ਕੀ ਹੁਣ ਬਲਾਤਕਾਰੀਆਂ ਦੀ ਗੱਦੀਆਂ ਵੀ ਸਥਾਪਿਤ ਹੋਣਗੀਆਂ?

-ਨਰਿੰਦਰਪਾਲ ਸਿੰਘ
ਬਲਾਤਕਾਰੀ ਸਾਧ ਨੂੰ ਜੇਲ ਦੀ ਕੋਠੜੀ ਵਿੱਚ ਮੁਸ਼ਕਿਲ ਨਾਲ ਚਾਰ ਦਿਨ ਵੀ ਨਹੀ  ਹੋਏ ਉਸਦੀ ਵਿਸ਼ਾਲ ਸਲਤਨਤ ਦੇ ਵਾਰਿਸਾਂ ਦੇ ਨਾਮ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਕਿਉਂਕਿ ਡੇਰੇ ਵਲੋਂ ਪ੍ਰਚਾਰਿਆ ਤੇ ਪ੍ਰਸਾਰਿਆ ਚਿਹਰਾ ਧਰਮ ਕਰਮ ਤੇ ਸਮਾਜ ਸੇਵਾ ਨਾਲ ਜੁੜਿਆ ਪੇਸ਼ ਕੀਤਾ ਗਿਆ ਹੈ ਲੇਕਿਨ ਅਸਲੀਅਤ ‘ਕਾਬੇ ਵਿੱਚ ਕੁਫਰ’ ਵਾਲੀ ਸਾਹਮਣੇ ਆਈ ਹੈ। ਅਜੇਹੇ ਵਿੱਚ ਇਹ ਸਵਾਲ ਅਹਿਮ ਹੈ ਕਿ ਕੀ ਹੁਣ ਬਲਾਤਕਾਰੀਆਂ ਦੀਆਂ ਗੱਦੀਆਂ ਵੀ ਸਥਾਪਿਤ ਹੋਣਗੀਆਂ?
ਇਹ ਸਵਾਲ ਇਸ ਕਰਕੇ ਅਹਿਮੀਅਤ ਰੱਖਦਾ ਹੈ ਕਿਉਂਕਿ ਅਕਸਰ ਡੇਰੇਦਾਰ ਆਪਣੀ ਗੱਦੀ ਲਗਾਉਂਦਿਆਂ ਆਪਣੇ ਮੁਖੀ ਬਾਬੇ ਦੀ ਵੱਖਰੀ ਗੱਦੀ ਸਥਾਪਿਤ ਕਰਦੇ ਹਨ ।ਬਾਕੀ ਦਿਨ ਤਿਉਹਾਰਾਂ ਵਾਂਗ ਆਪਣੇ ਬਾਬੇ ਦਾ ਜਨਮ ਦਿਨ, ਗੱਦੀ ਧਾਰਣ ਦਿਨ ਵੀ ਮਨਉਂਦੇ ਹਨ ਤੇ ਬਦਲੇ ਹਾਲਾਤਾਂ ਵਿੱਚ ਤਾਂ ਫੇਰ ਕੁਕਰਮ ਦਿਨ ਵੀ ਮਨਾਉਣ ਲਈ ਮਜਬੂਰ ਹੋਣਗੇ।
ਸਿਰਫ ਗੁਰਮੀਤ ਰਾਮ ਰਹੀਮ ਦੀ ਹੀ ਗੱਲ ਕੀਤੀ ਜਾਏ ਤਾਂ ਉਸਦੇ ਉਤਰਾ ਅਧਿਕਾਰੀ ਵਜੋਂ ਉਸਦੇ ਬੇਟੇ ਜਸਮੀਤ ਇੰਸਾ, ਮੂੰਹ ਬੋਲੀ ਧੀ ਹਨੀਪ੍ਰੀਤ ਇੰਸਾਂ ਅਤੇ ਡੇਰੇ ਦੀ ਇੱਕ ਹੋਰ ਸਾਧਵੀ ਬਿਪਾਸਨਾ ਦੇ ਨਾਮ ਸਾਹਮਣੇ ਆ ਰਹੇ ਹਨ। ਇਹ ਵੀ ਜਗ ਜਾਹਿਰ ਹੈ ਕਿ ਸਾਧਵੀ ਬਲਾਤਕਾਰ ਮਾਮਲੇ ਦਾ ਨਿਪਟਾਰਾ ਕਰਦਿਆਂ ਮਾਨਯੋਗ ਅਦਾਲਤ ਨੇ ਡੇਰੇ ਦੇ ਸਭ ਸਮਾਜਿਕ ਤੇ ਧਾਰਮਿਕ ਕਾਰਜਾਂ ਨੂੰ ਇਹ ਕਹਿ ਕੇ ਦਰਕਿਨਾਰ ਕੀਤਾ ਹੈ ਕਿ ਗੁਰਮੀਤ ਨੇ ਲੋਕਾਂ ਦਾ ਵਿਸ਼ਵਾਸ਼ ਤੋੜਿਆ ਹੈ ਇਸ ਲਈ ਉਹ ਕਿਸੇ ਸਜਾ ਮੁਆਫੀ ਜਾਂ ਰਹਿਮ ਦਾ ਹੱਕਦਾਰ ਨਹੀ ਹੈ।
ਸਪਸ਼ਟ ਹੈ ਕਿ ਅਦਾਲਤ ਨੇ  ਡੇਰਾ ਮੁਖੀ ਦੇ ਧਾਰਮਿਕ ਚਿਹਰੇ ਨੂੰ ਪ੍ਰਵਾਨ ਨਹੀਂ ਕੀਤਾ।ਡੇਰਾ ਮੁਖੀ ਨੂੰ ਦੋਸ਼ੀ ਠਹਿਰਾਏ ਜਾਣ ਬਾਅਦ ਜਿਸ ਤਰਾਂ ਇਕ ਸੋਚੀ ਸਮਝੀ ਸਾਜਿਸ਼ ਤਹਿਤ ਡੇਰਾ ਪੈਰੋਕਾਰਾਂ ਨੇ ਲੱਖਾਂ ਕਰੋੜਾਂ ਰੁਪਏ ਦੀ ਨਿੱਜੀ ਤੇ ਸਰਕਾਰੀ ਜਾਇਦਾਦ ਨੂੰ ਅੱਗ ਦੇ ਹਵਾਲੇ ਕੀਤਾ ,ਭੰਨ ਤੋੜ ਕੀਤੀ ਜਿਸ ਤਰਾਂ ਦੇ ਹਜਾਰਾਂ ਦੀ ਗਿਣਤੀ ਵਿੱਚ ਮਾਰੂ ਤੇ ਤਬਾਹਕੁੰਨ ਹਥਿਆਰ ਡੇਰਿਆਂ ‘ਚੋਂ ਮਿਲੇ ਹਨ ਉਹ ਕਿਸੇ ਧਰਮ ਜਾਂ ਧਰਮ ਉਪਦੇਸ਼ਕ ਸਥਾਨ ਦੀ ਤਰਜਮਾਨੀ ਹਰਗਿਜ਼ ਨਹੀ ਕਰਦੇ।
ਇਸ ਵਿੱਚ ਵੀ ਕੋਈ ਦੋ ਰਾਵਾਂ ਨਹੀ ਹਨ ਕਿ ਡੇਰਾ ਮੁਖੀ ਤੇ ਉਸਦੇ ਪੈਰੋਕਾਰਾਂ ਖਿਲਾਫ ਕਤਲ,ਬਲਾਤਕਾਰ,ਅਗਜ਼ਨੀ ਤੇ ਦੇਸ਼ ਧ੍ਰੋਹ ਦੇ ਮਾਮਲੇ  ਅਦਾਲਤਾਂ ਦੀ ਸੁਣਵਾਈ ਅਧੀਨ ਹਨ ਜਾਂ ਨਵੇਂ ਦਰਜ ਹੋ ਚੁੱਕੇ ਹਨ ।ਹਰਿਆਣਾ ਵਿਚਲਾ ਮੁਖ ਡੇਰਾ ਬੰਦ ਕੀਤੇ ਜਾਣ ਦੀ ਕਗਾਰ ਤੇ ਹੈ ਤੇ ਬਾਕੀ ਵੀ ਸਰਕਾਰ ਦੀ ਪੈਨੀ ਨਿਗਾਹ ਹੇਠ ਹਨ, ਡੇਰਾ ਮੁਖੀ ਵਲੋ ਨਿੱਜੀ ਤੌਰ ਤੇ ਅਪਣਾਈ ਗਈ ਧੱਕੇਸ਼ਾਹੀ ਅਤੇ ਅਯਾਸ਼ੀ ਹਿੱਤ ਕਤਲ ਦੀ ਨੀਤੀ ਹੀ ਪ੍ਰਮੁਖਤਾ ਨਾਲ ਉਭਰ ਕੇ ਸਾਹਮਣੇ ਆਈਆਂ ਹਨ  ਤਾਂ ਕਿਹੜੀ ਗੱਦੀ ਜਾਂ ਕਿਹੜੀ ਵਿਰਾਸਤ ਸੰਭਾਲਣ ਲਈ ਗੱਦੀ ਨਸ਼ੀਨ ਦੀ ਚੋਣ ਹੋ ਰਹੀ ਹੈ?
