ਰੇਪ ਦਾ ਮੁਲਜ਼ਮ ਡੇਰਾ ਮੁਖੀ ਤੇ ਲੋਕ+ਤੰਤਰ

ਪੇਸ਼ਕਸ਼-ਅਮਨਦੀਪ
ਡੇਰਾ ਸਿਰਸਾ ਦੇ ਮੁਖੀ ਦੇ ਰੇਪ ਕੇਸ ਦੇ ਕਾਨੂੰਨੀ ਪੱਖਾਂ ਤੇ ਇਸ ਦੇ ਪੈ ਰਹੇ ਸਮਾਜਿਕ ਪ੍ਰਭਾਵ ਬਾਰੇ ਵੱਖ ਵੱਖ ਬੁੱਧੀਜੀਵੀਆਂ ਨੇ ਵੱਖ ਵੱਖ ਪੱਖਾਂ ਤੋਂ ਵਿਚਾਰ ਪ੍ਰਗਟਾਏ ਹਨ।
ਐਡਵੋਕੇਟ ਨਰਿੰਦਰ ਕੁਮਾਰ ਜੀਤ ਦਾ ਕਹਿਣਾ ਹੈ ਕਿ ਇਸ ਕੇਸ ਦੇ ਬਿਲਕੁਲ ਕਾਨੂੰਨੀ ਪੱਖ ਤੋਂ ਕੁਝ ਗੱਲਾਂ ਨੋਟ ਕਰਨ ਵਾਲੀਆਂ ਹਨ:-
# ਜਦੋਂ ਡੇਰੇ ਦੀਆਂ ਕੁਝ ਸਾਧਵੀਆਂ ਵੱਲੋਂ ਉਹਨਾਂ ਨਾਲ ਹੋਏ ਬਲਾਤਕਾਰ ਬਾਰੇ ਇੱਕ ਗੁਮਨਾਮ ਪੱਤਰ ਕਈ ਸਾਲ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਸੁਪਰੀਮ ਕੋਰਟ ਦੇ ਚੀਫ ਜੱਜ ਨੂੰ ਭੇਜਿਆ ਗਿਆ ਤਾਂ ਇਹ ਕੁਝ ਖੋਜੀ ਪੱਤਰਕਾਰਾਂ ਅਤੇ ਡੇਰਾ ਵਿਰੋਧੀਆਂ ਦੇ ਹੱਥ ਵੀ ਲੱਗ ਗਿਆ। ਡੇਰੇ ਵੱਲੋਂ ਇਸ ਪੱਤਰ ਦੀ ਵੰਡ ਰੋਕਣ ਲਈ ਸਿਰਤੋੜ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਅਨੇਕਾਂ ਪੱਤਰਕਾਰਾਂ, ਫੋਟੋਸਟੇਟ ਵਾਲਿਆਂ ਅਤੇ ਆਮ ਲੋਕਾਂ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਪਰਚੇ ਦਰਜ ਕਰਵਾਏ ਗਏ। ਇਸ ਦੌਰ ਚ ਧਾਰਾ 295-ਏ ਤਹਿਤ ਪੰਜਾਬ ਚ ਸਭ ਤੋਂ ਵੱਧ ਪਰਚੇ ਦਰਜ ਹੋਏ।
# ਇਹਨਾਂ ਗੁਮਨਾਮ ਪੱਤਰਾਂ ਦੇ ਅਧਾਰ ਤੇ ਸਿਰਸਾ ਦੇ ਸ਼ੈਸ਼ਨ ਜੱਜ ਨੂੰ ਪੜਤਾਲ ਕਰਨ ਲਈ ਕਿਹਾ ਗਿਆ, ਜਿਨਾਂ ਨੇਂ ਆਪਣੀ ਰਿਪੋਰਟ ਚ ਕਿਹਾ ਕਿ ਸਰਸਰੀ ਨਜ਼ਰ ਨਾਲ ਦੇਖ਼ਿਆਂ, ਮਾਮਲਾ ਕਾਰਵਾਈ ਯੋਗ ਲਗਦਾ ਹੈ, ਜਿਸ ਤੋਂ ਬਾਅਦ ਕਈ ਮੋੜਾਂ ਘੋੜਾਂ ਚੋਂ ਲੰਘ ਕੇ ਗੁਰਮੀਤ ਰਾਮ ਰਹੀਮ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ।
# ਇਸ ਕੇਸ ਚ ਡੇਰਾ ਮੁਖੀ ਨੂੰ ਜ਼ਮਾਨਤ ਮਿਲ ਗਈ ਅਤੇ ਜੇਲ ਨਹੀਂ ਜਾਣਾ ਪਿਆ। ਚਲਾਣ ਪੇਸ਼ ਹੋਣ ਤੋਂ ਬਾਅਦ, ਪੇਸ਼ੀਆਂ ਮੌਕੇ ਜਦੋਂ ਬਾਬਾ ਜੀ ਦੇ ਹਜ਼ਾਰਾਂ ਸ਼ਰਧਾਲੂ ਅਦਾਲਤ ਕੋਲ ਪਹੁੰਚਣੇਂ ਸ਼ੁਰੂ ਹੋ ਗਏ ਅਤੇ ਸ਼ਹਿਰ ਦੀ ਟਰੈਫਿਕ ਵਿਵਸਥਾ ਤਹਿਸ ਨਹਿਸ ਹੋਣੀ ਸ਼ੁਰੂ ਹੋ ਗਈ ਤਾਂ ਬਾਬੇ ਨੂੰ ਅਦਾਲਤ ਚ ਪੇਸ਼ੀ ਤੋਂ ਵੀ ਛੋਟ ਮਿਲ ਗਈ ਅਤੇ ਉਸ ਦੀ ਪੇਸ਼ੀ ਵੀਡੀਓ ਕਾਨਫਰੰਸ ਰਾਹੀ ਹੋਣ ਲੱਗ ਪਈ।
# ਇਸ ਤਰਾਂ ਸਾਰੇ ਕੇਸ ਦੌਰਾਨ ਡੇਰਾ ਮੁਖੀ ਆਵਦੀ ਨਾਰਮਲ ਜ਼ਿੰਦਗੀ ਜਿਉਂਦਾ ਰਿਹਾ, ਪ੍ਰਵਚਨ ਕਰਦਾ ਰਿਹਾ, ਫ਼ਿਲਮਾਂ ਬਣਾਉਂਦਾ ਰਿਹਾ, ਆਵਦਾ ਕਾਰੋਬਾਰ ਚਲਾਉਂਦਾ ਰਿਹਾ, ਜਨਮ ਦਿਨ ਧੂਮ ਧਾਮ ਨਾਲ ਮਨਾਉਂਦਾ ਰਿਹਾ ਅਤੇ ਆਵਦੇ ਲੱਖਾਂ ਸ਼ਰਧਾਲੂਆਂ ਨੂੰ ਧਾਰਮਿਕ ਅਗਵਾਈ ਦਿੰਦਾ ਰਿਹਾ।
# ਕਿਸੇ ਵੀ ਬਲਾਤਕਾਰ ਦੇ ਕੇਸ ਚ ਪੀੜਿਤ ਦਾ ਬਿਆਨ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਅਖਬਾਰਾਂ ਵਿਚ ਛਪੀਆਂ ਖਬਰਾਂ ਅਨੁਸਾਰ ਇਸ ਕੇਸ ਚ ਪੀੜਿਤ ਨੇਂ ਇਸਤਗਾਸਾ ਪੱਖ ਦੀ ਕਹਾਣੀ ਦੀ ਪੁਸ਼ਟੀ ਕੀਤੀ ਹੈ।
# ਇਸ ਕੇਸ ਦਾ ਇੱਕ ਮਹੱਤਵਪੂਰਨ ਪੱਖ ਇਹ ਹੈ ਕਿ ਅਖਬਾਰਾਂ ਵਿਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਚ ਇਸ ਕੇਸ ਤੇ ਹੋਈ ਕਾਰਵਾਈ ਬਾਰੇ ਛਪੀਆਂ ਖਬਰਾਂ ਅਨੁਸਾਰ ਬਾਬਾ ਜੀ ਵੱਲੋਂ ਅਦਾਲਤ ਵਿਚ ਇਹ ਵੀ ਕਿਹਾ ਗਿਆ ਕਿ ਜੋ ਕੁਝ ਵੀ ਹੋਇਆ ਉਹ ਜ਼ੋਰ ਜਬਰਦਸਤੀ ਨਾਲ ਨਹੀਂ ਸਗੋਂ ਆਪਸੀ ਸੁਲਾਹ ਮਰਜ਼ੀ ਨਾਲ ਹੋਇਆ। ਇਸ ਸਬੰਧ ਚ ਬਾਬਾ ਜੀ ਨੇਂ ਅਦਾਲਤ ਤੋਂ ਕੁਝ ਦਸਤਾਵੇਜ਼ ਪੇਸ਼ ਕਰਨ ਅਤੇ ਕੁਝ ਲਿਖਤਾਂ ਦੀ ਸ਼ਨਾਖਤ ਕਰਵਾਉਣ ਦੀ ਅਰਜ਼ੀ ਦਿੱਤੀ, ਪਰ ਟਰਾਇਲ ਕੋਰਟ ਨੇਂ ਇਹ ਅਰਜ਼ੀ ਰੱਦ ਕਰ ਦਿੱਤੀ। ਡੇਰਾ ਮੁਖੀ ਜੀ ਨੇਂ ਇਸ ਦੇ ਖਿਲਾਫ ਸੁਪ੍ਰੀਮ ਕੋਰਟ ਤੱਕ ਅਪੀਲਾਂ ਪਾਈਆਂ, ਸੁਪਰੀਮ ਕੋਰਟ ਨੇਂ ਇਹ ਅਰਜ਼ੀ ਰੱਦ ਕਰਦਿਆਂ ਜੋ ਕਿਹਾ ਉਸਦਾ ਭਾਵ ਇਹ ਸੀ ਕਿ ਆਪਣੇ ਆਪ ਨੂੰ ਭਗਵਾਨ ਅਤੇ ਸੰਤ ਕਹਿਣ ਵਾਲਾ ਵਿਅਕਤੀ ਆਪਣੀਆਂ ਸਾਧਵੀਆਂ ਬਾਰੇ ਇਹ ਕਹਿੰਦਾ ਚੰਗਾ ਨਹੀਂ ਲਗਦਾ ਕਿਉਕਿ ਫਿਜੁਸ਼ੀਅਰੀ ਰਿਲੇਸ਼ਨ ਹੋਣ ਕਰਕੇ ਉਸ ਦੇ ਮੂਹਰੇ ਉਸਦੀ ਇੱਛਾ ਚੱਲ ਹੀ ਨਹੀਂ ਸਕਦੀ। ਉਂਝ ਵੀ ਲੋਕਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਦੂਰ ਰਹਿਣ ਦੇ ਉਪਦੇਸ਼ ਦੇਣ ਵਾਲਾ ਮਹਾਤਮਾ, “ ਸੁਲਾਹ ਮਰਜ਼ੀ” ਦਾ ਬਹਾਨਾ ਕਿਵੇਂ ਲਾ ਸਕਦਾ ਹੈ?
# ਓਧਰ ਡੇਰਾ ਮੁਖੀ ਅਤੇ ਉਹਨਾਂ ਦੇ ਸ਼ਰਧਾਲੂਆਂ ਦਾ ਪੱਖ ਹੈ ਕਿ ਬਾਬੇ ਨੂੰ ਇਸ ਕੇਸ ਚ ਝੂਠਾ ਫਸਾਇਆ ਗਿਆ ਹੈ।
ਕਿਓਂ ਅਤੇ ਕਿਵੇਂ – ਇਹ ਉਹਨਾਂ ਨੇਂ ਜਨਤਕ ਤੌਰ ਤੇ ਸਪਸ਼ਟ ਨਹੀਂ ਕੀਤਾ।
ਅਦਾਲਤ ਚ ਇਸ ਪੱਖ ਨੂੰ ਉਹਨਾਂ ਨੇਂ ਕਿਨੇਂ ਕੁ ਜ਼ੋਰ ਨਾਲ ਰਖਿਆ ਹੈ ਇਹ ਅਦਾਲਤ ਨੇ ਜਨਤਕ ਨਹੀਂ ਕੀਤਾ, ਅੰਤਿਮ ਫੈਸਲਾ ਅਦਾਲਤ ਦੇ ਹੱਥ ਹੈ।
ਹਰ ਉਹ ਧਿਰ ਜਿਸਨੂੰ ਲੱਗੇਗਾ ਕਿ ਇਨਸਾਫ ਨਹੀਂ ਮਿਲਿਆ, ਉੱਚ ਅਦਾਲਤ ਨੂੰ ਪਹੁੰਚ ਕਰ ਸਕਦੀ ਹੈ।
ਅਸੀਂ ਸਾਰੇ ਉਮੀਦ ਕਰਦੇ ਹਾਂ ਕਿ ਅਦਾਲਤ ਨਿਆਂ ਕਰੇਗੀ !
