹਾਂ ਦੇ ਕਹਿਣ ਦਾ ਭਾਵ ਸੀ ਕਿ ਗੁਰਦਵਾਰੇ ਆਦਿ ਤੋਂ ਮਹਾਰਾਜ ਜੀ ਦਾ ਰੁਤਬਾ ਕਿਤੇ ਉੱਚਾ, ਕਿਤੇ ਪਵਿੱਤਰ ਤੇ ਵੱਧ ਪੂਜਣਯੋਗ ਹੈ! ਅਣਭੋਲ ਸਿੱਖੋ! ਇਹੀ ਤਾਂ ਸਨ ਸੌਦਾ ਸਾਧ ਦੀ ਫ਼ੌਜ ਦੇ ਕੁਰਬਾਨੀ ਦਲ ਵਾਲੇ।
ਇਕ ਹੋਰ ਕਾਲੀ ਕਰਤੂਤ ਕੁਰਬਾਨੀ ਦਲੀਆਂ ਦੀ ਮੇਰੇ ਪਿੰਡ ਤੋਂ ਥੋੜੀ ਦੂਰ ਖ਼ਾਨਪੁਰ ਕੌਲੀਆਂ ਪਿੰਡ ਵਿਚ ਵਾਪਰੀ। ਇਥੋਂ ਦੀ ਇਕ ਕੁੜੀ ਸੌਦਾ ਸਾਧ ਦੇ ਬਲਾਤਕਾਰ ਦੀ ਸ਼ਿਕਾਰ ਹੋਈ। ਭਿਣਕ ਪੈਣ ਤੇ ਇਸ ਦੇ ਭਰਾ ਨੂੰ ਬਲਾਤਕਾਰੀ ਨੇ ਗੁੰਡਿਆਂ ਤੋਂ ਮਰਵਾ ਦਿਤਾ। ਵਾਪਰੀ ਘਟਨਾ ਤੋਂ ਕੁੱਝ ਦਿਨ ਬਾਅਦ ਇਸ ਲੇਖਕ ਨੇ ਦੁਖੀ ਪ੍ਰਵਾਰ ਨਾਲ ਦੁੱਖ ਸਾਂਝਾ ਕੀਤਾ। ਲੜਕੀ ਦੇ ਪਿਤਾ ਦਾ ਅੰਦਰਲਾ ਦੁੱਖ ਬਾਹਰ ਆਇਆ, ”ਸਰਦਾਰ ਜੀ! ਮੇਰਾ ਘਰ ਤਬਾਹ ਹੋ ਗਿਆ। ਨਤੀਜਾ ਭੁਗਤ ਰਿਹਾ ਹਾਂ ਅੰਨ੍ਹੀ ਸ਼ਰਧਾ ਦਾ ਮੈਂ। ਪਰ ਤੁਹਾਡੀ ਅਕਾਲੀ ਜੁੰਡਲੀ, ਤੁਹਾਡੀ ਅਕਾਲੀ (ਸ਼੍ਰੋਮਣੀ) ਕਮੇਟੀ ਵੀ ਤਬਾਹ ਹੋਵੇ, ਇਹ ਦਿਨ ਵੇਖਣ ਵਾਸਤੇ ਜ਼ਿੰਦਾ ਹਾਂ ਮੈਂ। ਆਏ ਹੋ ਤਾਂ ਇਕ ਅਹਿਸਾਨ ਕਰ ਜਾਉ। ਪਿੰਡ ਵਿਚ ਹੀ ਮੇਰਾ ਗੁਰਭਾਈ (ਬਲਾਤਕਾਰੀ ਦਾ ਸ਼ਰਧਾਲੂ) ਹੈ। ਉਸ ਨੂੰ ਸਮਝਾਉ, ਸੰਭਲ ਜਾਏ। ਕਿਤੇ ਮੇਰੇ ਵਾਂਗੂ….।” ਉਹ ਭੁੱਬਾਂ ਮਾਰ-ਮਾਰ ਰੋ ਪਿਆ। ਪੀੜਤ ਪ੍ਰਵਾਰ ਦੇ ਕਹਿਣ ਤੇ ਮੈਂ ਸਾਧ ਦੇ ਸੇਵਕ ਦੇ ਘਰ ਗਿਆ। ਚੌਧਰੀ ਨੂੰ ਟੋਹਿਆ, ”ਤੁਹਾਡੇ ਪਿੰਡ ਦਾ ਪੁੱਤਰ-ਧੀ, ਇਨ੍ਹਾਂ ਨੂੰ ਅਪਣਾ ਹੀ ਪੁੱਤਰ ਧੀ ਸਮਝੋ। ਜੋ ਇਨ੍ਹਾਂ ਨਾਲ ਮਾੜੀ ਹੋਈ, ਸਾਰੇ ਪਿੰਡ, ਸਾਰੇ ਇਲਾਕੇ ਦੀ ਇਜ਼ਤ ਉਤੇ ਧੱਬਾ ਲੱਗਾ। ਸੱਭ ਦੀ ਅਣਖ ਨੂੰ ਵੰਗਾਰਿਆ ਗਿਆ। ਇਹ ਨਾ ਹੋਵੇ ਕਿ ਕਲ ਨੂੰ ਕੋਈ ਅਣਹੋਣੀ… …।” ਉਸ ਨੇ ਮੈਨੂੰ ਘੂਰਿਆ, ਝਿੜਕਿਆ ਸੂਈ ਕੁੱਤੀ ਵਾਂਗੂ ਵੱਢਣ ਨੂੰ ਪਿਆ। ਮੇਰੇ ਪੈਰਾਂ ਹੇਠਲੀ ਜ਼ਮੀਨ ਗ਼ਰਕ ਹੁੰਦੀ ਜਾਪੀ ਮੈਨੂੰ। ਉਸ ਜ਼ਮੀਰ ਮਰੇ ਬੰਦੇ ਦੇ ਬੋਲ ਸੁਣੇ, ”ਉਹ ਤਾਂ ਦੂਰ ਦੇ ਰਿਸ਼ਤੇ ਤੋਂ ਮੇਰੀ ਭਤੀਜੀ ਸੀ। ਮੇਰੀ… … ਅਪਣੀ… … ਲੜਕੀ… …ਤਾਂ ਵੀ… … ਅਪਣੇ ਸਤਿਗੁਰੂ… … ਤਾਰਨਹਾਰ…।” ਹੁਣ ਮੈਨੂੰ ਕੋਈ ਜਵਾਬ ਨਹੀਂ ਸੀ ਅਹੁੜ ਰਿਹਾ ਪਰ ਆਤਮਾ ਤੜਫੀ ਅਤੇ ਕੁਰਲਾਈ। ਇਸ ਖ਼ਿੱਤੇ ਦੀ ਧਰਤੀ ਤੋਂ ਬਾਬਰਾਂ, ਨਾਦਰਾਂ, ਅਬਦਾਲੀਆਂ ਵਲੋਂ ਉਧਾਲੀਆਂ ਗਈਆਂ ਧੀਆਂ-ਭੈਣਾਂ ਸਿਰਲੱਥ ਯੋਧਿਆਂ ਨੇ ਮੁਕਤ ਕਰਵਾਈਆਂ। ਮਾਪਿਆਂ ਦੇ ਹਵਾਲੇ ਕੀਤੀਆਂ ਸਨ। ਪਰ, ਹਾਅ! ਅੱਜ ਉਹੀ ਮਾਪੇ ਐਨੇ ਬੇਗ਼ੈਰਤ? ਧੀਆਂ ਦੀ ਪੱਤ ਡੇਰੇਦਾਰ ਦੇ ਪੈਰਾਂ ਹੇਠ? ਤੋਬਾ! ਤੋਬਾ!
ਅਣਭੋਲ ਸਿੱਖੋ! ਇਹੀ ਬੇਗ਼ੈਰਤ ਲੋਕ ਸੌਦਾ ਸਾਧ ਦੇ ਕੁਰਬਾਨੀ ਦਲ ਵਾਲੇ ਸਨ। ਅੱਜ ਦੁਹਾਈ ਦਿਤੀ ਜਾ ਰਹੀ ਹੈ ਇਨ੍ਹਾਂ ਦੀ ਘਰ ਵਾਪਸੀ ਦੀ। ਕੌਣ ਨਹੀਂ ਜਾਣਦਾ ਸਲਾਬਤਪੁਰਾ ਦੇ ਗੁੰਡਿਆਂ ਨੂੰ? ਕਿਸ ਨੂੰ ਭੁੱਲਿਆ ਹੈ ਕਿ ਇਹ ਲੋਕ ਪਵਿੱਤਰ ਬਾਣੀ ਦੀ ਬੇਅਦਬੀ ਵਿਚ ਜੁਟੇ ਰਹੇ ਹਨ? ਕਿਸ ਨੂੰ ਨਹੀਂ ਗਿਆਨ ਕਿ ਇਹ ਬਦਮਾਸ਼ ਨਾਮ ਚਰਚਾ ਦੇ ਨਾਂ ਤੇ ਪੰਜਾਬ ਵਿਚ ਅੱਗ ਦੇ ਭਾਂਬੜ ਮਚਾਉਂਦੇ ਰਹੇ। ਉਨ੍ਹਾਂ ਮਾਵਾਂ, ਉਨ੍ਹਾਂ ਭੈਣਾਂ ਨੂੰ ਪੁੱਛੋ, ਜਿਨ੍ਹਾਂ ਦੇ ਜਵਾਨ ਪੁੱਤਰ/ਭਰਾ ਬਰਗਾੜੀ ਦੇ ਭਾਂਬੜ ਵਿਚ ਸ਼ਹੀਦ ਕਰ ਦਿਤੇ ਗਏ। ਕੀ ਬਲਾਤਕਾਰੀ ਸਾਧ ਦੇ ਜੇਲ ਜਾਣ, ਕੀ ਅੱਯਾਸ਼ੀ ਦੇ ਡੇਰਿਉਂ ਬਾਹਰ ਧੱਕੇ ਸਿਰਫਿਰੇ ਇਹ ਲੋਕ ਦੁੱਧ ਧੋਤੇ ਹੋ ਗਏ ਹਨ? ਧਰਤੀ ਤੇ ਡਿੱਗਾ ਚਿੜੀ ਦਾ ਬੋਟ ਆਲ੍ਹਣੇ ਵਿਚ ਨਹੀਂ ਠਹਿਰਦਾ। ‘ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ।’ ਸੱਚ ਨਾ ਭੁਲਿਉ। ਪਿੰਡ-ਪਿੰਡ ਵਿਚ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਹੀ ਲੋਕ ਸਨ। ਕੋਈ ਸ਼ੱਕ-ਸ਼ੁਬਾ ਨਹੀਂ, ਕਲ ਨੂੰ ਇਹੀ ਕੁਰਬਾਨੀ ਦਲ ਵਾਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਵੀ ਢਾਹ ਲਾਉਣਗੇ। ਅਬਦਾਲੀ ਵਾਲਾ ਇਤਿਹਾਸ ਦੁਹਰਾਉਣ ਦੀਆਂ ਸਾਜ਼ਸ਼ਾਂ ਘੜੀਆਂ ਜਾ ਰਹੀਆਂ ਹਨ। ਸੰਭਲੋ! ਪੰਚਕੂਲਾ ਤੋਂ ਸੱਚਖੰਡ ਬਹੁਤੀ ਦੂਰ ਨਹੀਂ। ਵੇਖਣਾ, ਗੁਰੂ ਰਾਮਦਾਸ ਦਾ ਘਰ ਅੱਠ ਕਰੋੜ ਦੀ ਸੁਪਾਰੀ ਦੀ ਭੇਟ ਨਾ ਚੜ੍ਹ ਜਾਵੇ। ਪਲ ਦੀ ਵਿਛੁੰਨੀ ਸੌ ਕੋਹ ਤੇ ਜਾ ਪਈ ਸੀ। ਸਮੇਂ ਦੀ ਨਬਜ਼ ਪਛਾਣੋ, ਡੇਰੇਦਾਰਾਂ ਤੋਂ ਪਿੱਛਾ ਛੁਡਾਉਂਦੇ-ਛੁਡਾਉਂਦੇ ਜਥੇਦਾਰਾਂ ਦੀ ਕੁੜਿੱਕੀ ਵਿਚ ਗਿੱਚੀ ਨਾ ਫਸਾ ਬੈਠਣਾ। ਐਨੀ ਕੁ ਅਰਜ਼ ਹੈ। ‘ਸੱਪੈ ਦੁੱਧ ਪਿਆਲੀਐ ਵਿਹੁ ਮੁਖ ਤੇ ਸੁੱਟੇ’ ਬਹੁਤ ਕੁੱਝ ਕਹਿੰਦੀ ਹੈ ਇਹ ਕਹਾਵਤ।