ਵੈਸੇ ਜੇ ਹਿੰਦੁਸਤਾਨ ਦੀ ਧਰਤੀ ਤੇ ਹੀ ਫੈਲੇ ਅਖੌਤੀ ਧਾਰਮਿਕ ਬਨਾਮ ਬਲਾਤਕਾਰੀ ਡੇਰਿਆਂ ਅਤੇ ਬਾਬਿਆਂ ਦੀ ਗਲ ਕੀਤੀ ਜਾਏ ਤਾਂ ਆਸਾਰਾਮ ਉਪਰ 16 ਸਾਲ ਦੀ ਲੜਕੀ ਨਾਲ ਬਲਾਤਕਾਰ ਦਾ ਦੋਸ਼ ਹੈ,ਨਿੱਤਿਯਾ ਨੰਦ  ਉਪਰ ਡੇਰੇ ਦੀ ਇਕ ਸਾਧਵੀ ਦੇ ਯੋਨ ਸ਼ੋਸ਼ਣ ਦਾ ਤੇ ਪ੍ਰੇਮਾਨੰਦ ਉਪਰ 13 ਲੜਕੀਆਂ ਨਾਲ ਬਲਾਤਕਾਰ ਦਾ।ਸਦਾਚਾਰੀ ਤੇ ਪ੍ਰੇਮਾਨੰਦ ਨਾਮੀ ਅਖੌਤੀ ਧਰਮ ਗੁਰੂਆਂ ਉਤੇ ਦੇਹ ਵਿਉਪਾਰ ਦੇ ਅੱਡੇ ਚਲਾਉਣ ਦੇ ਦੋਸ਼ ਹਨ। ਆਸਾਰਾਮ ਦਾ ਪੁਤ ਵੀ ਅਜੇਹੇ ਇਕ ਸੰਗੀਨ ਮਾਮਲੇ ਵਿੱਚ ਹਵਾਲਾਤ ਦੀ ਹਵਾ ਖਾ ਚੁਕਾ ਹੈ ਤੇ ਕੇਸ ਅਜੇ ਵੀ ਸੁਣਵਾਈ ਅਧੀਨ ਹੈ ।ਇਸੇ ਤਰਾਂ ਡੇਰਾ ਸਿਰਸਾ ਮੁਖੀ ਖਿਲਾਫ ਪੱਤਰਕਾਰ ਛੱਤਰਪਤੀ ,ਮੈਨੇਜਰ ਰਣਜੀਤ ਸਿੰਘ  ਦੇ ਕਤਲ ਕੇਸ ਵੀ ਸੁਣਵਾਈ ਅਧੀਨ ਹਨ ।ਅਜੇ ਇਨਾਂ ਮਾਮਲਿਆਂ ਵਿੱਚ ਡੇਰੇ ਦੇ ਕਿੰਨੇ ਕਰੂਪ ਚਿਹਰੇ ਬੇਨਕਾਬ ਹੋਣਗੇ ਕੋਈ ਨਹੀ ਕਹਿ ਸਕਦਾ ।ਡੇਰਾ ਮੁਖੀ ਨੂੰ ਮਿਲੀ ਸਜਾ ਨੇ ਉਸਨੂੰ ਬਲਾਤਕਾਰੀ ਅਤੇ ਉਸਦੇ ਡੇਰੇ ਨੂੰ ਬਲਾਤਕਾਰ ਦਾ ਸਥਾਨ ਤਾਂ ਕਰਾਰ ਦੇ ਹੀ ਦਿੱਤਾ ਹੈ ਫਿਰ ਬਲਾਤਕਾਰੀਆਂ ਦੀ ਵਿਰਾਸਤ ਚਲਦੀ ਰੱਖਣ ਪਿੱਛੇ ਕੀ ਮਕਸਦ ਹੈ ?
ਇਹ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ।