ਸਾਰਾਗੜੀ ਤੇ ਅਜੋਕਾ ਸਿੱਖ

ਜਸਪਾਲ ਸਿੰਘ ਹੇਰਾਂ
ਸਿੱਖ ਇਤਿਹਾਸ ਦਾ ਹਰ ਪੰਨਾ ਸ਼ਾਨਾਮੱਤਾ ਹੈ ਅਤੇ ਹਰ ਪੰਨੇ ‘ਚ ਕੁਰਬਾਨੀ, ਬਹਾਦਰੀ, ਦ੍ਰਿੜਤਾ, ਅਡੋਲਤਾ ਸੇਵਾ, ਤਿਆਗ ਦੀ ਉਹ ਜਿੳੂਂਦੀ ਜਾਗਦੀ ਤਸਵੀਰ ਨਜ਼ਰ ਆਉਂਦੀ ਹੈ, ਜਿਸਨੂੰ ਦੇਖ-ਪੜ ਕੇ ਹਰ ਕੋਈ ਅਚੰਭਿਤ ਹੋ ਜਾਂਦਾ ਹੈ ਅਤੇ ਉਸ ਨੂੰ ਯਕੀਨ ਨਹੀਂ ਆਉਂਦਾ ਕਿ ਕੀ ਅਜਿਹਾ ਸੱਚੀਮੁੱਚੀ ਹੋਇਆ ਹੋਵੇਗਾ। ਅੱਜ 12 ਸਤੰਬਰ ਹੈ ਅਤੇ ਇਸ ਦਿਨ ਸਿੱਖਾਂ ਦੀ ਬਹਾਦਰੀ ਦੀਆਂ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਨਾਂ ਦੀ ਉਦਾਹਰਣ ਦੁਨੀਆਂ ਦੇ ਜੰਗੀ ਇਤਿਹਾਸ ‘ਚ ਸਿਵਾਏ ਸਿੱਖੀ ਇਤਿਹਾਸ ਤੋਂ ਕਿਧਰੇ ਨਹੀਂ ਮਿਲਦੀ। ਚਮਕੌਰ ਦੀ ਜੰਗ ‘ਚ 40 ਸਿੰਘਾਂ ਵੱਲੋਂ ਲੱਖਾਂ ਮੁਗ਼ਲ ਫੌਜਾਂ ਦਾ ਟਾਕਰਾ ਕਰਨ ਤੋਂ ਬਾਅਦ ਜੇ ਦੁਨੀਆ ਦੇ ਜੰਗੀ ਇਤਿਹਾਸ ‘ਚ ਹੋਰ ਕੋਈ ਅਸੁਖਾਂਵੀਂ ਜੰਗ ਹੋਈ ਹੈ ਤਾਂ ਉਹ ਹੈ ‘ਸਾਰਾਗੜੀ’ ਦੀ ਜੰਗ, ਜਿਸ ਨੂੰ ਦੁਨੀਆਂ ਦੀਆਂ ਛੇ ਸਭ ਤੋਂ ਅਨੌਖੀਆਂ ਅਤੇ ਅਸੁਖਾਂਵੀਂਆਂ ਜੰਗਾਂ ‘ਚ ਸ਼ਾਮਲ ਕੀਤਾ ਹੋਇਆ ਹੈ।
12 ਸਤੰਬਰ 1897 ਨੂੰ 21 ਸਿੱਖ ਫੌਜੀਆਂ ਨੇ ਜਿਸ ਤਰਾਂ ਕਬਾਇਲੀ ਪਠਾਣਾਂ ਨਾਲ ਟਾਕਰਾ ਕੀਤਾ ਅਤੇ ਆਪਣੀਆਂ ਜਿੰਦਾਂ ਵਾਰ ਕੇ, ਬਹਾਦਰੀ ਦਾ ਜਿਹੜਾ ਨਵਾਂ ਇਤਿਹਾਸ ਸਿਰਜਿਆ, ਉਸਦੀ ਮਿਸਾਲ ਦੁਨੀਆ ‘ਚ ਹੋਰ ਕਿਧਰੇ ਨਹੀਂ ਮਿਲਦੀ। ਸਿੱਖ ਪਲਟਨ ਦੇ 21 ਸਿੱਖ ਫੌਜੀਆਂ ਨੇ ਹਵਾਲਦਾਰ ਈਸ਼ਰ ਸਿੰਘ ਦੀ ਅਗਵਾਈ ‘ਚ ਜਿਸ ਤਰਾਂ ਦ੍ਰਿੜਤਾ ਤੇ ਅਡੋਲਤਾ ਨਾਲ ਮੌਤ ਦੇ ਭੈਅ ਤੋਂ ਬੇਖੌਫ਼ ਹੋ ਕੇ 10 ਹਜ਼ਾਰ ਕਬਾਇਲੀਆਂ ਦਾ ਮੁਕਾਬਲਾ ਕੀਤਾ, ਉਸ ਨਾਲ ਸਿੱਖ ਦੀ ਬਹਾਦਰੀ ਦੀ ਗੂੰਜ ਪੂਰੀ ਦੁਨੀਆ ‘ਚ ਪਈ ਸੀ। ਸਿੱਖ ਕੌਮ ‘ਚ ਕੁਰਬਾਨੀ, ਬਹਾਦਰੀ, ਅਡੋਲਤਾ ਤੇ ਦ੍ਰਿੜਤਾ ਦੇ ਵਿਰਾਸਤੀ ਗੁਣਾਂ ਨੂੰ ਸਾਰਾਗੜੀ ਦੇ ਸਾਕੇ ਨੂੰ ਰੂਪਮਾਨ ਕੀਤਾ, ਇਸ ਲਈ ਅੱਜ ਦੇ ਦਿਨ ਜਦੋਂ ਅਸੀਂ ਇਸ ਸਾਕੇ ਨੂੰ ਯਾਦ ਕਰਾਂਗੇ ਤਾਂ ਸਾਨੂੰ ਇਹ ਅਹਿਸਾਸ ਜ਼ਰੂਰ ਹੋਵੇਗਾ ਕਿ ਅਸੀਂ ਕਿਸ ਵਿਰਸੇ ਦੇ ਵਾਰਿਸ ਹਾਂ ਅਤੇ ਜਿਹੜਾ ਸਿੱਖ ਮੌਤ ਨੂੰ ਸਾਹਮਣੇ ਖੜੀ ਵੇਖ ਕੇ, ਉਸਤੋਂ ਭੈਅ-ਭੀਤ ਹੋਣ ਦੀ ਥਾਂ ਉਸਨੂੰ ਵੰਗਾਰਦਾ ਸੀ, ਅੱਜ ਉਸ ਸਿੱਖ ਦਾ ਕਿਰਦਾਰ ਕਿਥੇ ਪੁੱਜ ਗਿਆ ਹੈ? ਉਹ ਛੋਟੇ-ਛੋਟੇ ਲੋਭ-ਲਾਲਚਾਂ ਲਈ ਸਿੱਖੀ ਨੂੰ ਪਿੱਠ ਕਿਉਂ ਵਿਖਾਉਣ ਲੱਗ ਪਿਆ ਹੈ? ਜਿਸ ਕੌਮ ਨੇ ਬਿਗਾਨਿਆ ਦੇ ਰਾਜਭਾਗ ਦੀ ਰਾਖ਼ੀ ਲਈ, ਸਿਰਫ਼ ਆਪਣੇ ਫਰਜ਼ ਦੀ ਪੂਰਤੀ ਲਈ, ਐਨੀ ਵੱਡੀਆਂ ਕੁਰਬਾਨੀਆਂ ਦਿੱਤੀਆਂ, ਉਸ ਕੌਮ ਨੂੰ ਇਸ ਦੇਸ਼ ਦੀ ਬਹੁਗਿਣਤੀ, ਵੱਖਵਾਦੀ ਤੇ ਅੱਤਵਾਦੀ ਕਿਉਂ ਦੱਸਣ ਲੱਗ ਪਈ ਹੈ? ਸਾਰਾਗੜੀ ਦੇ ਸਾਕੇ ਦੀ ਉਦਾਹਰਣ ਦੇ ਕੇ ਅਸੀਂ ਸਮੁੱਚੇ ਵਿਸ਼ਵ ਤੋਂ ਇਸ ਸਵਾਲ ਦਾ ਜਵਾਬ ਅੱਜ ਤੱਕ ਕਦੇ ਮੰਗਿਆ ਕਿਉਂ ਨਹੀਂ ਹੈ? ਬਹਾਦਰ ਤੇ ਅਣਖ਼ੀਲੀ ਕੌਮ ਨੂੰ ਪਤਿਤਪੁਣੇ ਤੇ ਨਸ਼ਿਆਂ ਦਾ ‘ਢੋਰਾ’ ਕਿਵੇਂ ਲੱਗ ਗਿਆ?
