ਡੇਰਾ ਸੱਚਾ ਸੌਦਾ ਦਾ ਇਕ ਸੱਚ ਇਹ ਵੀ

(ਵਿਚਾਰ ਆਪੋ ਆਪਣੇ)
ਸੁਖਵਿੰਦਰ ਸਿੰਘ
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹਰਿਆਣਾ ਅਤੇ ਦੂਜੇ ਰਾਜਾਂ ਵਿੱਚ ਭੜਕੀ ਹਿੰਸਾ ਕਾਰਨ ਹਰ ਵਿਅਕਤੀ ਡੇਰਾ ਸਮਰਥਕਾਂ ਦੇ ਖ਼ਿਲਾਫ਼ ਹੋ ਗਿਆ ਹੈ। ਹਿੰਸਾ ਵਿੱਚ 38 ਤੋਂ ਉੱਪਰ ਲੋਕਾਂ ਦੀ ਮੌਤ ਹੋ ਗਈ।ਇਹਨਾ ਵਿੱਚ ਔਰਤਾਂ ਨੌਜਵਾਨ ਤੇ ਬਜ਼ੁਰਗ ਸ਼ਾਮਲ ਹਨ। ਹਾਲਤ ਇਹ ਹੈ ਕਿ ਲਾਸ਼ਾਂ ਨੂੰ ਪੰਚਕੂਲਾ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੋਂ 17 ਲਾਸ਼ਾਂ ਨੂੰ ਕੋਈ ਲੈਣ ਨਹੀਂ ਪਹੁੰਚਿਆ। ਇਨਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ। ਮਰਨ ਵਾਲਿਆਂ ਦੇ ਮੋਬਾਈਲ ਉਨਾਂ ਦੀ ਜੇਬਾਂ ਵਿੱਚ ਹੀ ਵੱਜਦੇ ਰਹੇ। ਪੰਚਕੂਲਾ ਵਿੱਚ ਪਹੁੰਚੇ ਲੋਕ ਕੋਈ ਹਤਿਆਰੇ ਨਹੀਂ ਹਨ। ਉਹ ਆਪਣੇ ਬੱਚਿਆਂ ,ਧੀਆਂ, ਮਾਵਾਂ ਤੇ ਬਜ਼ੁਰਗ ਔਰਤਾਂ ਸਮੇਤ ਇੱਥੇ ਆਏ ਸਨ। 25 ਅਗਸਤ ਨੂੰ ਜਦੋਂ ਹਿੰਸਾ ਹੋਈ ਤਾਂ ਇਹ ਆਪਣੀ ਜਾਨ ਬਚਾਉਣ ਲਈ ਰਿਹਾਇਸ਼ੀ ਇਲਾਕਿਆਂ ਵਿੱਚ ਗਏ। ਜਿੱਥੇ ਉਹ ਪੁਲਿਸ ਕਾਰਵਾਈ ਦਾ ਸ਼ਿਕਾਰ ਹੋਏ। ਇਸ ਘਟਨਾ ਵਿੱਚ ਇੱਕ ਤਸਵੀਰ ਨੇ ਮੈਨੂੰ ਅੰਦਰੋਂ ਝੰਜੋੜਿਆ ਜਿਸ ਵਿੱਚ ਪੰਚਕੂਲਾ ਦੇ ਰਿਹਾਇਸ਼ੀ ਇਲਾਕੇ ਵਿੱਚ ਘਰ ਦੇ ਅੱਗੇ ਪਈ ਲਾਸ਼ ਦੇ ਨੇੜੇ ਇੱਕ ਔਰਤ ਵਿਰਲਾਪ ਕਰ ਰਹੀ ਹੈ। ਉਸ ਦਾ ਬੈਗ ਤੇ ਹੋਰ ਸਮਾਨ ਵੀ ਉਸ ਦੇ ਕੋਲੇ ਪਿਆ ਹੋਇਆ ਹੈ। ਉਸ ਦੇ ਨਾਲ ਇੱਕ ਹੋਰ ਲਾਸ਼ ਪਈ ਹੈ। ਘਰ ਦੀ ਮਾਲਕਣ ਕੰਧ ਤੋਂ ਇਹ ਸਭ ਦੇਖ ਰਹੀ ਹੈ।
ਇਹ ਤਸਵੀਰ ਦੇਖ ਮੇਰੇ ਮਨ ਵਿੱਚ ਸੁਆਲ ਆਇਆ ਕਿ ਆਖ਼ਿਰ ਕਿਹੜੀ ਵਜਾ ਰਹੀ ਕਿ ਉਹ ਮੌਤ ਦੀ ਪ੍ਰਵਾਹ ਕੀਤੇ ਬਿਨਾ ਇੱਥੇ ਆਏ? ਇਹ ਕਿਹੜੇ ਲੋਕ ਨੇ ਤੇ ਉਹ ਕਿਹੜੀ ਵਜਾ ਕਾਰਨ ਡੇਰੇ ਨਾਲ ਗੂੜੇ ਰੂਪ ਵਿੱਚ ਜੁੜੇ ਹੋਏ ਹਨ? ਪ੍ਰਸ਼ਾਸਨ ਦੇ ਵਾਰ-ਵਾਰ ਕਹਿਣ ‘ਤੇ ਵੀ ਉਹ ਇੱਥੋਂ ਨਹੀਂ ਗਏ। ਇੰਨਾਂ ਦੀ ਮੌਤ ਲਈ ਆਖ਼ਿਰ ਜ਼ਿੰਮੇਵਾਰ ਕੌਣ ਹੈ?
