ਸਿੱਧੂ ਸਾਬ! ਹਵਾ ਵਿਚ ਛੱਕੇ ਨਾ ਮਾਰੋ…

ਜਸਪਾਲ ਸਿੰਘ ਹੇਰਾਂ
ਪੰਜਾਬ ਦੇ ਵਡਬੋਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪੁਲਿਸ ਨੂੰ ਚਲਾਉਣ ਵਾਲੇ ਗ੍ਰਹਿ ਵਿਭਾਗ ਦੀ ਮੰਗ ਕਰਕੇ ਇਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਉਨਾਂ ਪਾਸੋਂ ਗ੍ਰਹਿ ਵਿਭਾਗ ਦੀ ਮੰਗ ਕਰਕੇ ਜਿਥੇ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਤਰਾਂ ਚੁਣੌਤੀ ਦਿੱਤੀ ਗਈ ਹੈ, ਉਥੇ ਪੰਜਾਬ ਦੀ ਵਰਤਮਾਨ ਰਾਜਸੀ ਦਿਸ਼ਾ ਦਾ ਵੀ ਬਾਖੂਬੀ ਬਿਆਨ ਕਰ ਦਿੱਤਾ ਹੈ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਨਵਜੋਤ ਸਿੱਧੂ ਪੁਲਿਸ ਵਿਭਾਗ ਆਪਣੇ ਅਧੀਨ ਕਰਕੇ ਆਖ਼ਰ ਕਰਨਾ ਕੀ ਚਾਹੁੰਦੇ ਹਨ ਅਤੇ ਜੋ ਉਹ ਚਾਹੁੰਦੇ ਹਨ ਕੀ ਉਸ ਨੂੰ ਪੂਰਾ ਕਰ ਸਕਣਗੇ? ਪੁਲਿਸ ਵਿਭਾਗ ਵਿਚ ਫੈਲਿਆ ਭ੍ਰਿਸ਼ਟਾਚਾਰ ਕਿਸੇ ਤੋਂ ਲੁਕਿਆ ਨਹੀਂ ਹੈ। ਕੈਪਟਨ ਦੇ ਰਾਜ ਵਿਚ ਪੰਜਾਬ ਪੁਲਿਸ ਪੂਰੀ ਤਰਾਂ ਬੇਲਗਾਮ ਹੋ ਚੁੱਕੀ ਹੈ, ਜਿਸ ਕਾਰਨ ਪੰਜਾਬ ਵਿਚ ਇਸ ਸਮੇਂ ਕੈਪਟਨ ਦਾ ਨਹੀਂ ਸਗੋਂ ਪੁਲਿਸ ਦਾ ਰਾਜ ਵਿਖਾਈ ਦੇ ਰਿਹਾ ਹੈ। ਹਰ ਛੋਟਾ-ਵੱਡਾ ਕਾਂਗਰਸੀ ਆਗੂ ਵੀ ਆਮ ਗੱਲਬਾਤ ਵਿਚ ਇਸ ਹਕੀਕਤ ਨੂੰ ਪ੍ਰਵਾਨ ਕਰਦਾ ਹੈ। ਪੰਜਾਬ ਵਿਚ ਨਸ਼ਿਆਂ ਨੂੰ ਸਿਰਫ਼ 4 ਹਫ਼ਤਿਆਂ ਵਿਚ ਖ਼ਤਮ ਕਰਨ ਦੀ ਸਹੁੰ ਚੁੱਕੀ ਗਈ ਸੀ, ਉਹ ਸਹੁੰ ਪੂਰੀ ਨਹੀਂ ਹੋ ਸਕੀ। ਅੱਜ ਵੀ ਪੰਜਾਬ ਵਿਚ ਨਸ਼ਾ ਅਤੇ ਰੇਤ ਮਾਫੀਆਂ ਲੋਕਾਂ ਦੀ ਅੰਨੀ ਲੁੱਟ ਖਸੁੱਟ ਕਰ ਰਿਹਾ ਹੈ। ਨਸ਼ਾ ਵੀ ਪਹਿਲਾ ਵਾਂਗੂ ਆਮ ਮਿਲਦਾ ਹੈ। ਪ੍ਰੰਤੂ ਬਾਦਲਾਂ ਦੇ ਰਾਜ ਵੇਲੇ ਨਾਲੋਂ ਦੁੱਗਣੇ ਭਾਅ ਉਤੇ ਮਿਲਣ ਲੱਗ ਪਿਆ ਹੈ। ਹੁਣ ਜਦੋਂ ਨਵਜੋਤ ਸਿੱਧੂ ਨੇ ਪੁਲਿਸ ਵਿਭਾਗ ਖੁਦ ਲਈ ਮੰਗ ਲਿਆ ਹੈ ਤਾਂ ਉਸ ਨੂੰ ਪੰਜਾਬ ਦੇ ਲੋਕਾਂ ਅੱਗੇ ਇਹ ਸੱਚ ਵੀ ਬੋਲਣਾ ਚਾਹੀਦਾ ਹੈ ਕਿ ਆਖ਼ਰ ਉਹ ਇਹ ਮੰਗ ਕਿਉਂ ਕਰ ਰਿਹਾ ਹੈ?