ਅੱਜ ਦੇ ਦਿਨ ਹੀ 12 ਸਤੰਬਰ 1779 ਨੂੰ ਸਿੱਖਾਂ ਨੇ ਅਹਿਮਦਸ਼ਾਹ ਦੁਰਾਨੀ ਦੇ ਪੁੱਤਰ ਤੈਮੂਰ ਸ਼ਾਹ ਨੂੰ ਆਪਣੀ ਬਹਾਦਰੀ ਦੇ ਕਾਰਨਾਮੇ ਨਾਲ ਭੈਅ-ਭੀਤ ਕੀਤਾ ਸੀ ਅਤੇ ਜਿਹੜਾ ਤੈਮੂਰ ਸ਼ਾਹ ਸਿੱਖਾਂ ਦੇ ਕਬਜ਼ੇ ‘ਚੋਂ ਪਿਸ਼ਾਵਰ ਤੇ ਮੁਲਤਾਨ ਛੁਡਵਾਉਣ ਆਇਆ ਸੀ, ਉਸਨੂੰ ਵਾਪਸ ਮੁੜਣ ਲਈ ਮਜ਼ਬੂਰ ਹੋਣਾ ਪਿਆ ਅਤੇ ਅੱਜ ਦੇ ਦਿਨ 12 ਸਤੰਬਰ 1922 ਨੂੰ ਸਿੱਖਾਂ ਨੇ ਦੁਨੀਆ ਨੂੰ ‘ਗੁਰੂ ਕੇ ਬਾਗ’ ਦੇ ਮੋਰਚੇ ਸਮੇਂ ਇਹ ਤਸਵੀਰ ਵੀ ਵਿਖਾ ਦਿੱਤੀ ਸੀ ਕਿ ਸਿੱਖਾਂ ‘ਚ ਅਰਦਾਸ ਦੀ ਪਾਲਣਾ ਲਈ ਜ਼ਾਲਮ ਦਾ ਹਰ ਜ਼ੁਲਮ ਸਹਿਣ ਤੇ ਬਰਦਾਸ਼ਤ ਕਰਨ ਦੀ ਕਿੰਨੀ ਸ਼ਕਤੀ ਹੈ। ਅੰਗਰੇਜ਼ਾਂ ਦੇ ਘੋੜਿਆਂ ਦੇ ਸੁੰਮਾਂ ਥੱਲੇ, ਡਾਂਗਾਂ ਖਾ ਕੇ, ਅੰਨਾ ਤਸ਼ੱਦਦ ਝੱਲ ਕੇ ਵੀ ਦਰਬਾਰ ਸਾਹਿਬ ਵਿਖੇ ਜਥੇ ਦੀ ਰਵਾਨਗੀ ਸਮੇਂ ਸ਼ਾਂਤਮਈ ਰਹਿਣ ਦੀ ਕੀਤੀ ਅਰਦਾਸ ਨੂੰ ਸਿਰੇ ਨਿਭਾਉਣ ਦੀ ਕਿੰਨੀ ਦ੍ਰਿੜਤਾ ਸੀ। ਸ਼ਾਂਤਮਈ ਢੰਗ ਨਾਲ ਆਪਣੀ ਦ੍ਰਿੜਤਾ ਅਤੇ ਆਡੋਲਤਾ ਨਾਲ ਜ਼ਾਲਮ ਤਾਕਤਾਂ ਨੂੰ ਸਿਰ ਝੁਕਾਉਣ ਲਈ ਕਿਵੇਂ ਮਜ਼ਬੂਰ ਕੀਤਾ ਜਾ ਸਕਦਾ ਹੈ, ਇਹ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਅੱਜ ਦੇ ਦਿਨ ਸਿੱਖਾਂ ਨੇ ਬਾਖੂਬੀ ਵਿਖਾਇਆ ਸੀ।