ਘਟਨਾ ਲਈ ਜ਼ਿੰਮੇਵਾਰ ਕੌਣ ਹੈ:
18 ਅਗਸਤ ਨੂੰ ਹਰਿਆਣਾ ਸਰਕਾਰ ਨੂੰ ਪਤਾ ਲੱਗ ਗਿਆ ਸੀ ਕਿ ਹਿੰਸਾ ਦੀ ਤਾਰੀਖ਼, ਸਮਾਂ, ਸਥਾਨ ਤੇ ਹਿੰਸਾ ਕਿਸ ਨੇ ਕਰਨੀ ਹੈ। ਹਰਿਆਣਾ ਸਰਕਾਰ ਨੇ 18 ਅਗਸਤ ਨੂੰ ਹੀ ਧਾਰਾ 144 ਲੱਗਾ ਦਿੱਤੀ ਪਰ ਪੰਚਕੂਲਾ ਵਿੱਚ ਡੇਰਾ ਪ੍ਰੇਮੀਆਂ ਦੇ ਆਉਣ ‘ਤੇ ਰੋਕ ਨਹੀਂ ਲਾਈ ਤੇ ਸਮਰਥਾਂ ਨੂੰ ਆਰਾਮ ਨਾਲ ਆਉਣ ਦਿੱਤਾ ਗਿਆ। ਇੰਨਾ ਹੀ ਨਹੀਂ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਵੀ ਭੁਲੇਖੇ ਵਿੱਚ ਰੱਖਿਆ। ਕੋਰਟ ਵੱਲੋਂ ਵਾਰ-ਵਾਰ ਅਲਰਟ ਕਰਨ ‘ਤੇ ਵੀ ਸਰਕਾਰ  ਨੇ ਸਮੇਂ ਤੋਂ ਪਹਿਲਾ ਹੀ ਲੋਕਾਂ ਨੂੰ ਪੰਚਕੂਲੇ ਇਕੱਠੇ ਹੋਣ ਤੋਂ ਨਹੀਂ ਰੋਕਿਆ। ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਹਰਿਆਣਾ ਦੇ ਹੀ ਕੈਬਿਨੇਟ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਹਿ ਦਿੱਤਾ ਕਿ ਡੇਰਾ ਪ੍ਰੇਮੀਆਂ ‘ਤੇ ਧਾਰਾ 144 ਲਾਗੂ ਨਹੀਂ ਹੁੰਦੀ। ਅਜਿਹੇ ਹਾਲਤ ਵਿੱਚ ਇਹ ਸਾਫ਼ ਹੈ ਕਿ ਹਿੰਸਾ ਲਈ ਰਾਹ ਬਣਾਉਣ ਲਈ ਸਰਕਾਰ ਨੇ ਅੱਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ। ਜੇਕਰ ਡੇਰਾ ਸਮਰਥਕਾਂ ਨੂੰ ਸਹੀ ਸਮੇਂ ‘ਤੇ ਪੰਚਕੂਲਾ ਦਾਖਲ ਹੋਣ ਤੋਂ ਰੋਕ ਲਿਆ ਜਾਂਦਾ ਤਾਂ ਇੰਨੀ ਵੱਡੀ ਹਿੰਸਾ ਤੇ ਮੌਤਾਂ ਤੋਂ ਬਚਾਅ ਹੋ ਸਕਦਾ ਸੀ।
ਹਰਿਆਣਾ ਸਰਕਾਰ ਨੇ ਢਿੱਲ ਕਿਉਂ ਵਰਤੀ:
ਉਂਜ ਤਾਂ ਡੇਰਾ ਕਿਸੇ ਇੱਕ ਸਿਆਸੀ ਪਾਰਟੀ ਨਾਲ ਪੱਕੇ ਤੌਰ ‘ਤੇ ਬੱਝਿਆ ਨਹੀਂ ਹੋਇਆ ਪਰ ਜਿਵੇਂ ਦੇਖਿਆ ਗਿਆ ਹੈ ਕਿ ਇਹ ਸਮੇਂ-ਸਮੇਂ ਆਪਣੇ ਹਿੱਤਾਂ ਤੇ ਗਿਣਤੀ-ਮਿਣਤੀ ਵਿੱਚੋਂ ਕਿਸੇ ਨਾਲ ਕਿਸੇ ਸਿਆਸੀ ਦਲ ਨੂੰ ਚੋਣਾਂ ਵੇਲੇ ਸਹਿਯੋਗ ਦਿੰਦਾ ਰਿਹਾ ਹੈ। ਡੇਰੇ ਨੇ ਹਰਿਆਣਾ ਵਿੱਚ ਬੀਤੀ ਵਿਧਾਨ ਸਭਾ ਚੋਣਾ ਵਿੱਚ ਮਨੋਹਰ ਲਾਲ ਖੱਟਰ ਦੀ ਸਰਕਾਰ ਨੂੰ ਖੁੱਲ ਕੇ ਸਮਰਥਨ ਦਿੱਤਾ। ਸਾਰੇ ਰਾਜਨੀਤਕ ਦਲਾਂ ਨੂੰ ਇਹ ਚੰਗੀ ਤਰਾਂ ਪਤਾ ਹੈ ਕਿ ਹਰਿਆਣਾ ਡੇਰਾ ਸਿਰਸਾ ਚੋਣਾ ਵਿੱਚ ਫ਼ੈਸਲਾਕੁਨ ਨਤੀਜੇ ਦੇਣ ਵਿੱਚ ਮਹੱਤਪੂਰਣ ਸਮਰੱਥਾ ਰੱਖਦਾ ਹੈ।
ਖੱਟਰ ਸਰਕਾਰ ਦਾ ਉਹ ਕਿਹੜਾ ਮੰਤਰੀ ਨਹੀਂ ਜਿਸ ਨੇ ਡੇਰਾ ਮੁਖੀ ਅੱਗੇ ਸਿਰ ਨਾ ਝੁਕਾਇਆ ਹੋਵੇ। 15 ਅਗਸਤ ਨੂੰ ਡੇਰਾ ਮੁਖੀ ਦੇ ਜਨਮ ਦਿਨ ਤੇ ਹਰਿਆਣਾ ਦੇ ਦੋ ਕੈਬਨਿਟ ਮੰਤਰੀ ਰਾਮ ਬਿਲਾਸ ਸ਼ਰਮਾ ਤੇ ਅਨਿਲ ਵਿੱਜ ਨੇ ਖ਼ੁਦ ਡੇਰੇ ਜਾ ਕੇ ਗੁਰਮੀਤ ਰਾਮ ਰਹੀਮ ਦੇ ਜਨਮ ਦਿਨ ਦੀਆਂ ਵਧਾਈਆਂ ਦੇਣ ਦੇ ਨਾ 51 ਲੱਖ  ਦਿੱਤੇ ਸਨ। ਇੱਥੋਂ ਖੱਟੜ ਸਰਕਾਰ ਤੇ ਡੇਰੇ ਮੁਖੀ ਦੇ ਗੂੜੇ ਰਿਸ਼ਤਿਆਂ ਬਾਰੇ ਸਾਫ਼ ਪਤਾ ਲੱਗਦਾ ਹੈ। ਇਹ ਗੂੜੇ ਰਿਸ਼ਤੇ ਹੀ ਪੰਚਕੂਲਾ ਦੀ ਹਿੰਸਾ ਦਾ ਕਾਰਨ ਬਣੇ।
ਹਿੰਸਾ ਲਈ ਡੇਰਾ ਕਿਵੇਂ ਜ਼ਿੰਮੇਵਾਰ:
ਭਾਵੇਂ ਡੇਰਾ ਸਿਰਸਾ ਜਿੰਨਾ ਮਰਜ਼ੀ ਇਸ ਗੱਲ ਤੋਂ ਮੁਨਕਰ ਹੋਵੇ ਕਿ ਡੇਰੇ ਵੱਲੋਂ ਕੇਸ ਨੂੰ ਪ੍ਰਭਾਵਿਤ ਕਰਨ ਲਈ ਲੋਕਾਂ ਨੂੰ ਪੰਚਕੂਲਾ ਨਹੀਂ ਬੁਲਾਇਆ ਗਿਆ ਸੀ। ਇਸ ਗੱਲ ਦਾ ਪ੍ਰਗਟਾਵਾ ਖ਼ੁਦ ਡੇਰਾ ਪ੍ਰੇਮੀਆਂ ਨੇ ਕੀਤਾ ਹੈ ਕਿ ਉਨਾਂ ਨੂੰ ਤਿੰਨ ਦਿਨਾਂ ਦੀ ਸਤਸੰਗ ਦੇ ਬਹਾਨੇ ਪੰਚਕੂਲਾ ਬੁਲਾਇਆ ਗਿਆ ਸੀ। ਇੰਨਾ ਹੀ ਨਹੀਂ ਦੈਨਿਕ ਭਾਸਕਰ ਨੇ ਆਪਣੀ ਰਿਪੋਰਟ ਵਿੱਚ ਵੀ ਕਿਹਾ ਕਿ ਪੰਚਕੂਲਾ ਦੇ ਐਕਸ਼ਨ ਦੀ ਅਗਵਾਈ ਅੱਧੀ ਦਰਜਨ ਡੇਰਾ ਆਗੂ ਕਰ ਹਹੇ ਸਨ। ਜਿਹੜੇ ਸਮੇਂ-ਸਮੇਂ ਤੇ ਡੇਰਾ ਸਮਰਥਕਾਂ ਨੂੰ ਸੰਦੇਸ਼ ਜਾਰੀ ਕਰ ਰਹੇ ਸਨ। ਇਸ ਗੱਲ ਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਨੋਟਿਸ ਲਿਆ ਹੈ। ਜਿਸ ਤੋਂ ਸਾਫ ਜਾਹਿਰ ਹੈ ਕਿ ਪੰਚਕੂਲਾ ਵਿੱਚ ਲੋਕਾਂ ਦਾ ਵੱਡਾ ਇਕੱਠ ਪਿੱਛੇ ਡੇਰੇ ਦੀ ਮਨਸ਼ਾ ਕੇਸ ਨੂੰ ਪ੍ਰਭਾਵਿਤ ਕਰਨਾ ਸੀ।
ਕਿਉਂ ਲੋਕ ਬਣ ਰਹੇ ਨੇ ਡੇਰਾ ਪ੍ਰੇਮੀ:
ਅਸਲ ਵਿੱਚ ਹਰਿਆਣਾ ਦਾ  ਡੇਰਾ ਸੱਚਾ ਸੌਦਾ ਸਿਰਸਾ, ਉਸ ਜਗਾ ‘ਤੇ ਹੈ ਜਿੱਥੇ ਤਿੰਨ ਸੂਬੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਸਰਹੱਦਾਂ ਜੁੜਦੀਆਂ ਹਨ। ਤਿੰਨ ਸੂਬਿਆਂ ਦੀ ਇਸ ਬੈਲਟ ਦੇ ਲੋਕ ਡੇਰੇ ਨਾਲ ਜੁੜੇ ਹੋਏ ਹਨ। ਇਹ ਉਹ ਬੈਲਟ ਹੈ ਜਿਹੜੀ 70 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਆਰਥਿਕ, ਸਮਾਜਿਕ ਤੇ ਰਾਜਨੀਤਕ ਵਿਕਾਸ ਪੱਖੋਂ ਕਾਫ਼ੀ ਪਿਛੜੀ ਹੋਈ ਹੈ। ਇਸ ਖੇਤਰ ਵਿੱਚ ਸਰਕਾਰ ਵੱਲੋਂ ਵਿਕਾਸ ਨਾ ਦੀ ਕੋਈ ਚੀਜ਼ ਨਹੀਂ ਹਨ। ਡੇਰੇ ਨਾਲ ਜੁੜੇ ਜ਼ਿਆਦਾਤਰ ਉਹ ਲੋਕ ਹਨ ਜਿਹੜੇ ਪਹਿਲਾਂ ਹੀ ਸਰਕਾਰ ਤੇ ਸਮਾਜ ਵੱਲੋਂ ਲਿਤਾੜੇ ਹੋਏ ਹਨ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਸਮਰਥਕ ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਫ਼ਾਜ਼ਿਲਕਾ, ਫ਼ਰੀਦਕੋਟ ਤੇ ਫ਼ਿਰੋਜ਼ਪੁਰ ਜ਼ਿਲਿਆਂ ਤੋਂ ਹਨ। ਇਹ ਉਹ ਜ਼ਿਲੇ ਹਨ ਜਿੱਥੇ ਅੱਜ ਪੰਜਾਬ ਦੇ ਕਿਸਾਨ-ਮਜ਼ਦੂਰ ਸਭ ਤੋਂ ਵੱਧ ਖੁਦਕੁਸ਼ੀਆਂ ਕਰ ਰਹੇ ਹਨ। ਇੱਥੇ ਸਨਅਤ ਤੇ ਰੋਜ਼ਗਾਰ ਨਾ ਦੀ ਕੋਈ ਚੀਜ਼ ਨਹੀਂ ਹੈ। ਕੈਂਸਰ ਤੇ ਨਸ਼ੇ ਦੀ ਮਾਰ ਨੇ ਲੋਕਾਂ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਤੋੜ ਦਿੱਤੀ ਹੈ। ਲੋਕਾਂ ਲਈ ਰੋਜ਼ੀ ਰੋਟੀ ਜੁਟਾਉਣ ਦੇ ਸਾਧਨਾਂ ਦੀ ਬਹੁਤ ਕਮੀ ਹੈ।
