• Home »
  • ਚਲੰਤ ਮਾਮਲੇ
  • » ਆਖਰ ਕੀ ਹੈ ਡੇਰਿਆਂ ‘ਚ ਕਿ ਪੈਰੋਕਾਰ ਜਾਨ ਤਲੀ ‘ਤੇ ਰੱਖ ਆ ਨਿਤਰਦੇ ਨੇ..

ਆਖਰ ਕੀ ਹੈ ਡੇਰਿਆਂ ‘ਚ ਕਿ ਪੈਰੋਕਾਰ ਜਾਨ ਤਲੀ ‘ਤੇ ਰੱਖ ਆ ਨਿਤਰਦੇ ਨੇ..

-ਪੰਜਾਬੀਲੋਕ ਬਿਊਰੋ
ਡੇਰਾਵਾਦ ਨੇ ਸਭ ਤੋਂ ਵੱਡਾ ਨੁਕਸਾਨ ਸਿੱਖੀ ਦਾ ਕੀਤਾ ਹੈ, ਡੇਰੇਵਾਦ ਦੇ ਉਤਸ਼ਾਹਿਤ ਹੋਣ ਪਿੱਛੇ ਸਿੱਖਾਂ ਦੇ ਅਖੌਤੀ ਧਾਰਮਿਕ ਤੇ ਸਿਆਸੀ ਆਗੂਆਂ ਦੀ ਵੱਡੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਿੱਖਾਂ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਨੇ ਸਿੱਖਾਂ ਵਿੱਚ ਜਾਤ-ਪਾਤ ਨੂੰ ਭੰਗ ਕਰਦਿਆਂ ਸਾਰੇ ਮਨੁੱਖਾਂ ਨੂੰ ਇੱਕ ਜਾਣਨ ਦਾ ਹੋਕਾ ਦਿੱਤਾ ਸੀ, ਪਰ ਬਾਕੀ ਧਰਮਾਂ ਵਾਂਗ ਸਿੱਖਾਂ ਦੇ ਮਨਾਂ ‘ਚੋਂ ਜਾਤ-ਪਾਤ ਨਹੀਂ ਗਈ। ਡੇਰੇ ਦੇ ਇੱਕ ਪੈਰੋਕਾਰ ਨੇ ਪੱਤਰਕਾਰ ਨੂੰ ਦੱਸਿਆ ਕਿ ਡੇਰੇ ਵਿੱਚ ਉਨਾਂ ਨੂੰ ਬਰਾਬਰੀ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਉਸ ਨੇ ਦੱਸਿਆ ਕਿ ਡੇਰੇ ਵੱਲੋਂ ਸਾਰੇ ਪ੍ਰੇਮੀਆਂ ਨੂੰ ‘ਇੰਸਾਂ’ ਨਾਂ ਦਿੱਤਾ ਗਿਆ, ਜਿਸ ਦਾ ਮਤਲਬ ਸਾਰੇ ਇਨਸਾਨ ਹਨ ਤੇ ਡੇਰਾ ਹਮੇਸ਼ਾ ਮਨੁੱਖਤਾ ਦਾ ਸੰਦੇਸ਼ ਦਿੰਦਾ ਹੈ। ਇੱਕ ਹੋਰ ਪ੍ਰੇਮੀ ਨੇ ਦੱਸਿਆ ਕਿ ਡੇਰੇ ਦੇ ਪ੍ਰਬੰਧਨ ਲਈ ਵੱਖ-ਵੱਖ ਟੁਕੜੀਆਂ ਬਣਾਈਆਂ ਹਨ, ਜਿਨਾਂ ਦੀ ਅਗਵਾਈ ਕਰਨ ਵਾਲੇ ਨੂੰ ‘ਭੰਗੀ ਦਾਸ’ ਦਾ ਦਰਜਾ ਦਿੱਤਾ ਗਿਆ ਹੈ। ਉਸ ਨੇ ਦੱਸਿਆ ਕਿ ਭੰਗੀ ਸ਼ਬਦ ਛੋਟੀ ਜਾਤ ਲਈ ਵਰਤਿਆ ਜਾਂਦਾ ਹੈ ਪਰ ਡੇਰੇ ਵਿੱਚ ਇੱਕ ਮੁਖੀ ਦੇ ਅਹੁਦੇ ਨੂੰ ਭੰਗੀ ਦਾ ਨਾਂ ਦੇ ਕੇ ਬਰਾਬਰਤਾ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਡੇਰੇ ਦੀ ਇੱਕ ਹੋਰ ਖਾਸੀਅਤ, ਜੋ ਵੈਸੇ ਤਾਂ ਬਹੁਤ ਸਾਰੇ ਧਰਮਾਂ ਵਿੱਚ ਪਾਈ ਜਾਂਦੀ ਹੈ, ਪਰ ਡੇਰੇ ਨੇ ਇਸ ਨੂੰ ਆਪਣੇ ਲਈ ਵਿਲੱਖਣ ਬਣਾ ਲਿਆ ਹੈ। ਇਹ ਹੈ ਸਾਰੇ ਡੇਰਾ ਪ੍ਰੇਮੀਆਂ ਨੂੰ ਰਿਆਇਤੀ ਭੋਜਨ ਤੇ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਡੇਰੇ ਦੇ ਪੈਰੋਕਾਰਾਂ ਨੇ ਦੱਸਿਆ ਕਿ ਭ੍ਰਿਸ਼ਟ ਤੇ ਸੁਸਤ ਸਰਕਾਰੀ ਸਕੀਮਾਂ ਦੇ ਉਲਟ ਡੇਰਾ ਆਪਣੇ ਪੈਰੋਕਾਰਾਂ ਲਈ ਰਿਆਇਤੀ ਰਾਸ਼ਨ ਮੁਹੱਈਆ ਕਰਵਾਉਂਦਾ ਹੈ ਜੋ ਗਰੀਬਾਂ ਲਈ ਵੀ ਮਹਿੰਗਾ ਨਹੀਂ ਹੁੰਦਾ। ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਵਾਤਾਵਰਣ ਤੇ ਸਮਾਜਕ ਕਾਰਜਾਂ ਵਿੱਚ ਵੀ ਅੱਗੇ ਰਹਿੰਦਾ ਹੈ। ਉਹ ਭਾਵੇਂ ਪੌਦੇ ਲਾਉਣੇ ਹੋਣ, ਵੇਸਵਾਗਿਰੀ ਵਿੱਚ ਧੱਕੀਆਂ ਔਰਤਾਂ ਦੇ ਮੁੜ ਵਿਆਹ ਕਰਵਾਉਣੇ ਹੋਣ ਜਾਂ ਕਿਸੇ ਗਰੀਬ ਤੇ ਵਿਧਵਾ ਔਰਤ ਲਈ ਸਾਰਿਆਂ ਦੇ ਸਹਿਯੋਗ ਨਾਲ ਘਰ ਤਿਆਰ ਕਰਨਾ ਹੋਵੇ। ਅਜਿਹੇ ਕਾਰਜ ਆਮ ਇਨਸਾਨਾਂ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ।