ਆਖਿਆ ਜਾਂਦਾ ਹੈ ਕਿ ਇਤਿਹਾਸ ਨੂੰ ਸਿਰਜਣਾ ਜਿਨਾਂ ਔਖਾ ਹੁੰਦਾ ਹੈ, ਉਸ ਤੋਂ ਵਧੇਰੇ ਔਖਾ ਉਸਨੂੰ ਸੰਭਾਲਣਾ ਹੁੰਦਾ ਹੈ, ਕਿਉਂਕਿ ਸ਼ਾਨਾਮੱਤੇ ਇਤਿਹਾਸ ਦੀ ਆਨ-ਸ਼ਾਨ ਨੂੰ ਬਰਕਰਾਰ ਰੱਖਣਾ ਤਦ ਹੀ ਸੰਭਵ ਹੁੰਦਾ ਹੈ ਜੇ ਵਿਰਸੇ ਦੇ ਵਾਰਿਸਾਂ ‘ਚ ਵੀ ਆਪਣੇ ਵਡੇਰਿਆਂ ਵਾਲੇ ਗੁਣ, ਭਾਵਨਾ ਅਤੇ ਸਮਰੱਥਾ ਹੋਵੇ।
ਅੱਜ ਦੇ ਦਿਨ ਸਾਨੂੰ ਸੋਚਣਾ ਪਵੇਗਾ ਕਿ ਕੀ ਸਾਰਾਗੜੀ ਦੇ ਬਹਾਦਰ ਸਿੱਖ ਸ਼ਹੀਦਾਂ ਵਾਲੀ ਭਾਵਨਾ, ਅੱਜ ਕੌਮ ‘ਚ ਜਿੳੂਂਦੀ ਹੈ?
ਤੈਮੂਰ ਸ਼ਾਹ ਵਰਗਿਆਂ ਨੂੰ ਭੈਅ-ਭੀਤ ਕਰਨ ਵਾਲੀ ਬੜਕ ਸਿੱਖਾਂ ‘ਚ ਅੱਜ ਵੀ ਬਰਕਰਾਰ ਹੈ? ਅਰਦਾਸ ਦੀ ਪਾਲਣਾ ਲਈ ਹਰ ਜ਼ੋਰ-ਜਬਰ, ਜ਼ੁਲਮ, ਤਸ਼ੱਦਦ ਖਿੜੇ ਮੱਥੇ ਸਵੀਕਾਰ ਕਰਨ ਦੀ ਸਹਿਣਸ਼ੀਲਤਾ ਅੱਜ ਦੇ ਸਿੱਖਾਂ ‘ਚ ਮੌਜੂਦ ਹੈ?
ਇਤਿਹਾਸ ਆਏ ਦਿਨ ਪਾਠ ਪੜਾਉਂਦਾ ਹੈ, ਪ੍ਰੰਤੂ ਸਾਡੀ ਬਦਕਿਸਮਤੀ ਇਹੋ ਹੈ ਕਿ ਇਤਿਹਾਸ ਦੇ ਪੰਨਿਆਂ ‘ਚ ਡੁੱਲ-ਡੁੱਲ ਪੈਂਦੀ ਸਾਡੇ ਵੀਰਾਂ-ਬਜ਼ੁਰਗਾਂ ਦੀ ਲਾਸਾਨੀ ਕੁਰਬਾਨੀ ਤੇ ਬਹਾਦਰੀ ਅੱਜ ਸਾਡੀ ਅੱਖਾਂ ਨੂੰ ਚੁੰਧਿਆ ਜਾਂਦੀ ਹੈ ਅਤੇ ਅਸੀਂ ਆਪਣੇ ਅਕਸ ਨੂੰ ਉਸ ਲਿਸ਼ਕ ਨਾਲ ਲਿਸ਼ਕਾਉਣ ਦੀ ਬਜਾਏ ਉਹਦੀ ਚਮਕ ਮੂਹਰੇ ਸਿਰਫ਼ ਤੇ ਸਿਰਫ਼ ਅੱਖਾਂ ਮੀਚ ਛੱਡਦੇ ਹਾਂ।