ਡੇਰੇ ਨਾਲ ਜੁੜਨ ਵਾਲੇ ਜ਼ਿਆਦਾਤਰ ਲੋਕ ਦਲਿਤ ਜਾਂ ਪਿਛੜੇ ਵਰਗ ਨਾਲ ਸਬੰਧਤ ਹਨ। ਮੂਲ ਕਾਰਨਾਂ ਨੂੰ ਜਾਣੇ ਬਿਨਾ ਵੀ ਸਿੱਖਾਂ ਵੱਲੋਂ ਡੇਰਾ ਪ੍ਰੇਮੀਆਂ ਨੂੰ ਨਕਾਰਿਆਂ ਜਾ ਰਿਹਾ ਹੈ। ਬੇਸ਼ੱਕ ਸਿੱਖਾਂ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਨੇ ਸਿੱਖਾਂ ਵਿੱਚ ਜਾਤ-ਪਾਤ ਨੂੰ ਭੰਗ ਕਰਦਿਆਂ ਸਾਰੇ ਮਨੁੱਖਾਂ ਨੂੰ ਇੱਕ ਜਾਣਨ ਦਾ ਹੋਕਾ ਦਿੱਤਾ ਸੀ, ਪਰ ਬਾਕੀ ਧਰਮਾਂ ਵਾਂਗ ਸਿੱਖਾਂ ਦੇ ਮਨਾਂ ‘ਚੋਂ ਜਾਤ-ਪਾਤ ਨਹੀਂ ਗਈ। ਇਸ ਖੇਤਰ ਵਿੱਚ ਮੌਜੂਦ ਪਿੰਡਾ ਵਿੱਚ ਦਲਿਤਾਂ ਦੇ ਗੁਰਦੁਆਰੇ, ਧਰਮਸ਼ਾਲਾ ਤੇ ਇੱਥੋਂ ਤੱਕ ਸ਼ਮਸ਼ਾਨਘਾਟ ਵੀ ਵੱਖ ਹਨ। ਇੱਥੇ ਹਾਲੇ ਵੀ ਊਚ ਨੀਚ ਦਾ ਵਿਤਕਰਾ ਪਾਇਆ ਜਾਂਦਾ ਹੈ। ਇੰਨਾ ਹੀ ਨਹੀਂ ਦਲਿਤ ਵਰਗ ਦਾ ਡੇਰੇ ਪ੍ਰਤੀ ਲਗਾਓ ਕਾਰਨ ਹੀ ਇੰਨਾ ਬਾਰੇ ਆਮ ਕਿਹਾ ਜਾਂਦਾ ਹੈ ਕਿ ਡੇਰੇ ਨੂੰ ਜਾਂਦਾ ਟਰੱਕ, 100 ਢੇਡ ਵਿੱਚ ਇੱਕ ਜੱਟ।
ਹਰ ਮਨੁੱਖ ਲਈ ਮਾਨ ਸਮਾਨ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਡੇਰਾ ਨੇ ਇੰਨਾ ਲੋਕਾਂ ਨੂੰ ਮਾਨ ਸਨਮਾਨ ਦਿੱਤਾ। ਡੇਰੇ ਨੇ ਇਸ ਗੱਲ ਨੂੰ ਚੰਗੀ ਤਰਾਂ ਸਮਝਿਆ ਹੈ। ਡੇਰੇ ਦੇ ਪ੍ਰਬੰਧਨ ਲਈ ਵੱਖ-ਵੱਖ ਟੁਕੜੀਆਂ ਬਣਾਈਆਂ ਹਨ, ਜਿਨਾਂ ਦੀ ਅਗਵਾਈ ਕਰਨ ਵਾਲੇ ਨੂੰ ‘ਭੰਗੀ ਦਾਸ’ ਦਾ ਦਰਜਾ ਦਿੱਤਾ ਗਿਆ ਹੈ। ਉਸ ਨੇ ਦੱਸਿਆ ਕਿ ਭੰਗੀ ਸ਼ਬਦ ਛੋਟੀ ਜਾਤ ਲਈ ਵਰਤਿਆ ਜਾਂਦਾ ਹੈ ਪਰ ਡੇਰੇ ਵਿੱਚ ਇੱਕ ਮੁਖੀ ਦੇ ਅਹੁਦੇ ਨੂੰ ਭੰਗੀ ਦਾ ਨਾਂ ਦੇ ਕੇ ਬਰਾਬਰਤਾ ਦਾ ਸੰਦੇਸ਼ ਦਿੱਤਾ ਜਾਂਦਾ ਹੈ।