ਕਾਲਮ ਨਵੀਸ ਜੀ ਐਸ ਗੁਰਦਿੱਤ ਦਾ ਕਹਿਣਾ ਹੈ ਕਿ 25 ਅਗਸਤ ਦੇ ਫੈਸਲੇ ਨੂੰ ਉਡੀਕ ਰਹੇ ਹਰ ਤਰਾਂ ਦੇ ਵਿਚਾਰਾਂ ਵਾਲੇ ਲੋਕਾਂ ਨੂੰ ਬੇਨਤੀ ਹੈ ਕਿ ਜੇ ਫੈਸਲਾ ਤੁਹਾਡੇ ਹੱਕ ਵਿੱਚ ਆ ਗਿਆ ਤਾਂ ਇੰਨੀਆਂ ਕਿਲਕਾਰੀਆਂ ਨਾ ਮਾਰਿਉ ਕਿ ਵਿਰੋਧੀਆਂ ਨੂੰ ਤੁਹਾਡੀਆਂ ਕਿਲਕਾਰੀਆਂ ਵੀ ਬੜਕਾਂ ਵਰਗੀਆਂ ਲੱਗਣ.
ਅਤੇ ਜੇ ਫੈਸਲਾ ਤੁਹਾਡੇ ਵਿਰੋਧ ਵਿੱਚ ਆ ਗਿਆ ਤਾਂ ਇੰਨੀਆਂ ਚੀਕਾਂ ਵੀ ਨਾ ਮਾਰਿਉ ਕਿ ਤੁਹਾਡੀਆਂ ਚੀਕਾਂ ਸੁਣ ਕੇ ਕਿਸੇ ਨੂੰ ਬੜਕਾਂ ਮਾਰਨ ਦਾ ਮੌਕਾ ਮਿਲੇ.
ਜ਼ਿੰਦਗੀ ਵਿੱਚ ਸੰਜਮ ਨਾਲ ਰਹਿਣਾ ਸਿੱਖੋ ਕਿਉਂਕਿ ਸਾਰੇ ਧਰਮ ਇਹੀ ਸਿਖਾਉਂਦੇ ਹਨ.
‘ਪਹਿਰੇਦਾਰ’ ਅਖਬਾਰ ਦੇ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਨੇ ਸਵਾਲ ਕੀਤਾ ਹੈ ਕਿ ਸੌਧਾ ਸਾਧ ਮਾਮਲਾ: ਸਿੱਖ ਕੌਮ ਕੀ ਕਰੇ. . .?
ਸਾਨੂੰ ਪੰਥ ਦਰਦੀਆਂ ਦੇ ਨਿਰੰਤਰ ਫੋਨ ਆ ਰਹੇ ਹਨ। ਸਾਰਿਆਂ ਵੱਲੋਂ ਇਕੋ ਸੁਆਲ ਦੁਹਰਾਇਆ ਜਾ ਰਿਹਾ ਹੈ, ਸੌਦਾ ਸਾਧ ਵਾਲੇ ਮਾਮਲੇ ‘ਤੇ ਕੌਮ ਕੀ ਕਰੇ? ਭਾਵੇਂ ਅਸੀਂ ਵਾਰ-ਵਾਰ ਦੁਹਰਾਉਂਦੇ ਆ ਰਹੇ ਹਾਂ ਕਿ ਸੌਦਾ ਸਾਧ ਵਾਲੇ ਮਾਮਲੇ ਨਾਲ ਸਿੱਖ ਕੌਮ ਦਾ ਕੋਈ ਲੈਣਾ-ਦੇਣਾ ਨਹੀਂ। ਇਹ ਅਦਾਲਤ ਦੇ ਫੈਸਲੇ ਨੂੰ ਸਰਕਾਰ ਵੱਲੋਂ ਪ੍ਰਵਾਨ ਚੜਾਉਣ ਦਾ ਮਾਮਲਾ ਹੈ। ਸੌਦਾ ਸਾਧ ਨੇ ਡੇਰੇ ਰਹਿੰਦੀਆਂ ਸਾਧਵੀਆਂ ਨਾਲ ਬਲਾਤਕਾਰ ਕੀਤਾ, ਡੇਰਾ ਸਿਰਸੇ ‘ਚ ਹੈ, ਸਿਰਸਾ ਹਰਿਆਣੇ ‘ਚ। ਇਸ ਲਈ ਕੇਸ ਵੀ ਪੰਚਕੂਲਾ ਦੀ ਅਦਾਲਤ ‘ਚ ਚੱਲਿਆ, ਪੰਚਕੂਲਾ ਵੀ ਹਰਿਆਣੇ ‘ਚ ਹੈ। ਵੈਸੇ ਤਾਂ ਇਹ ਪੂਰਾ ਮਾਮਲਾ ਹਰਿਆਣੇ ਨਾਲ ਸਬੰਧਿਤ ਹੈ, ਜੇ ਸੌਦਾ ਸਾਧ ਜੇਲ ਜਾਂਦਾ ਹੈ ਤਾਂ ਵੀ ਹਰਿਆਣੇ ਦੀ ਕਿਸੇ ਜੇਲ ‘ਚ ਜਾਵੇਗਾ। ਪੰਜਾਬ ਨਾਲ ਇਸ ਦਾ ਕੋਈ ਲੈਣਾ-ਦੇਣਾ ਨਹੀਂ।
”ਆਪ ਫਾਥੜੀਏ ਤੈਨੂੰ ਕੌਣ ਛੁਡਾਵੇ” ਸਰਕਾਰਾਂ ਨੇ ਵੋਟਾਂ ਲਈ ਸੌਦਾ ਸਾਧ ਨੂੰ ਪਹਿਲਾਂ ਸਿਰ ਚੜਾ ਲਿਆ, ਜਿਹੜਾ ਹੁਣ ਲਹਿਣ ਲਈ ਤਿਆਰ ਨਹੀਂ। ਉਹ ਸਿਆਸੀ ਧਿਰਾਂ ਨੂੰ ਆਪਣੀਆਂ ਗੁਲਾਮ ਸਮਝਦਾ ਹੈ। ਵੋਟਾਂ ਸਮੇਂ ਉਸ ਦੇ ਤਲਵੇ ਚੱਟਣ ਵਾਲੇ ਸਿਆਸੀ ਲੋਕ, ਉਸ ਨੂੰ ਕੀੜੇ-ਮਕੌੜੇ ਵਿਖਾਈ ਦਿੰਦੇ ਹਨ। ਇਸ ਲਈ ਦਬਾਅ ਦੀ ਨੀਤੀ ਨਾਲ ਉਹ ਸਰਕਾਰਾਂ ਨੂੰ ਝੁਕਾਉਣਾ ਚਾਹੁੰਦਾ ਹੈ। ਪੰ੍ਰਤੂ ਸਰਕਾਰ ਚਾਹੇ ਕੋਈ ਵੀ ਹੋਵੇ, ਜਦੋਂ ਕੋਈ ਧਿਰ ਚਾਹੇ ਉਹ ਕੋਈ ਵੀ ਹੋਵੇ, ਉਸ ਨਾਲ ਸਿੱਧੇ ਟਕਰਾਅ ‘ਤੇ ਆ ਜਾਂਦੀ ਹੈ ਤਾਂ ਉਸ ਧਿਰ ਨੂੰ ਮਸਲਣ ਲਈ ਸਰਕਾਰ ਸਾਰੀ ਤਾਕਤ ਝੋਕ ਦਿੰਦੀ ਹੈ। ਸੌਦਾ ਸਾਧ ਵਾਲੇ ਮੁੱਦੇ ‘ਤੇ ਸਰਕਾਰਾਂ ਖਾਸ ਕਰਕੇ ਕੇਂਦਰ ਦੀ ਅਤੇ ਹਰਿਆਣੇ ਦੀਆਂ ਸਰਕਾਰਾਂ ਬੁਰੀ ਤਰਾਂ ਫਸ ਗਈਆਂ ਹਨ। ਉਨਾਂ ਲਈ ਸੌਦਾ ਸਾਧ ”ਸੱਪ ਦੇ ਮੂੰਹ ਕੋਹੜ ਕਿਰਲੀ” ਵਾਗੂੰ ਫ਼ਸ ਗਿਆ ਹੈ। ਜੇ ਸੌਦਾ ਸਾਧ ਨੂੰ ਸਜ਼ਾ ਹੁੰਦੀ ਹੈ ਤਾਂ ਉਸ ਨੂੰ ਜੇਲ ‘ਚ ਭੇਜਣਾ ਸਰਕਾਰ ਦੀ ਮਜਬੂਰੀ ਬਣ ਜਾਣਾ ਹੈ।