ਜੇ ਉਸ ਦੀ ਇਹ ਮੰਗ ਪੂਰੀ ਹੋ ਜਾਂਦੀ ਹੈ ਤਾਂ ਉਹ ਕੀ ਕਰੇਗਾ? ਬੁੱਕਲ ਵਿਚ ਗੁੜ ਭੰਨੇ ਤੋਂ ਸਰਨਾ ਨਹੀ। ਕੀ ਨਵਜੋਤ ਸਿੱਧੂ ਅਗਲੇ ਚਾਰ ਹਫ਼ਤਿਆਂ ਵਿਚ ਪੰਜਾਬ ਵਿਚੋਂ ਨਸ਼ੇ ਦਾ ਖ਼ਾਤਮਾ ਕਰ ਦੇਵੇਗਾ? ਕੀ ਪਿਛਲੇ 10 ਸਾਲ ‘ਚ ਜਿਹੜੇ ਬਾਦਲਕਿਆਂ ਨੇ ਨਸ਼ਾ ਮਾਫ਼ੀਏ ਨੂੰ ਸਰਪ੍ਰਸਤੀ ਦਿੱਤੀ ਰੱਖੀ, ਉਨਾਂ ਨੂੰ 4 ਹਫ਼ਤਿਆਂ ਵਿਚ ਜੇਲ ਦੀਆਂ ਸ਼ਲਾਖਾ ਪਿੱਛੇ ਬੰਦ ਕਰ ਸਕੇਗਾ? ਭ੍ਰਿਸ਼ਟ ਪੁਲਿਸ ਜਿਸ ਦੀ ਹਿੱਸਾ ਪੱਤੀ ਕਾਰਨ ਹੀ ਪੰਜਾਬ ਵਿਚ ਮਾਫ਼ੀਆਂ ਲੋਕਾਂ ਦੀ ਲੁੱਟ ਖਸੁੱਟ ਕਰ ਰਿਹਾ ਹੈ, ਉਨਾਂ ਭ੍ਰਿਸ਼ਟ ਅਫ਼ਸਰਾਂ ਦੀ ਖਾਕੀ ਵਰਦੀ ਲਾਹੀ ਜਾਵੇਗੀ? ਦਮਗੱਜੇ ਮਾਰਨੇ ਅਤੇ ਹਕੀਕੀ ਰੂਪਾ ਵਿਚ ਆਪਣੇ ਬੋਲਾਂ ਨੂੰ ਸਿਰੇ ਚੜਾਉਣ ਵਿਚ ਜਮੀਨ ਅਸਮਾਨ ਦਾ ਅੰਤਰ ਹੈ। ਸਿੱਧੂ ਜਿਹੜਾ ਕੱਲ ਤੱਕ ਕੇਬਲ ਮਾਫ਼ੀਏ ਨੂੰ ਨੱਥ ਪਾਉਣ ਦੀ ਅਤੇ ਪੰਜਾਬ ਦੇ ਖ਼ਜ਼ਾਨੇ ਨੂੰ ਲੱਗੇ 20 ਹਜ਼ਾਰ ਕਰੋੜ ਦੇ ਚੂਨੇ ਨੂੰ ਪੂਰਾ ਕਰਵਾਉਣ ਦਾ ਦਾਅਵਾ ਕਰਦੇ ਸਨ, ਆਖ਼ਰ ਉਨਾਂ ਦਾ ਉਹ ਦਾਅਵਾ ਕਿਹੜੇ ਦਬਾਅ ਕਾਰਨ ਹਵਾ ਹੋ ਗਿਆ? ਆਪਣੇ ਵਾਅਦੇ ਅਨੁਸਾਰ ਉਹ ਆਪਣੇ ਵਿਭਾਗ ਵਿਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਨਹੀਂ ਕਰ ਸਕੇ। ਆਖ਼ਰ ਕਿਉਂ? ਮੁੱਖ ਮੰਤਰੀ ਤੋਂ ਉਸ ਕੋਲੋਂ ਉਸ ਦੇ ਵਿਭਾਗ ਨੂੰ ਮੰਗਣਾ ਵੱਡੇ ਅਰਥ ਰੱਖਦਾ ਹੈ।