ਡੇਰੇ ਵੱਲੋਂ ਸਾਰੇ ਪ੍ਰੇਮੀਆਂ ਨੂੰ ‘ਇੰਸਾਂ’ ਨਾਂ ਦਿੱਤਾ ਗਿਆ, ਜਿਸ ਦਾ ਮਤਲਬ ਸਾਰੇ ਇਨਸਾਨ ਹਨ ਤੇ ਡੇਰਾ ਹਮੇਸ਼ਾ ਮਨੁੱਖਤਾ ਦਾ ਸੰਦੇਸ਼ ਦਿੰਦਾ ਹੈ।
ਡੇਰੇ ਨਾਲ ਇੱਕ ਵਪਾਰੀ ਜਮਾਤ ਵੀ ਜੁੜੀ ਹੈ ਜਿਹੜੀ ਲੋਕਾਂ ਦੀ ਅਗਵਾਈ ਕਰ ਰਹੀ ਹੈ। ਇਸ ਜਮਾਤ ਨੂੰ ਪ੍ਰੇਮੀਆਂ ਦੇ ਰੂਪ ਵਿੱਚ ਖਪਤਕਾਰ ਮਿਲ ਜਾਂਦੇ ਹਨ। ਜਿਸ ਨਾਲ ਉਨਾਂ ਦੇ ਵਪਾਰ ਨੂੰ ਫ਼ਾਇਦਾ ਮਿਲਦਾ ਹੈ। ਇਸੇ ਵਜਾ ਕਾਰਨ ਇੰਨਾ ਨੇ ਆਪਣੀਆਂ ਦੁਕਾਨਾਂ ਜਾ ਬਿਜ਼ਨੈੱਸ ਅੱਗੇ ਪ੍ਰੇਮੀ ਸ਼ਬਦ ਲਿਖਿਆ ਹੁੰਦਾ ਹੈ।
ਡੇਰਾ ਸਾਰੇ ਡੇਰਾ ਪ੍ਰੇਮੀਆਂ ਲਈ ਰਿਆਇਤੀ ਭੋਜਨ ਤੇ ਮੁਫ਼ਤ ਦਵਾਈਆਂ , ਸਿਹਤ ਸਹੂਲਤਾਂ, ਕੈਂਸਰ ਦਾ ਇਲਾਜ, ਗ਼ਰੀਬ ਬੱਚਿਆਂ ਦੀ ਪੜਾਈ ਦਾ ਪ੍ਰਬੰਧ ਕਰਦਾ ਹੈ । ਇੰਨਾ ਹੀ ਨਹੀਂ ਇਸ ਇਲਾਕੇ ਵਿੱਚ ਨਸ਼ਾ ਬਹੁਤ ਵੱਡੀ ਸਮੱਸਿਆ ਹੈ ਜਿਸ ਲਈ ਡੇਰੇ ਨੇ ਨਸ਼ਾ ਖ਼ਤਮ ਕਰਨ ਲਈ ਖ਼ਾਸ ਪ੍ਰੋਗਰਾਮ ਸ਼ੁਰੂ ਕੀਤੇ ਹਨ। ਨਸ਼ੇ ਦੇ ਖਾਤਮ ਲਈ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਗ਼ਰੀਬ ਕੁੜੀਆਂ ਦੇ ਵਿਆਹ ਦੇ ਨਾਲ ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਵਾਤਾਵਰਨ ਤੇ ਸਮਾਜਕ ਕਾਰਜਾਂ ਵਿੱਚ ਵੀ ਅੱਗੇ ਰਹਿੰਦਾ ਹੈ। ਉਹ ਭਾਵੇਂ ਪੌਦੇ ਲਾਉਣੇ ਹੋਣ, ਵੇਸਵਾਗਿਰੀ ਵਿੱਚ ਧੱਕੀਆਂ ਔਰਤਾਂ ਦੇ ਮੁੜ ਵਿਆਹ ਕਰਵਾਉਣੇ ਹੋਣ ਜਾਂ ਕਿਸੇ ਗ਼ਰੀਬ ਤੇ ਵਿਧਵਾ ਔਰਤ ਲਈ ਸਾਰਿਆਂ ਦੇ ਸਹਿਯੋਗ ਨਾਲ ਘਰ ਤਿਆਰ ਕਰਨਾ ਹੋਵੇ। ਅਜਿਹੇ ਕਾਰਜ ਆਮ ਇਨਸਾਨਾਂ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ ਤਾਂ ਤੁਸੀਂ ਦੱਸੋ ਅਜਿਹੀ ਹਾਲਤ ਵਿੱਚ ਕਿਉਂ ਨਾ ਕੋਈ ਵਿਅਕਤੀ ਡੇਰੇ ਨਾਲ ਜੁੜੇਗਾ।