ਹਾਲਾਕਿ ਸੌਦਾ ਸਾਧ ਦੀ ਗ੍ਰਿਫ਼ਤਾਰੀ ਸਰਕਾਰ ਲਈ ਬਹੁਤੀ ਔਖੀ ਨਹੀਂ। ਪੰ੍ਰਤੂ ਵੋਟ ਮੰਗਤਿਆਂ ਦੀਆਂ ਸਰਕਾਰਾਂ ਵੋਟ ਰਾਜਨੀਤੀ ਨੂੰ ਵੀ ਅੱਖੋਂ ਪਰੋਖ਼ੇ ਨਹੀਂ ਕਰਦੀਆਂ। ਇਸ ਲਈ ਸੌਦਾ ਸਾਧ ਨੂੰ ”ਹੳੂਆ” ਬਣਾ ਦਿੱਤਾ ਗਿਆ। ਸੌਦਾ ਸਾਧ ਦੇ ਮਾਮਲੇ ਦਾ ਸਿੱਖਾਂ ਅਤੇ ਪੰਜਾਬ ਦੋਵਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਇਸ ਲਈ ਸਿੱਖਾਂ ਨੂੰ ਮੁੱਢਲੇ ਰੂਪ ‘ਚ ਇਸ ਮੁੱਦੇ ਤੋਂ ਆਪਣੇ-ਆਪ ਨੂੰ ਪੂਰੀ ਤਰਾਂ ਨਿਰਲੇਪ ਰੱਖਣਾ ਚਾਹੀਦਾ ਹੈ। ਸਰਕਾਰ ਜਾਣੇ ਜਾਂ ਸੌਦਾ ਸਾਧ, ਦੋਵੇਂ ਇਕ ਦੂਜੇ ਨੂੰ ਕਿਵੇਂ ਮਾਤ ਦਿੰਦੇ ਹਨ ਇਹ ਉਨਾਂ ਦੀ ਸਿਰਦਰਦੀ ਹੈ। ਪ੍ਰੰਤੂ ਕਿਉਂਕਿ ਮਾਮਲਾ ਭਾਜਪਾ ਸਰਕਾਰ ਨਾਲ ਜੁੜਿਆ ਹੋਇਆ ਹੈ। ਇਸ ਲਈ ਇਸ ਮਾਮਲੇ ਦਾ ਰੁਖ ਜਾਣ ਬੁੱਝ ਕੇ ਸਿੱਖਾਂ ਵੱਲ ਮੋੜਨ ਦੀ ਡੂੰਘੀ ਸਾਜਿਸ਼ ਤੇ ਖ਼ਤਰਨਾਕ ਖੇਡ ਖੇਡੀ ਜਾ ਸਕਦੀ ਹੈ। ਸਿੱਖਾਂ ਨੇ ਬੱਸ ਉਸ ਖੇਡ ਤੋਂ ਖ਼ਬਰਦਾਰ ਤੇ ਸੁਚੇਤ ਰਹਿਣਾ ਹੈ। ਭਾੜੇ ਦੇ ਟੱਟੂਆਂ ਰਾਂਹੀ ਪੰਜਾਬ ਦੀ ਧਰਤੀ ‘ਤੇ ਕੋਈ ਸ਼ਰਾਰਤ ਕਰਵਾਈ ਜਾ ਸਕਦੀ ਹੈ ਅਤੇ ਸਿੱਖਾਂ ਨੂੰ ਭੜਕਾਅ ਕੇ ਘਰਾਂ ‘ਚੋਂ ਬਾਹਰ ਆਉਣ ਲਈ ਮਜ਼ਬੂਰ ਕਰਕੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਦੋ-ਚਾਰ ਪ੍ਰੇਮੀਆਂ ਤੇ 5-7 ਸਿੱਖਾਂ ਨੂੰ ਗੋਲੀਆਂ ਮਾਰ ਕੇ ਇਸ ਮੁੱਦੇ ਨੂੰ ਸਿੱਖ ਬਨਾਮ ਸੌਦਾ ਸਾਧ ਲੜਾਈ ਵਜੋਂ ਪੇਸ਼ ਕਰਕੇ, ਸਮੇਂ ਦੀਆਂ ਸਰਕਾਰਾਂ ਖ਼ੁਦ ਫ਼ਾਰਗ ਹੋਣ ਦੀ ਖ਼ਤਰਨਾਕ ਖੇਡ ਵੀ ਖੇਡ ਸਕਦੀਆਂ ਹਨ। ਸਿੱਖਾਂ ਨੂੰ ਇਹ ਧਿਆਨ ‘ਚ ਰੱਖਣਾ ਪਵੇਗਾ। ਸਰਕਾਰਾਂ ਆਪਣੀ ਨਲਾਇਕੀ ਤੇ ਵੋਟ ਲਾਲਸਾ ਕਾਰਣ ਬੁਰੀ ਤਰਾਂ ਫ਼ਸ ਚੁੱਕੀਆਂ ਹਨ। ਉਨਾਂ ਲਈ ਇਸ ਚੱਕਰਵਿੳੂ ‘ਚੋਂ ਬਾਹਰ ਨਿਕਲਣ ਦਾ ਰਸਤਾ ਇਸ ਲੜਾਈ ਨੂੰ ਖ਼ਾਹਮਖਾਹ ਸਿੱਖਾਂ ਦੇ ਗ਼ਲ ਪਾਉਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ।