ਨਵਜੋਤ ਸਿੱਧੂ ਨੇ ਇਕ ਤਰਾਂ ਕੈਪਟਨ ਅਮਰਿੰਦਰ ਨੂੰ ਨਲਾਇਕ ਜਾਂ ਪਹਿਲੀ ਸਰਕਾਰ ਵੇਲੇ ਦੇ ਲੁਟੇਰਿਆਂ ਨਾਲ ਇਸ਼ਾਰਿਆਂ-ਇਸ਼ਾਰਿਆਂ ਵਿਚ ਸਮਝੌਤਾ ਕਰਨ ਵਾਲਾ ਆਖ ਹੀ ਦਿੱਤਾ ਹੈ। ਇਸ ਲਈ ਹੁਣ ਜੇ ਉਸ ਨੇ ਆਪਣੀ ਰਾਜਸੀ ਹੋਂਦ ਦਾ ਕਤਲ ਬਚਾਉਣਾ ਹੈ ਤਾਂ ਉਸ ਨੂੰ ਸੱਚੋ ਸੱਚ ਪੰਜਾਬ ਦੇ ਲੋਕਾਂ ਅੱਗੇ ਬਿਆਨਣਾ ਹੀ ਪਵੇਗਾ। ਪੰਜਾਬ ਪੁਲਿਸ ਦੇ ਗਰਕਣ ਦੇ ਕਾਰਨ ਦੱਸਣੇ ਪੈਣਗੇ ਅਤੇ ਇਹ ਵੀ ਦੱਸਣਾ ਪਵੇਗਾ ਕਿ ਇਸ ਭਿਆਨਕ ਕੈਂਸਰ ਦੀ ਉਸ ਪਾਸ ਆਖ਼ਰ ਦਵਾਈ ਕੀ ਹੈ? ਹੁਣ ਜੁਮਲੇਬਾਜ਼ੀ ਨਾਲ ਕੰਮ ਨਹੀਂ ਚੱਲਣਾ। ਬਿਨਾਂ ਸ਼ੱਕ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀ 6 ਮਹੀਨੇ ਦੀ ਕਾਰਗੁਜ਼ਾਰੀ ਤੋਂ ਅਤੇ ਖਾਸ ਕਰਕੇ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਖਾਧੀ ਸਹੁੰ ਨੂੰ ਪੂਰਾ ਨਾ ਕਰ ਸਕਣ ਕਾਰਨ ਨਰਾਜ਼ ਹਨ। ਅਜਿਹੇ ਸਮੇਂ ਜੇ ਸਿੱਧੂ ਨੇ ਪੰਜਾਬ ਦੇ ਲੋਕਾਂ ਵਿਚ ਮੁੜ ਤੋਂ ਕੋਈ ਆਸ ਉਮੀਦ ਜਗਾਈ ਹੈ ਤਾਂ ਉਸ ਦੀ ਪੂਰਤੀ ਜ਼ਰੂਰ ਕਰਨੀ ਪਵੇਗੀ, ਨਹੀਂ ਤਾਂ ਸਥਿਤੀ ਹੋਰ ਵਿਸਫੋਟਕ ਵੀ ਹੋ ਸਕਦੀ ਹੈ।