ਜਿੱਥੇ ਇੰਨਾ ਲੋਕਾਂ ਲਈ ਸਰਕਾਰ, ਸਿੱਖ ਫ਼ੇਲ ਹੋਏ ਹਨ ਉੱਥੇ ਹੀ ਅਜਿਹੇ ਲੋਕਾਂ ਲਈ ਇਨਕਲਾਬ ਕਰਨ ਵਾਲੇ ਲਾਲ ਝੰਡੇ ਵਾਲੇ ਕਾਮਰੇਡ ਵੀ ਪੂਰੀ ਤਰਾਂ ਨਾਲ ਫ਼ੇਲ ਹੋਏ ਹਨ। ਇਹ ਕਮਿਊਨਿਸਟ ਪਾਰਟੀਆਂ ਇੰਨਾ ਲਿਤਾੜੇ ਲੋਕਾਂ ਦੇ ਸਮਾਜਿਕ ਆਰਥਿਕ ਮੁੱਦੇ ਚੁੱਕਣ ਵਿੱਚ ਨਾਕਾਮਯਾਬ ਰਹੀਆਂ ਹਨ। ਇਸ ਪਿਛੜੀ ਬੈਲਟ ਵਿੱਚ ਇੰਨਾ ਲੋਕਾਂ ਨੂੰ ਮਾਨ ਸਨਮਾਨ ਤੇ ਯੋਗ ਅਗਵਾਈ ਦੇਣ ਵਿੱਚ ਵੀ ਪੂਰੀ ਤਰਾਂ ਅਸਫਲ ਰਹੀਆਂ ਹਨ। ਤਾਂ ਤੁਸੀਂ ਦੱਸੋਂ ਕਿਉਂ ਨਾ ਕੋਈ ਡੇਰਾ ਪ੍ਰੇਮੀ ਬਣੇਗਾ।
ਸਿਆਸਤ ਦੀ ਉਪਜ ਨੇ ਡੇਰੇ:
ਡੇਰੇ ਜਦੋਂ ਸ਼ੁਰੂ ਹੁੰਦੇ ਹਨ ਤਾਂ ਬਹੁਤ ਛੋਟੇ ਹੁੰਦੇ ਹਨ ਪਰ ਇਹ ਵੱਡੇ ਸਿਆਸਤ ਨਾਲ ਹੁੰਦੇ ਹਨ। ਸਿਆਸਤ ਡੇਰੇ ਦੀ ਖੁੱਲ ਕੇ ਵਰਤੋਂ ਕਰਦੀ ਹੈ। ਅਕਾਲੀ ਦਲ, ਕਾਂਗਰਸ, ਬੀਜੇਪੀ ਤੇ ਹੋਰ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਪਿਛੋਕੜ ਤੋਂ ਹੀ ਡੇਰੇ ਨਾਲ ਸਬੰਧ ਰਹੇ ਹਨ। ਕਿਹੜਾ ਸਿਆਸੀ ਲੀਡਰ ਨਹੀਂ ਜਿਹੜਾ ਡੇਰਾ ਮੁਖੀ ਦੇ ਪੈਰਾਂ ‘ਤੇ ਡਿੱਗਿਆ ਨਾ ਹੋਵੇ। ਸਿਆਸਤ ਹੀ ਡੇਰੇ ਨੂੰ ਪੈਦਾ ਕਰਨ ਤੇ ਵਧਣ-ਫੂਲਣ ਲਈ ਰਾਹ ਬਣਾਉਂਦੀ ਹੈ। ਜਿੱਥੇ ਲੋਕਾਂ ਨੇ ਸਿਆਸਤ, ਗ਼ਰੀਬੀ, ਭੁੱਖਮਰੀ ਬੇਰੁਜ਼ਗਾਰੀ ਤੇ ਧੱਕੇਸ਼ਾਹੀ ਅਤੇ ਬੇਨਸਾਫੀ ਦੇ ਖ਼ਿਲਾਫ਼ ਲੜਨਾ ਹੁੰਦਾ ਹੈ, ਉੱਥੇ ਉਹ ਆਪਣੇ ਮੁੱਦਿਆਂ ਤੋਂ ਭੜਕੇ ਡੇਰੇ ਵੱਲ ਖਿੱਚੇ ਜਾਂਦੇ ਹਨ। ਜਿਸ ਨਾਲ ਜਿੱਥੇ ਨਾ ਸਿਰਫ ਸਮੇਂ ਦੇ ਹਾਕਮਾਂ ਨੂੰ ਫ਼ਾਇਦਾ ਹੁੰਦਾ ਹੈ ਬਲਕਿ ਉੱਥੇ ਡੇਰੇ ਵੀ ਰਾਜ ਕਰਦੇ ਹਨ।
ਇਹ ਡੇਰੇ ਮੌਜੂਦਾ ਸਮੇਂ ਰਾਜਸ਼ਾਹੀ ਦਾ ਹੀ ਰੂਪ ਹਨ ਜਿੱਥੇ ਮੁਖੀਆਂ ਲਈ ਸੁੱਖ ਸਹੂਲਤਾਂ ਤੇ ਵਿਲਾਸਤਾ ਦੇ ਤਮਾਮ ਸਾਧਨ ਮੌਜੂਦ ਹੁੰਦੇ ਹਨ। ਹੋਰ ਤਾਂ ਹੋਰ ਇੰਨਾ ਨੂੰ ਕੋਈ ਚੁਨੌਤੀ ਵੀ ਨਹੀਂ ਦੇ ਸਕਦਾ। ਦੇਸ਼ ਵਿੱਚ ਖੁੰਬਾਂ ਵਾਂਗ ਅਜਿਹੇ ਬਾਬੇ ਪੈਦਾ ਹੋ ਰਹੇ ਹਨ ਤੇ ਸਰਕਾਰ ਦੇ ਬਰਾਬਰ ਸੱਤਾ ਚਲਾ ਰਹੇ ਹਨ। ਇਸ ਹਾਲਤ ਵਿੱਚ ਡੇਰੇ ਨੂੰ ਬੇਨਕਾਬ ਕਰਨ ਵਾਲੇ ਤਮਾਮ ਲੋਕਾਂ ਦੀ ਬਹਾਦਰੀ ਨੂੰ ਸਲਾਮ ਕਰਨ ਬਣਦਾ ਹੈ। ਜਿਹੜੇ ਇਸ ਕਾਜ ਲਈ ਆਪਣੀ ਜਾਨ ਵਾਰ ਗਏ। ਇੰਨਾ ਹੀ ਨਹੀਂ ਉਨਾਂ ਦੋ ਪੀੜਤ ਸਾਧਵੀਆਂ ਦੇ ਤਾਰੀਫ਼ ਕਰਨੀ ਬਣਦੀ ਹੈ ਜਿੰਨਾਂ ਨੇ ਬੜੀ ਹਿੰਮਤ ਤੇ ਦਲੇਰੀ ਨਾਲ ਇਸ ਕੇਸ ਨੂੰ ਆਪਣੇ ਅੰਜਾਮ ਵਿੱਚ ਪਹੁੰਚਾਉਣ ਵੱਡਾ ਰੋਲ ਅਦਾ ਕੀਤਾ। ਦੁੱਖ ਦੀ ਗੱਲ ਹੈ ਕਿ ਕੁੜੀਆਂ ਦੇ ਨਾਮ ਤੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਰਾਜਨੀਤਕ ਦਲਾਂ ਨੇ ਬਹਾਦਰ ਸਾਧਵੀਆਂ ਨੂੰ ਸਨਮਾਨਿਤ ਕਰਨ ਦੀ ਵਜਾ ਹਮੇਸ਼ਾ ਹੀ ਦੋਸ਼ੀ ਬਲਾਤਕਾਰੀ ਰਾਮ ਰਹੀਮ ਦੇ ਚਰਨਾਂ ਵਿੱਚ ਡਿਗਦੇ ਰਹੇ ਹਨ।
ਡੇਰਾਵਾਦ ਜ਼ਮਹੂਰੀਅਤ ਲਈ ਬੇਹੱਦ ਹੀ ਘਾਤਕ ਹੈ। ਜੇਕਰ ਇਸ ਨੂੰ ਖ਼ਤਮ ਕਰਨਾ ਹੈ ਤਾਂ ਸਮਾਜਿਕ ਤੇ ਆਰਥਿਕ ਵਿਕਾਸ ਦੇ ਨਾਲ-ਨਾਲ ਲਿਤਾੜੇ ਲੋਕਾਂ ਨੂੰ ਮਾਨ ਸਨਮਾਨ ਦੇਣਾ ਬਹੁਤ ਜ਼ਰੂਰੀ ਹੈ। ਇੰਨਾ ਲੋਕਾਂ ਨੂੰ ਬਾਰਾਬਰ ਦੇ ਮੌਕਿਆਂ ਦੇ ਨਾਲ ਸਿੱਖਿਆ, ਸਿਹਤ ਤੇ ਰੁਜ਼ਗਾਰ ਮੁਹੱਈਆ ਕਰਾਉਣਾ ਹੋਵੇਗਾ ਹੈ, ਨਹੀਂ ਤਾਂ ਇੱਕ ਬਾਬਾ ਖ਼ਤਮ ਹੋਵੇਗਾ ਤਾਂ ਦੂਜਾ ਖੜਾ ਹੋ ਜਾਵੇਗਾ। ਲੋਕ ਇਸ ਚੱਕਰ ਵਿੱਚ ਪੀਸਦੇ ਰਹਿਣਗੇ।