ਸਰਕਾਰ ਜੇ ਚਾਹਵੇ ਤਾਂ ਸੌਦਾ ਸਾਧ ਨੂੰ ਸਜ਼ਾ ਹੋਣ ਤੋਂ ਬਾਅਦ ਪੰਜਾਬ ਹਰਿਆਣਾ ‘ਚ ਚਿੜੀ ਵੀ ਫੜਕ ਨਹੀਂ ਸਕਦੀ। ਪ੍ਰੰਤੂ ਜੇ ਸਰਕਾਰ ਦੀ ਨੀਅਤ ਮਾੜੀ ਹੈ ਤਾਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਖ਼ਤਰਨਾਕ ਲਾਂਬੂ ਮਿੰਟਾਂ-ਸਕਿੰਟਾਂ ‘ਚ ਲੱਗ ਸਕਦਾ ਹੈ। ਸੌਦਾ ਸਾਧ ਨੂੰ ਜੇ ਸਜ਼ਾ ਹੁੰਦੀ ਹੈ ਤਾਂ ਸਰਕਾਰ ਕੋਲ ਸਖ਼ਤੀ ਦਾ ਕਾਰਾਗਰ ਹਥਿਆਰ ਹੈ। ਪ੍ਰੰਤੂ ਜੇ ਸੌਦਾ ਸਾਧ ਬਰੀ ਹੁੰਦਾ ਹੈ ਤਾਂ ਸਰਕਾਰ ਕੋਲ ਇਸ ਆਫ਼ਤ ਤੋਂ ਛੁਟਕਾਰਾ ਪਾਉਣ ਦਾ ਕੋਈ ਚਾਰਾ ਨਹੀਂ। ਸੌਦਾ ਸਾਧ ਦੇ ਬਰੀ ਹੋਣ ਦਾ ਇਕੋ-ਇਕ ਸੁਨੇਹਾ ਜਾਣਾ ਹੈ ਸਰਕਾਰ ਤੇ ਅਦਾਲਤ ਸੌਦਾ ਸਾਧ ਅੱਗੇ ਲੰਮੀਆਂ ਪੈ ਗਈਆਂ। ਦੂਜੇ ਪਾਸੇ ਸੌਦਾ ਸਾਧ ਦੇ ਬਰੀ ਹੋਣ ‘ਤੇ ਉਸਦੇ ਚੇਲੇ ਚਾਟੜਿਆਂ ਨੇ ਭੂਤਰ ਕੇ ਸਿੱਖਾਂ ਨੂੰ ਆਪਣਾ ਨਿਸ਼ਾਨਾ ਬਨਾਉਣਾ ਹੀ ਬਨਾਉਣਾ ਹੈ, ਸਿੱਖਾਂ ਨੂੰ ਚਿੜਾਉਣਾ ਹੀ ਚਿੜਾਉਣਾ ਹੈ, ਕੱਛਾਂ ਵਜਾਉਣੀਆਂ ਹੀ ਵਜਾਉਣੀਆਂ ਹਨ। ਫ਼ਿਰ ਉਨਾਂ ਨੂੰ ਬਰਦਾਸ਼ਤ ਕਰਨਾ ਸਿੱਖਾਂ ਲਈ ਸੌਖਾ ਨਹੀਂ ਰਹਿਣਾ।
