ਪਾਖੰਡਵਾਦ ਨੂੰ ਠੱਲਣ ਦੀ ਲੋੜ…

ਜਸਪਾਲ ਸਿੰਘ ਹੇਰਾਂ
ਅੱਜ ਚਾਰੇ ਪਾਸੇ ਵਾਲ ਤੇ ਗੁੱਤਾਂ ਵੱਢਣ ਦਾ ਰੌਲਾ ਪੈ ਰਿਹਾ ਹੈ। ਜਿਸ ਦਿਨ ਇਸ ਸਬੰਧੀ ਪਹਿਲੀ ਘਟਨਾ ਵਾਪਰੀ ਸੀ, ਅਸੀਂ ਉਸੇ ਦਿਨ ਇਸ ਨੂੰ “ਪਾਖੰਡ ਦਾ ਡਰਾਮਾ” ਦੱਸਿਆ ਸੀ ਕਿਉਂਕਿ ਸਾਨੂੰ ਪੂਰਨ ਭਰੋਸਾ ਸੀ ਕਿ ਉਹ ਤਾਕਤਾਂ ਜਿਹੜੀਆਂ ਦੇਸ਼ ‘ਚ ਅੰਧ ਵਿਸ਼ਵਾਸ ਫੈਲਾ ਕੇ ਆਪਣੀ ਲੁਟ ਕਰਦੀ ਹਨ, ਓਹੀ ਤਾਕਤਾਂ ਹੁਣ ਨਵਾਂ “ਸ਼ੋਸਾ” ਲੈ ਕੇ ਮੈਦਾਨ ਚ ਹਨ। ਇਸ ਦੇਸ਼ ਦੇ ਅਨਪੜ ਤੋਂ ਇਲਾਵਾ ਪੜੇ ਲਿਖੇ 90 ਫੀਸਦੀ ਲੋਕ ਵੀ ਅੰਧ ਵਿਸ਼ਵਾਸ ਦੀ ਜਕੜ ‘ਚ ਹਨ। ਇਸੇ ਕਾਰਣ ਇਸ ਦੇਸ਼ ‘ਚ ਤਾਂਤਰਿਕਾਂ, ਜੋਤਸ਼ੀਆਂ ਤੇ ਪਾਖੰਡੀ ਬਾਬਿਆਂ ਦਾ ਚਾਰੇ ਪਾਸੇ ਬੋਲ-ਬਾਲਾ ਹੈ। ਕਿਸੇ ਤਾਂਤਰਿਕ ਕੋਲ ਚਲੇ ਜਾਓ, ਉਥੇ ਲੋਕਾਂ ਦਾ ਹੜ, ਕਿਸੇ ਜੋਤਸ਼ੀ ਕੋਲ ਚਲੇ ਜਾਓ ਉਥੇ ਆਪਣਾ ਨੰਬਰ ਉਡੀਕਣ ਲਈ ਕਈ ਘੰਟੇ ਲੱਗਦੇ ਹਨ, ਪਾਖੰਡੀ ਬਾਬਿਆਂ ਦਾ ਤਾਂ ਕੀ ਕਹਿਣਾ, ਭੀੜਾਂ ਹੀ ਭੀੜਾਂ। ਅਜਿਹੇ ਮਾਹੌਲ ਦਾ ਲਾਹਾ ਲੈਣ ਲਈ ਪਾਖੰਡੀ ਸ਼ਕਤੀਆਂ ਸਮੇਂ- ਸਮੇਂ ਕੋਈ “ਨਵਾਂ ਪਾਖੰਡੀ ਡਰਾਮਾ” ਸੁਰੂ ਕਰਕੇ ਲੋਕਾਂ ਦੀ ਲੁੱਟ ਸ਼ੁਰੂ ਕਰ ਦਿੰਦੀਆਂ ਹਨ। ਜਦੋਂ ਸਮੇਂ ਦੀ ਸਰਕਾਰ ਜਾਂ ਹਾਕਮ ਵਿਵਾਦਾਂ ‘ਚ ਘਿਰ ਜਾਂਦੇ ਹਨ ਤਾਂ ਉਹ ਲੋਕਾਂ ਦਾ ਧਿਆਨ ਆਪਣੇ ਤੋਂ ਪਾਸੇ  ਕਰਨ ਲਈ ਅਜਿਹੇ ਪਾਖੰਡ ਡਰਾਮੇ ਸ਼ੁਰੂ ਕਰਵਾ ਦਿੰਦੇ ਹਨ। ਵਰਤਮਾਨ ਸਮੇਂ ਗੁੱਤਾਂ ਕੱਟਣ ਦਾ ਚੱਲ ਰਿਹਾ ਡਰਾਮਾ, ਮਾਨਸਿਕ ਰੋਗੀਆਂ, ਪਾਖੰਡੀ ਤੇ ਈਰਖਾ ਸਾੜੇ ਵਾਲਿਆਂ ਦਾ ਮਿਸ਼ਰਣ ਬਣ ਗਿਆ। ਜਿਸ ਕਾਰਣ ਉਹ ਜ਼ਿਆਦਾ ਫੈਲ ਵੀ ਗਿਆ ਤੇ ਘਟਨਾਵਾਂ ਵੀ ਤੇਜ਼ੀ ਨਾਲ ਵਾਪਰੀਆਂ। ਸਰਕਾਰ ਵੱਲੋਂ ਇਸ ‘ਪਾਖੰਡੀ ਡਰਾਮੇ’ ਵੱਲੋਂ ਘੇਸਲ ਵੱਟੀ ਹੋਈ ਹੈ, ਜਿਸ ਕਾਰਣ ਐਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਇਸ ਪਾਖੰਡ ਨੂੰ ਨਕੇਲ ਨਹੀਂ ਪਾਈ ਜਾ ਸਕੀ।
ਸਮੇਂ ਦੇ ਨਾਲ ਭਾਵੇਂ ਇਸ ‘ਪਾਖੰਡ ਦੇ ਡਰਾਮੇ’ ਨੇ ਖ਼ਤਮ ਹੋ ਜਾਣਾ ਹੈ, ਪ੍ਰੰਤੂ ਇਸ ਨਾਲ ਫੈਲੇ ਅੰਧਵਿਸ਼ਵਾਸ ਨੇ ਪਹਿਲਾਂ ਹੀ ਅੰਨੇ ਲੋਕਾਂ ਦਾ ਅੰਨਾਪਣ ਹੋਰ ਗੂੜਾ ਕਰ ਦਿੱਤਾ ਹੈ, ਉਹ ਸੱਚ ਦੇਖਣ ਲਈ ਤਿਆਰ ਨਹੀਂ ਹਨ। ਅੱਜ ਜਦੋਂ ਦੁਨੀਆ ਸੂਚਨਾ ਤਕਨਾਲੋਜੀ ਦੀ ਸਦੀ ਮੰਨੀ ਜਾਂਦੀ 21ਵੀਂ ਸਦੀ ਦੇ ਦੂਜੇ ਦਹਾਕੇ ‘ਚੋਂ ਲੰਘ ਰਹੀ ਹੈ ਅਤੇ ਵਿਗਿਆਨਕ ਖੋਜਾਂ ਸਿਖ਼ਰਾਂ ਵੱਲ ਜਾ ਰਹੀਆਂ ਹਨ, ਪੜਾਈ-ਲਿਖਾਈ ਵੱਧ ਰਹੀ ਹੈ, ਕੰਪਿੳੂਟਰੀ ਯੁੱਗ ਦਾ ਪ੍ਰਭਾਵ ਹਰ ਪਾਸੇ ਵਿਖਾਈ ਦਿੰਦਾ ਹੈ, ਉਸ ਸਮੇਂ ਅੰਧਵਿਸ਼ਵਾਸਾਂ ਦਾ ਪ੍ਰਭਾਵ ਵੀ ਦਿਨੋ ਦਿਨ ਵਧ ਰਿਹਾ ਹੈ, ਜਿਹੜਾ ਭਾਵੇਂ ਪਦਾਰਥਵਾਦੀ ਯੁੱਗ ਦੀ ਦੌੜ ਕਾਰਣ ਬੀਮਾਰ ਹੋ ਰਹੀ ਮਾਨਸਿਕਤਾ ਦਾ ਪ੍ਰਗਟਾਵਾ ਹੈ, ਪ੍ਰੰਤੂ ਨਰੋਏ ਸਮਾਜ ਲਈ ਚਿੰਤਾ ਦਾ ਵਰਤਾਰਾ ਜ਼ਰੂਰ ਹੈ, ਭਾਰਤ ਕਿਉਂਕਿ ਅਧਿਆਤਮਕ ਧਰਾਤਲ ਦਾ ਦੇਸ਼ ਹੈ, ਇਸ ਲਈ ਪਾਖੰਡੀ ਲੋਕ ਜਿੱਥੇ ਲੋਕਾਂ ਦੀ ਧਾਰਮਿਕ ਸ਼ਰਧਾ ਨੂੰ ਆਪਣੀ ਲੁੱਟ ਦਾ ਸਾਧਨ ਬਣਾਈ ਬੈਠੇ ਹਨ, ਉਥੇ ਅਧਿਆਤਮਕਤਾ ਤੋਂ ਟੁੱਟੀ ਲੋਕਾਈ ਦੀ ਕਮਜ਼ੋਰ ਮਾਨਸਿਕਤਾ ਦਾ ਲਾਹਾ ਲੈਣ ਲਈ ਪਾਖੰਡੀ ਸਾਧਾਂ, ਤਾਂਤਰਿਕਾਂ ਤੇ ਜੋਤਸ਼ੀਆਂ ਦਾ ਮੱਕੜ ਜਾਲ ਦਿਨੋ-ਦਿਨ ਫੈਲਦਾ ਜਾ ਰਿਹਾ ਹੈ। ਇੱਥੋਂ ਤੱਕ ਕਿ ਜਿਸ  ਸਿੱਖ ਧਰਮ ਦੀ ਨੀਂਹ ਹੀ ਇਸ ਪਾਖੰਡਵਾਦ ਤੇ ਆਡੰਬਰਵਾਦ ਦੇ ਵਿਰੋਧ ‘ਚ ਰੱਖੀ ਗਈ ਸੀ, ਉਸ ਧਰਮ ਦੀ ਬਹੁਗਿਣਤੀ ਮੁੜ ਤੋਂ ਪਾਖੰਡਵਾਦ, ਵਹਿਮ-ਭਰਮਾਂ ਤੇ ਅੰਧ-ਵਿਸ਼ਵਾਸਾਂ ਦੀ ਹਨੇਰੀ ਖੱਡ ‘ਚ ਡਿੱਗ ਚੁੱਕੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਨ ਫਲਸਫ਼ੇ ਨੂੰ ਭੁੱਲ ਕੇ, ਵਿਗਿਆਨ ਵੱਲੋਂ ਵਿਖਾਏ ਜਾ ਰਹੇ ਚਾਨਣ ਤੋਂ ਮੂੰਹ ਮੋੜ ਕੇ, ਸਿੱਖ, ਪਾਖੰਡੀਆਂ ਦੇ ਪੈਰਾਂ ‘ਚ ਜਾ ਡਿੱਗ ਰਹੇ ਹਨ। ਸ਼ੈਤਾਨ ਲੋਕਾਂ ਨੇ ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਲਈ ਧਾਰਮਿਕ ਅੰਧਵਿਸ਼ਵਾਸਾਂ ਨੂੰ ਪੁਰਾਤਨ ਸਮੇਂ ਤੋਂ ਹੀ ਆਪਣਾ ਹਥਿਆਰ ਬਣਾਇਆ ਹੋਇਆ ਹੈ, ਸਮੇਂ ‘ਚ ਆਉਂਦੀ ਤਬਦੀਲੀ ਨਾਲ ਸਿਰਫ਼ ਹਥਿਆਰ ਦਾ ਰੂਪ ਅਤੇ ਲੁੱਟ ਦਾ ਢੰਗ-ਤਰੀਕਾ ਬਦਲ ਜਾਂਦਾ ਹੈ।
ਅੱਜ ਮੀਡੀਏ ਨੂੰ ਹਥਿਆਰ ਬਣਾ ਕੇ ਪਾਖੰਡੀ ਲੋਕਾਂ ਨੇ ਲੁੱਟ ਦੀ ਹਨੇਰੀ ਮਚਾਈ ਹੋਈ ਹੈ। ਹਰ ਟੀ. ਵੀ. ਚੈਨਲ ਤੇ ਪਾਖੰਡੀ ਸਾਧਾ, ਤਾਂਤਰਿਕ, ਜੋਤਸ਼ੀ, ਲੱਖਾਂ ਰੁਪਏ ਖ਼ਰਚ ਕੇ ਆਪਣੇ ਵਪਾਰ ਨੂੰ ਚਮਕਾ ਰਹੇ ਹਨ ਅਤੇ ਲੋਕ ਇਨਾਂ ਦੇ ਮੱਕੜ ਜਾਲ ‘ਚ ਫਸ ਰਹੇ ਹਨ। ਆਪਣੇ ਆਪ ਨੂੰ ਬੁੱਧੀਜੀਵੀ ਅਖਵਾਉਂਦੇ ਲੋਕ ਵੀ ਇਨਾਂ ਭਰਮਾਂ ਤੇ ਮੱਕੜ ਜਾਲ ‘ਚ ਫਸੇ ਵਿਖਾਈ ਦਿੰਦੇ ਹਨ, ਜੇ ਪੰਜਾਬ ਦਾ ਹਰ ਤੀਜਾ ਨੌਜਵਾਨ ਨਸ਼ੇੜੀ ਹੈ ਤਾਂ 10 ਤੋਂ 9 ਵਹਿਮਾਂ ਭਰਮਾਂ ਦੇ ਜਾਲ ‘ਚ ਫਸੇ ਹੋਏ ਹਨ। ਸਿਰਫ਼ 12 ਗ੍ਰਹਿਆਂ ਦੇ ਸਹਾਰੇ ਚੱਲਣ ਵਾਲੇ ਜੋਤਿਸ਼ ਦਾ ਭਾਂਡਾ, ਗੁਰੂ ਨਾਨਕ ਸਾਹਿਬ ਨੇ 550 ਵਰੇ ਪਹਿਲਾ ”ਲੱਖ ਪਤਾਲਾ, ਪਤਾਲ, ਲੱਖ ਅਗਾਸਾ ਅਗਾਸ” ਦਾ ਗਿਆਨ ਦੇ ਕੇ, ਭੰਨ ਦਿੱਤਾ ਸੀ। ਉਨਾਂ ਪਾਂਡਿਆਂ ਪੁਜਾਰੀਆਂ ਦੇ ਪਾਖੰਡ ਨੂੰ ਉਨਾਂ ਦੇ ਘਰ ਜਾ ਕੇ ਨੰਗਾ ਕੀਤਾ ਸੀ। ਪ੍ਰੰਤੂ ਬਾਬੇ ਨਾਨਕ ਦੇ ਪੈਰੋਕਾਰ, ਅੱਜ ਬਾਬੇ ਨਾਨਕ ਦੀ ਸਿੱਖਿਆ ਨੂੰ ਭੁੱਲ ਕੇ, ਉਨਾਂ ਵਹਿਮਾਂ-ਬਰਮਾਂ ਪਾਖੰਡਾਂ ਤੇ ਆਡੰਬਰਾਂ ਦਾ ਸ਼ਿਕਾਰ ਹੋ ਗਏ ਹਨ, ਜਿਨਾਂ ਦਾ ਬਾਬੇ ਨਾਨਕ ਨੇ ਬੜੀ ਦਲੇਰੀ ਨਾਲ ਭਾਂਡਾ ਚੌਰਾਹੇ ‘ਚ ਭੰਨਿਆ ਸੀ, ਤਿੱਥ-ਵਾਰ, ਦਿਨ-ਤਿਉਹਾਰ, ਗ੍ਰਹਿਆ ਦਾ ਪ੍ਰਭਾਵ, ਨਗਾਂ ਦੀ ਵਰਤੋਂ, ਵਸ਼ਤੂ ਸ਼ਾਸਤਰ, ਜੋਤਿਸ਼, ਮੜੀਆਂ-ਮਸਾਣਾਂ, ਹਵਨ, ਵਹਿਮ-ਭਰਮ, ਜਿਨਾਂ ਦੀ ਸਿੱਖ ਧਰਮ ‘ਚ ਕਿਧਰੇ ਵੀ ਭੋਰਾ-ਭਰ ਥਾਂ ਨਹੀਂ ਸੀ ਉਹ ਸਿੱਖਾਂ ਤੇ ਪੂਰੇ ਹਾਣੀ ਹੋ ਚੁੱਕੇ ਹਨ। ਕਾਰਣ ਕੀ ਹੈ? ਸਿੱਖ ਗੁਰੂ ਤੇ ਗੁਰਬਾਣੀ ਦੇ ਨੇੜੇ ਹੋਣ ਦਾ ਤਾਂ ਵੱਡਾ ਵਿਖਾਵਾ ਕਰਨ ਲੱਗ ਪਏ ਹਨ, ਅਸਲ ‘ਚ ਬਹੁਤ ਦੂਰ ਚਲੇ ਗਏ ਹਨ। ਬਹੁਰਾਸ਼ਟਰੀ ਕੰਪਨੀਆਂ ਦੇ ਮਾਰਕੀਟ ਕਰਨ ਦੇ ਸਫ਼ਲ ਨੁਸਖ਼ੇ ਅਧੀਨ ਮੀਡੀਏ ਰਾਹੀਂ ਪਾਖੰਡ ਤੇ ਆਡੰਬਰ ਨੂੰ ਲੋਕਾਂ ਦੇ ਦਿਲੋ-ਦਿਮਾਗ ਤੇ ਥੋਪ ਦਿੱਤਾ ਗਿਆ ਹੈ ਅਤੇ ਪਾਖੰਡਵਾਦ ਦੇ ਸਮਾਨ ਵੀ ਵਿਕਰੀ ਜ਼ੋਰਾਂ ਤੇ ਹੈ।
ਅੱਜ ਕੋਈ ਹੱਥ ਨਗ ਵਾਲਾ ਅੰਗੂਠੀ ਤੋਂ ਖ਼ਾਲੀ ਨਹੀਂ ਦਿੱਸਦਾ, ਹਰ ਜੋਤਸ਼ੀ ਤੇ ਤਾਂਤਰਿਕ ਦੇ ਬੂਹੇ ਲਾਈਨਾਂ ਲੱਗੀਆਂ ਹੋਈਆਂ ਹਨ, ਵਸਤੂ ਸ਼ਾਸਤਰ ਵਾਲਿਆਂ ਦੀ ਚਾਂਦੀ ਹੈ। ਕੰਮਜ਼ੋਰ ਮਾਨਸਿਕਤਾ ਠੁੰਮਣਾ ਭਾਲਦੀ ਫਿਰਦੀ ਹੈ ਅਤੇ ਇਹ ਪਾਖੰਡੀ ਲੋਕ, ਉਹ ਝੂਠਾ-ਠੁੰਮਣਾ ਦੇ ਕੇ, ਮੋਟੀ ਕਮਾਈ ਕਰੀ ਜਾ ਰਹੇ ਹਨ। ਖੈਰ! ਅਸੀਂ ਅੱਜ ਜਿਸ ਮੁੱਦੇ ਦੀ ਗੱਲ ਕਰਨੀ ਚਾਹੁੰਦੇ ਹਾਂ ਉਹ ਤਰਕਸ਼ੀਲ ਸੁਸਾਇਟੀ ਭਾਰਤ ਵੱਲੋਂ ਜੋਤਸ਼ੀਆਂ ਨੂੰ ਕੀਤਾ ਗਿਆ ਚੋਣ ਨਤੀਜਿਆਂ ਬਾਰੇ ਖੁੱਲਾ ਚੈਲਿੰਜ ਹੈ, ਜਿਸ ‘ਚ ਉਨਾਂ ਇਕ ਕਰੋੜ ਦਾ ਇਨਾਮ ਵੀ ਐਲਾਨਿਆ ਹੈ। ਜੋਤਸ਼ੀਆਂ, ਤਾਂਤਰਿਕਾਂ ਦੇ ਪੱਲੇ ਕੁਝ ਨਹੀਂ, ਉਹ ਆਪਣੇ ਧੰਦੇ ਦੇ ਮਾਹਿਰ ਹੋਣ ਨਾਤੇ, ਆਪਣੇ ਪਾਸ ਆਉਣ ਵਾਲੇ ਦੀ ਦੁੱਖਦੀ ਰਗ ਪਛਾਣ ਲੈਂਦੇ ਹਨ ਅਤੇ ਉਹ ਦੁੱਖਦੀ ਰਗ ਤੇ ਹੱਥ ਰੱਖ ਕੇ ਲੁੱਟੀ ਜਾਂਦੇ ਹਨ। ਕਿਸੇ ਜੋਤਸ਼ੀ ਵੱਲੋਂ ਤਰਕਸ਼ੀਲਾਂ ਦੇ ਚੈਲਿੰਜ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ, ਕਿਉਂਕਿ ਭਵਿੱਖ ਵੇਖਣਾ ਕਿਸੇ ਦੇ ਵੱਸ ‘ਚ ਨਹੀਂ ਹੈ। ਭਵਿੱਖ ਦੇ ਗਰਭ ‘ਚ ਕੀ ਹੈ, ਇਹ ਸਿਰਫ਼ ਕੁਦਰਤ ਦਾ ਕਾਦਰ ਹੀ ਜਾਣਦਾ ਹੈ।
ਧਰਤੀ ਦੇ ਕਿਸੇ ਵੀ ਮਨੁੱਖ ‘ਚ ਉਹ ਭਾਵੇ ਜੋਤਸ਼ੀ ਹੈ, ਤਰਕਸ਼ੀਲ ਹੈ ਜਾਂ ਵਿਗਿਆਨਕ ਹੈ, ਰੱਬ ਦਾ ਸ਼ਰੀਕ ਬਣਨ ਦੀ ਸ਼ਕਤੀ ਨਹੀਂ ਹੈ, ਇਹ ਪੂਰਾ ਸੱਚ ਹੈ, ਜਿਸਨੂੰ ਕੋਈ ਝੂਠਾ ਨਹੀਂ ਕਰ ਸਕਦਾ। ਅਸੀਂ ਚਾਹੁੰਦੇ ਹਾਂ ਕਿ ਅੱਜ ਜਦੋਂ ਮੀਡੀਏ ਕਾਰਣ ਅਤੇ ਮਨੁੱਖ ਦੀ ਟੁੱਟ ਚੁੱਕੀ ਮਾਨਸਿਕਤਾ ਸਦਕੇ, ਵਹਿਮ-ਭਰਮਾਂ ਤੇ ਪਾਖੰਡਾਂ ਦਾ ਬੋਲ-ਬਾਲਾ ਵਧ ਰਿਹਾ ਹੈ, ਉਸ ਸਮੇਂ ਇਸ ਪਾਖੰਡ ਨੂੰ ਨੰਗਾ ਕਰਨ ਵਾਲੇ ਵੱਧ ਤੋਂ ਵੱਧ ਗਿਣਤੀ ‘ਚ ਅੱਗ ਆਉਣ। ਉਹ ਧਾਰਮਿਕ ਆਗੂ ਜਿਹੜੇ ਸੱਚ ਦੇ ਨਾਅਰੇ ਨੂੰ ਬੁਲੰਦ ਕਰਨਾ ਚਾਹੁੰਦੇ ਹਨ, ਉਹ ਗੁਰਬਾਣੀ ਤੇ ਮਹਾਨ ਸੰਦੇਸ਼ ਨੂੰ ਆਮ ਲੋਕਾਂ ਤੱਕ ਪਹੁੰਚਾਉਣ  ਅਤੇ ਝੂਠ, ਪਾਖੰਡ, ਆਡੰਬਰ ਤੇ ਵਹਿਮਾਂ-ਭਰਮਾਂ ਦੇ ਖੋਖਲਪਣ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ, ਪਾਖੰਡੀਆਂ ਦੇ ਪਾਖੰਡ ਨੂੰ ਨੰਗਾ ਕੀਤਾ ਜਾਵੇ।