ਡੇਰੇ ਦੇ ਜ਼ਿਆਦਾਤਰ ਸਮਰਥਕ ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਫ਼ਾਜ਼ਿਲਕਾ, ਫ਼ਰੀਦਕੋਟ ਤੇ ਫਿਰੋਜ਼ਪੁਰ ਜ਼ਿਲਿਆਂ ਤੋਂ ਹਨ। ਇਹ ਉਹੋ ਥਾਵਾਂ ਹਨ ਜਿੱਥੇ ਜ਼ਮੀਨ ਹੇਠਲਾ ਪਾਣੀ ਸ਼ੁੱਧ ਨਾ ਹੋਣ ਕਾਰਨ ਕੈਂਸਰ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ। ਹਰ ਖਿੱਤੇ ‘ਚੋਂ ਭੰਗੀ ਦਾਸ ਬਿਮਾਰ ਲੋਕਾਂ ਦੀ ਇੱਕ ਸੂਚੀ ਤਿਆਰ ਕਰਦਾ ਹੈ ਤੇ ਆਪਣੇ ਹੈਡਕੁਆਟਰ ਨੂੰ ਭੇਜਦਾ ਹੈ ਤੇ ਡੇਰਾ ਉਨਾਂ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਵਾਉਂਦਾ ਹੈ। ਇਹ ਆਮ ਲੋਕਾਂ ਨੂੰ ਬਹੁਤ ਵੱਡੀ ਰਾਹਤ ਹੈ।ਆਮ ਇਨਸਾਨ ਜਦੋਂ ਅਜਿਹੇ ਕੰਮ ਵੇਖਦਾ ਹੈ ਤਾਂ ਸ਼ਾਇਦ ਉਹ ਇਹ ਨਹੀਂ ਵੇਖਦਾ ਕਿ ਡੇਰਾ ਮੁਖੀ ‘ਤੇ ਬਲਾਤਕਾਰ, ਕਤਲ, ਪੁਰਸ਼ਾਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਦਰਜ ਹਨ। ਇਹੋ ਡੇਰਾ ਸੱਚਾ ਸੌਦਾ ਦੀ ਪ੍ਰਸਿੱਧੀ ਦਾ ਰਾਜ਼ ਹੈ, ਜੋ ਉਸ ਦੇ ਹਰੇਕ ਪੈਰੋਕਾਰ ਨੂੰ ਜਨੂੰਨੀ ਬਣਾ ਦਿੰਦਾ ਹੈ।
‘Ðਰੋਜ਼ਾਨਾ ਸਪੋਕਸਮੈਨ’ ਅਖਬਾਰ ਦੀ ਅਹੁਦੇਦਾਰ ਨਿਮਰਤ ਕੌਰ ਦਾ ਕਹਿਣਾ ਹੈ ਕਿ ਪੰਜਾਬ ਅਤੇ ਹਰਿਆਣਾ ਵਿਚ ਅੱਜ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸੌਦਾ ਸਾਧ ਦੇ ਪ੍ਰੇਮੀਆਂ ਨੇ ਇਨਾਂ ਦੋਹਾਂ ਸੂਬਿਆਂ ਅਤੇ ਰਾਜਧਾਨੀ ਚੰਡੀਗੜ ਵਿਚ ਡਰ ਦਾ ਮਾਹੌਲ ਪੈਦਾ ਕਰ ਦਿਤਾ ਹੈ। ਸਕੂਲ-ਕਾਲਜ ਬੰਦ ਕਰ ਦਿਤੇ ਗਏ ਹਨ ਅਤੇ ਲੋਕ ਘਰਾਂ ‘ਚ ਬੈਠੇ ਹਨ ਕਿਉਂਕਿ ਇਨਾਂ ‘ਪ੍ਰੇਮੀਆਂ’ ਵਿਚ ਆਪਣੇ ‘ਪਿਤਾ ਜੀ’ ਵਾਸਤੇ ਏਨੀ ਸ਼ਰਧਾ ਹੈ ਜਿੰਨੀ ਰਾਮਪਾਲ ਦੇ ਸ਼ਰਧਾਲੂਆਂ ਵਿਚ ਵੀ ਨਹੀਂ ਸੀ। ਰਾਮਪਾਲ ਕੋਲ ਅਪਣੀ ਸੁਰੱਖਿਆ ਲਈ ਸਿਰਫ਼ ਇਕ ਛੋਟੀ ਜਹੀ ਟੋਲੀ ਵਖਰੀ ਸੀ ਜਿਸ ਕੋਲ ਅਸਲਾ ਬਰੂਦ ਸੀ। ਬਾਕੀ ਸ਼ਰਧਾਲੂ ਜਬਰ ਨਾਲ ਆਸ਼ਰਮ ਵਿਚ ਰੱਖੇ ਗਏ ਸਨ। ਪਰ ਹੁਣ ਸੌਦਾ ਸਾਧ ਵਿਰੁਧ ਬਲਾਤਕਾਰ ਦੇ ਮਾਮਲੇ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਉਸ ਦੇ ਅਪਣੇ ਆਪ ਨੂੰ ਪ੍ਰੇਮੀ ਅਖਵਾਉਂਦੇ ਸ਼ਰਧਾਲੂਆਂ ਨੇ ਸੜਕਾਂ ਉਤੇ ਖ਼ੁਦ ਨੂੰ ਹੀ ਹਥਿਆਰ ਬਣਾ ਕੇ ਹਰਿਆਣਾ ਉਤੇ ਕਬਜ਼ਾ ਕਰ ਲਿਆ ਹੈ। ਜ਼ਾਹਰ ਹੈ, ‘ਪ੍ਰੇਮੀਆਂ’ ਨੂੰ ਸਿਰਸੇ ਤੋਂ ਸੜਕਾਂ ਉਤੇ ਉਤਰਨ ਦੇ ਹੁਕਮ ਦਿਤੇ ਗਏ ਹੋਣਗੇ। ਸੌਦਾ ਸਾਧ ਵਲੋਂ ਇਹ ਉਸ ਦੀ ਗ਼ਲਤੀ ਦਾ ਪ੍ਰਗਟਾਵਾ ਹੀ ਹੈ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਫ਼ੈਸਲਾ ਉਸ ਦੇ ਵਿਰੁਧ ਹੀ ਆਉਣ ਵਾਲਾ ਹੈ ਜਿਸ ਫ਼ੈਸਲੇ ਦੇ ਜਲੌਅ ਨੂੰ ਫਿੱਕਿਆਂ ਕਰਨ ਲਈ ਉਸ ਨੇ ਫ਼ੈਸਲੇ ਤੋਂ ਪਹਿਲਾਂ ਅਪਣੀ ਤਾਕਤ ਦਾ ਪ੍ਰਦਰਸ਼ਨ ਕਰ ਕੇ ਅਪਣੀ ਖਿੱਝ ਮਿਟਾਉਣ ਦਾ ਯਤਨ ਕੀਤਾ ਹੈ। ਪਰ ਸਾਡਾ ਸਿਸਟਮ ਜਨਤਾ ਨੂੰ ਜਵਾਬਦੇਹ ਹੈ ਅਤੇ ਸਬੂਤਾਂ ਦੇ ਸਾਹਮਣੇ ਫ਼ੈਸਲਾ ਇਸ ਸਾਧ ਦੀ ਤਾਕਤ ਸਾਹਮਣੇ ਝੁਕਾਇਆ ਨਹੀਂ ਜਾ ਸਕਦਾ। ਅੱਜ ਦਾ ਦਿਨ ਪੰਜਾਬ, ਹਰਿਆਣਾ ਅਤੇ ਚੰਡੀਗੜ ਵਾਸਤੇ ਬੜਾ ਔਖਾ ਹੈ ਅਤੇ ਜਨਤਾ ਵਾਸਤੇ ਸ਼ਾਂਤੀ ਬਣਾਈ ਰਖਣਾ ਬਹੁਤ ਜ਼ਰੂਰੀ ਹੈ।
ਰਾਮਪਾਲ ਅਤੇ ਆਸਾਰਾਮ ਤੋਂ ਬਾਅਦ ਅੱਜ ਸ਼ਾਇਦ ਸੌਦਾ ਸਾਧ, ਕਾਨੂੰਨ ਸਾਹਮਣੇ ਅਪਣਾ ਸਿਰ ਝੁਕਾਉਣ ਲਈ ਮਜਬੂਰ ਕੀਤਾ ਜਾਵੇਗਾ ਪਰ ਫਿਰ ਵੀ ਇਕ ਸਵਾਲ ਪੁਛਿਆ ਜਾਣਾ ਜ਼ਰੂਰੀ ਹੈ। ਇਹ ਕਿਸ ਤਰਾਂ ਦਾ ਸਮਾਜ ਹੈ ਜਿਥੇ ਲੱਖਾਂ ਮਰਦ ਔਰਤਾਂ ਇਕ ਬਲਾਤਕਾਰ ਦੇ ਮੁਲਜ਼ਮ ਨੂੰ ਬਚਾਉਣ ਵਾਸਤੇ ਸੜਕਾਂ ਉਤੇ ਉਤਰ ਆਏ ਹਨ ਪਰ ਉਸ ਬਲਾਤਕਾਰ ਦੀ ਪੀੜਤ ਔਰਤ ਬਾਰੇ ਕਿਸੇ ਨੂੰ ਪ੍ਰਵਾਹ ਹੀ ਕੋਈ ਨਹੀਂ। ਸੌਦਾ ਸਾਧ ਵਿਰੁਧ ਕਤਲ, ਅਪਣੀ ਨਿਜੀ ਸੈਨਾ ਨੂੰ ਅਸਲੇ ਦੀ ਸਿਖਲਾਈ ਦੇਣ ਅਤੇ 500 ਮਰਦਾਂ ਨੂੰ ‘ਸਾਧੂ’ ਬਣਾਉਣ ਵਾਸਤੇ ਨਪੁੰਸਕ ਬਣਾਉਣ ਦੇ ਸੰਗੀਨ ਇਲਜ਼ਾਮ ਵੀ ਹਨ। ਪਰ ਉਸ ਦੇ ਸ਼ਰਧਾਲੂਆਂ ਨੂੰ ਉਸ ਉਤੇ ਏਨਾ ਭਰੋਸਾ ਹੈ ਕਿ ਉਹ ਉਸ ਦੇ ਹਰ ਗੁਨਾਹ ਨੂੰ ਨਜ਼ਰਅੰਦਾਜ਼ ਕਰਨ ਵਾਸਤੇ ਤਿਆਰ ਹਨ। ਸੌਦਾ ਸਾਧ ਖ਼ੁਦ ਨੂੰ ਰੱਬ ਦੇ ਦੂਤ ਵਜੋਂ ਪੇਸ਼ ਕਰਦਾ ਹੈ। ਖ਼ੁਦ ਨੂੰ ਰੱਬ ਹੀ ਕਰਾਰ ਦਿੰਦਾ ਹੈ। ਅਪਣੀਆਂ ਦਿਲੀ ਖ਼ਾਹਿਸ਼ਾਂ ਨੂੰ ਪੂਰਿਆਂ ਕਰਨ ਵਾਸਤੇ ਉਸ ਨੇ ਅਪਣੀ ਹੀ ਬੇਸੁਰੀ ਆਵਾਜ਼ ਵਿਚ ਗੀਤ ਵੀ ਗਾਏ। ਅਜੀਬ ਚਮਕੀਲੇ ਕਪੜੇ ਪਾ ਕੇ ਅਪਣੀਆਂ ਫ਼ਿਲਮਾਂ ਆਪ ਬਣਾਈਆਂ ਅਤੇ ਫਿਰ ਅਪਣੇ ਹੀ ਗ਼ਰੀਬ ਸ਼ਰਧਾਲੂਆਂ ਨੂੰ ਟਿਕਟਾਂ ਖ਼ਰੀਦ ਕੇ ਦਿਤੀਆਂ ਅਤੇ ਉਹ ਫ਼ਿਲਮਾਂ ਵਿਖਾਈਆਂ।
ਜੋ ਇਨਸਾਨ ਅਪਣੇ ਆਪ ਨੂੰ ਏਨਾ ਪੂਜਦਾ ਹੋਵੇ ਜਾਂ ਪੂਜਵਾਉਂਦਾ ਹੋਵੇ, ਉਸ ਨੂੰ ਲੋਕ ਕਿਉਂ ਪਸੰਦ ਕਰਦੇ ਹਨ? ਉਸ ਦੇ ‘ਪ੍ਰੇਮੀਆਂ’ ਦੀ ਸ਼ਰਧਾ ਪਿੱਛੇ ਕਾਰਨ ਸਾਫ਼ ਹੈ। ਸੌਦਾ ਸਾਧ ਅਤੇ ਉਸ ਦਾ ਡੇਰਾ ਉਸ ਸਮੇਂ ਲੋਕਾਂ ਦੀ ਮਦਦ ਵਾਸਤੇ ਆਉਂਦਾ ਹੈ ਜਦੋਂ ਉਨਾਂ ਨੂੰ ਹੋਰ ਕਿਸੇ ਪਾਸੇ ਵਲੋਂ ਉਮੀਦ ਨਹੀਂ ਰਹਿੰਦੀ। ਉਹ ਸ਼ਰਾਬੀ ਪਤੀਆਂ ਨੂੰ ਸਹੀ ਰਸਤੇ ਤੇ ਲਿਆਉਂਦਾ, ਗ਼ਰੀਬਾਂ ਦੀ ਮਦਦ ਕਰਦਾ, ਮਰੀਜ਼ਾਂ ਦਾ ਇਲਾਜ ਕਰਵਾਉਂਦਾ ਹੈ। ਇਸ ਸੱਭ ਵਾਸਤੇ ਪੈਸਾ ਸ਼ਰਧਾ ਅਤੇ ਵੇਚੇ ਪ੍ਰਸ਼ਾਦ ਜਾਂ ਦਾਨ ਤੋਂ ਨਹੀਂ ਆਉਂਦਾ। ਇਨਾਂ ਪ੍ਰੇਮੀਆਂ ਦਾ ਕਰੋੜਾਂ ਦਾ ਵੋਟ ਬੈਂਕ ਬਣ ਚੁਕਿਆ ਹੈ ਜੋ ਇਨਾਂ ਦੇ ਇਸ਼ਾਰੇ ਤੇ ਵੋਟ ਪਾਉਂਦਾ ਹੈ। ਇਸ ਸਾਲ ਸਾਡੀ ‘ਪੰਥਕ ਪਾਰਟੀ’ ਅਕਾਲੀ ਦਲ ਦੇ ਆਗੂ ਵੀ ਸੌਦਾ ਸਾਧ ਅੱਗੇ ਮੱਥੇ ਟੇਕ ਕੇ ਆਏ ਸਨ ਤਾਕਿ ਉਨਾਂ ਨੂੰ ਜਿੱਤ ਹਾਸਲ ਹੋ ਜਾਵੇ। ਕੁੱਝ ਜਿੱਤ ਵੀ ਗਏ ਅਤੇ ਅੱਜ ਸੌਦਾ ਸਾਧ ਦੀ ਸ਼ਰਧਾ ਬਦੌਲਤ ਕੁਰਸੀਆਂ ਉਤੇ ਬੈਠੇ ਹਨ। ਸਿਆਸੀ ਪਾਰਟੀਆਂ ਨੂੰ ‘ਪ੍ਰਸ਼ਾਦ’ ਵਜੋਂ ਮਦਦ ਨਹੀਂ ਦਿਤੀ ਜਾਂਦੀ। ਵੱਡੀਆਂ ਰਕਮਾਂ ਦੇ ਕੇ ਇਹ ਵੋਟ ਬੈਂਕ ਖ਼ਰੀਦੇ ਜਾਂਦੇ ਹਨ।ਅਜੀਬ ਗੱਲ ਹੈ ਕਿ ਸਰਕਾਰਾਂ ਕੰਮ ਨਹੀਂ ਕਰਦੀਆਂ, ਗ਼ਰੀਬਾਂ ਨੂੰ ਤਰਸਾ ਕੇ ਰਖਦੀਆਂ ਹਨ ਅਤੇ ਫਿਰ ਇਸ ਤਰਾਂ ਦੇ ਡੇਰੇ, ਅੱਗੇ ਆ ਕੇ ਲੋਕਾਂ ਨੂੰ ਸ਼ਰਧਾਲੂ ਬਣਾ ਲੈਂਦੇ ਹਨ। ਸ਼ਾਇਦ ਇਸੇ ਸੋਚ ਨੂੰ ਖ਼ਤਮ ਕਰਨ ਵਾਸਤੇ ਬਾਬੇ ਨਾਨਕ ਨੇ ਦਸਵੰਧ ਦੀ ਪ੍ਰਥਾ ਸ਼ੁਰੂ ਕੀਤੀ ਸੀ ਪਰ ਅੱਜ ਪੰਜਾਬ ਵਿਚ ਇਸ ਤਰਾਂ ਦੇ ਡੇਰਾਵਾਦ ਦੇ ਪ੍ਰਚਲਿਤ ਹੋਣ ਦੀ ਜ਼ਿੰਮੇਵਾਰੀ ਸਾਡੀ ਪ੍ਰਮੁੱਖ ਸੰਸਥਾ ਸ਼੍ਰੋਮਣੀ ਕਮੇਟੀ ਉਤੇ ਆਉਂਦੀ ਹੈ। ਜੇ ਉਹ ਸਾਡੇ ਧਰਮ ਦੀ ਸੰਭਾਲ, ਗੁਰੂਆਂ ਦੀ ਸੋਚ ਨਾਲ ਜੁੜ ਕੇ ਕਰਦੀ ਤਾਂ ਗੁਰਦਵਾਰੇ ਉਸਾਰਨ, ਸੰਗਮਰਮਰ ਥੱਪਣ ਅਤੇ ਵਿਖਾਵੇ ਉਤੇ ਪੈਸਾ ਨਾ ਖ਼ਰਚਦੀ। ਦੁੱਧ ਬੱਚਿਆਂ ਦੇ ਪੀਣ ਵਾਸਤੇ ਹੈ ਨਾਕਿ ਫ਼ਰਸ਼ਾਂ ਨੂੰ ਧੋਣ ਵਾਸਤੇ। 23 ਰੁਮਾਲਿਆਂ ਵਿਚ ਬਾਣੀ ਨੂੰ ਲਪੇਟ ਕੇ ਸਿੱਖ ਫ਼ਲਸਫ਼ੇ ਨੂੰ ਲੋਕਾਂ ਦੇ ਮਨਾਂ ਤੋਂ ਦੂਰ ਕਰ ਲਿਆ ਗਿਆ ਹੈ ਅਤੇ ਸੰਗਤ ਵਿਚ ਗੁਰੂ ਦੀ ਸੋਚ ਨੂੰ ਫੈਲਣ ਨਹੀਂ ਦਿਤਾ। ਸੰਗਤਾਂ ਚੜਾਵਾ ਚੜਾਉਂਦੀਆਂ ਰਹਿੰਦੀਆਂ ਹਨ ਅਤੇ ਗੁਰੂ ਘਰਾਂ ਵਿਚ ਉਸ ਦੀ ਦੁਰਵਰਤੋਂ ਚਲਦੀ ਰਹਿੰਦੀ ਹੈ। ਨਤੀਜੇ ਵਜੋਂ, ਗ਼ਰੀਬ ਇਨਾਂ ਡੇਰਿਆਂ ਵਿਚ ਫੱਸ ਕੇ ਇਕ ਵੋਟ ਬੈਂਕ ਬਣ ਜਾਂਦਾ ਹੈ।ਸੌਦਾ ਸਾਧ ਜੋ ਕਿ ਕਦੇ ਇਕ ਡਰਾਈਵਰ ਹੁੰਦਾ ਸੀ, ਅੱਜ ਅਪਣੇ ਆਪ ਨੂੰ ਰੱਬ ਅਖਵਾਉਣ ਦੀ ਜੁਰਅਤ ਹਾਸਲ ਕਰ ਚੁੱਕਾ ਹੈ ਜਿਸ ਦੇ ਪਿੱਛੇ ਸਾਡੇ ਸਿਆਸਤਦਾਨਾਂ, ਸ਼ਾਸਨ ਤੇ ਧਰਮ ਦੇ ਅਖੌਤੀ ਪ੍ਰਚਾਰਕਾਂ ਦੀ ਕਮਜ਼ੋਰੀ ਸਾਫ਼ ਦਿਸਦੀ ਹੈ।