ਅਸੀਂ ਸੌਦਾ ਸਾਧ ਦੇ ਮੁੱਦੇ ‘ਤੇ ਕੌਮ ਨੂੰ ਬੇਨਤੀ ਕਰਾਂਗੇ ਕਿ ਪਹਿਲਾਂ ”ਤੇਲ ਤੇ ਤੇਲ ਦੀ ਧਾਰ ਦੇਖੋ”, ਮੌਕੇ ਦੀ ਨਜ਼ਾਕਤ ਦੀ ਪਛਾਣ ਕਰੋ। ਤਮਾਸ਼ਾ ਵੇਖਣ ਦੀ ਸੋਚ ਬਣਾ ਲਓ। ਆਪਣੇ ਗੁਰਦੁਆਰਾ ਸਾਹਿਬਾਨ ਦੀ ਸੁਰੱਖਿਆ ਦੇ ਪ੍ਰਬੰਧ ਪੁਖ਼ਤਾ ਕਰੋ। ਸ਼ਰਾਰਤੀ ਅਨਸਰਾਂ ‘ਤੇ ਤਿੱਖੀ ਨਜ਼ਰ ਰੱਖੋ। ਸਰਕਾਰ ਦੇ ਰਵੱਈਏ ਨੂੰ ਸਮੇਂ-ਸਮੇਂ ਧਿਆਨ ਨਾਲ ਵਾਚਦੇ ਰਹੋ। ਭੜਕਾਹਟ ਪੈਦਾ ਕੀਤੇ ਜਾਣ ਦੀ ਸਾਜਿਸ਼ ਨੂੰ ਠੰਡੇ ਦਿਮਾਗ ਨਾਲ ਸੋਚ ਵਿਚਾਰ ਉਪਰੰਤ ਕਿਸੇ ਜਵਾਬੀ ਕਾਰਵਾਈ ਬਾਰੇ ਸੋਚੋ। ਪ੍ਰੰਤੂ ਨਾਲ ਹੀ ਨਾਲ ਇਹ ਚਿਤਾਵਨੀ ਵੀ ਸਰਕਾਰ ਪ੍ਰਸ਼ਾਸਨ ਤੇ ਸੌਦਾ ਸਾਧ ਵਾਲਿਆਂ ਨੂੰ ਦੇ ਦਿੱਤੀ ਜਾਵੇ ਕਿ ਸਿੱਖ ਉਦੋਂ ਤੱਕ ਸ਼ਾਂਤੀ ਨਾਲ ਚੁੱਪ-ਚਾਪ ਤਮਾਸ਼ਾ ਵੇਖਣਗੇ ਜਦੋਂ ਤੱਕ ਉਨਾਂ ਨੂੰ ਇਸ ਲੜਾਈ ਤੋਂ ਬਾਹਰ ਰੱਖਿਆ ਜਾਂਦਾ ਹੈ। ਜੇ ਸੌਦਾ ਸਾਧ ਵਾਲਿਆਂ ਨੇ ਸਿੱਖਾਂ ਦੇ ਗੁਰੂ ਘਰਾਂ, ਦੁਕਾਨਾਂ, ਮਕਾਨਾਂ ਜਾਂ ਗੱਡੀਆਂ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਤਾਂ ਫ਼ਿਰ ਸਿੱਖ ਚੁੱਪ ਨਹੀਂ ਰਹਿਣਗੇ। ਸੌਦਾ ਸਾਧ ਵਾਲਿਆਂ ਦੀ ਸਰਕਾਰ ਨਾਲ ਲੜਾਈ ਹੈ ਜਿਵੇਂ ਮਰਜ਼ੀ ਨਜਿੱਠਣ, ਸਿੱਖਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਪ੍ਰੰਤੂ ਅਸੀਂ ਕੌਮ ਨੂੰ ਅਖ਼ੀਰ ਵਿਚ ਇਹੀ ਬੇਨਤੀ ਮੁੜ ਦੁਹਰਾਵਾਂਗੇ ਕਿ ਸੌਦਾ ਸਾਧ ਦੀ ਅਦਾਲਤ ਤੇ ਸਰਕਾਰ ਨਾਲ ਸਿੱਧੀ ਲੜਾਈ ਹੈ। ਸਿੱਖਾਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ। ਵੈਸੇ ਸਾਧਵੀਆਂ ਨਾਲ ਬਲਾਤਕਾਰ ਦੀ ਸਿੱਖ ਕੌਮ ਕਰੜੀ ਨਿਖੇਧੀ ਕਰਦੀ ਹੈ ਤੇ ਦੋਸ਼ੀ ਸਾਬਤ ਹੋਣ ਵਾਲੇ ਲਈ ਸਖ਼ਤ ਸਜ਼ਾ ਦੀ ਮੰਗ ਜ਼ਰੂਰ ਕਰਦੀ ਹੈ।