ਨਵਜੋਤ ਸਿੱਧੂ ਦੇ ਕਦਮ ਤਖਤ ਜਾਂ ਤਖਤੇ ਵੱਲ ?

-ਗੁਰਪ੍ਰੀਤ ਸਿੰਘ ਮੰਡਿਆਣੀ
ਨਵਜੋਤ ਸਿੰਘ ਸਿੱਧੂ ਵੱਲੋਂ ਫਾਸਟਵੇਅ ਕੇਬਲ ਕੰਪਨੀ ਦੇ ਖਿਲਾਫ ਕਾਰਵਾਈ ਕਰਨ ਲਈ ਮੂਹਰੇ ਆਉਣਾ ਪੰਜਾਬ ਚ ਇੱਕ ਵੱਡੀ ਸਿਆਸੀ ਹਲਚਲ ਪੈਦਾ ਤਾਂ ਕਰੇਗਾ ਇਹਤੋਂ ਵੀ ਅਗਾਂਹ ਜਿਸ ਪਾਸੇ ਨੂੰ ਸਿੱਧੂ ਤੁਰ ਰਿਹਾ ਉਹ ਰਾਹ ਉਹਨੂੰ ਮੁਖ ਮੰਤਰੀ ਦੀ ਕੁਰਸੀ ਤੇ ਵੀ ਬਿਠਾ ਸਕਦਾ ਹੈ ਤੇ ਇਸ ਰਾਹ ਤੋਂ ਵਾਪਸੀ ਉਹਦੇ ਸਿਆਸੀ ਜੀਵਨ ਨੂੰ ਦਾਗੀ ਵੀ ਕਰ ਸਕਦੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਬਾਦਲ ਸਰਕਾਰ ਦੌਰਾਨ ਹੋਏ ਘਪਲਿਆਂ ਨੂੰ ਹੱਥ ਪਾਉਣੋਂ ਨਾਂਹ ਕਰਨੀ ਪਰ ਨਵਜੋਤ ਸਿੰਘ ਸਿੱਧੂ ਵੱਲੋਂ ਆਪਦੇ ਮਹਿਕਮੇ ਚ ਬਾਦਲ ਰਾਜ ਦੌਰਾਨ ਹੋਏ ਬਹੁਕਰੋੜੀ ਘਪਲਿਆਂ ਦੇ ਕਸੂਰਚ 4 ਵੱਡੇ ਇੰਜਨੀਅਰਾਂ ਨੂੰ ਮੁਅਤਲ ਕਰਨਾ ਸਿੱਧੂ ਵੱਲੋਂ ਮੁਖ ਮੰਤਰੀ ਨਾਲ ਲਏ ਜਾ ਵੱਡੇ ਸਿਆਸੀ ਟਕਰਾਅ ਵੱਲ ਇਸ਼ਾਰਾ ਕਰਦਾ ਹੈ। ਮੁੱਖ ਵੱਲੋਂ ਸਿੱਧੂ ਨੂੰ ਇੰਜਿਨੀਅਰਾਂ ਦੀ ਮੁਅੱਤਲੀ ਖਤਮ ਕਰਨ ਅਤੇ ਤੱਤਾ ਨਾ ਵਗਣ ਦੀ ਹਿਦਾਇਤ ਆਪਦੇ ਇੱਕ ਸਲਾਹਕਾਰ ਦੀ ਮਾਰਫਤ ਭੇਜਣ ਨੇ ਇਹ ਵੀ ਸਾਬਤ ਕਰ ਦਿਤਾ ਕਰ ਦਿੱਤਾ ਹੈ ਕਿ ਕੈਪਟਨ ਸਾਹਿਬ ਨਹੀਂ ਚਾਹੁੰਦੇ ਕਿ ਕੋਈ ਵਜ਼ੀਰ ਵੀ ਆਪਦੇ ਪੱਧਰ ਤੇ ਪਿਛਲੀ ਸਰਕਾਰ ਦੀ ਕੁਰੱਪਸ਼ਨ ਨੂੰ ਪਰਖੇ। ਇਸ ਕਿਸਮ ਦੀਆਂ ਖਬਰਾਂ ਅਖਬਾਰਾਂ ਚ ਛਪਣ ਨਾਲ ਕੈਪਟਨ ਸਰਕਾਰ ਦੀ ਇਹ ਨੀਤੀ ਲੋਕਾਂ ਵਿੱਚ ਵੀ ਜੱਗ ਜਾਹਰ ਹੋਣ ਲੱਗੀ ਹੈ ਕਿ ਉਹ ਬਾਦਲਾਂ ਨੂੰ ਹੱਥ ਨਹੀਂ ਪਾਉਣਾ ਚਾਹੁੰਦਾ। ਦੂਜੇ ਪਾਸੇ ਸਿੱਧੂ ਵੱਲੋਂ ਇਹ ਮੁਅਤਲੀ ਖਤਮ ਕਰਨ ਤੋਂ ਸਿਰਫ ਨਾਹ ਹੀ ਕੀਤੀ ਬਲਕਿ ਕਾਂਗਰਸੀ ਐਮ. ਐਲਿਆਂ ਸਾਹਮਣੇ ਮੁਅੱਤਲ ਇੰਜਿਨੀਅਰਾਂ ਨੂੰ ਬਿਠਾ ਉਹਨਾਂ ਦਾ ਕਸੂਰ ਦੱਸਿਆ ਗਿਆ। ਇੱਕ ਵਜ਼ੀਰ ਵੱਲੋਂ ਆਪਦੇ ਮੁੱਖ ਮੰਤਰੀ ਦੇ ਮਨਸ਼ਾ ਦੀ ਇਸ ਕਦਰ ਖਿਲਾਫਵਜ਼ੀ ਦੇ ਮਾਇਨੇ ਆਮ ਹਾਲਤਾਂ ਵਿੱਚ ਤਾਂ ਕਿਸੇ ਖਾਸ ਕੇਸ ਨੂੰ ਲੈ ਕੇ ਠੰਡੀ ਪੈ ਸਕਣ ਵਾਲੀ ਨਰਾਜ਼ਗੀ ਹੀ ਸਮਝੀ ਜਾ ਸਕਦੀ ਹੈ ਪਰ ਸਿੱਧੂ ਵਾਲੇ ਇਸ ਕੇਸ ਵਿੱਚ ਇਸ ਕਸ਼ੀਦਗੀ ਦੀ ਤਾਸੀਰ ਨੂੰ ਜੇ ਪੰਜਾਬ ਮੁਹਾਵਰੇ ਚ ਬਿਆਨ ਕਰਨਾ ਹੋਵੇ ਤਾਂ ਇਹ ਤਖਤ ਜਾਂ ਤਖਤੇ ਵਰਗੀ ਨਜ਼ਰ ਆ ਰਹੀ ਹੈ ਕਿਉਂਕਿ ਸਿੱਧੂ ਵੱਲੋਂ ਆਮ ਦੇ ਕਦਮ ਪਿਛਾਂਹ ਖਿਚਣੇ ਔਖੇ ਨੇ।
ਪਿਛਲੀ ਵਿਧਾਨ ਸਭਾ ਦੀ ਚੋਣ ਵਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਹੋਰ ਖਾਸਮਾਂ ਖਾਸਾਂ ਨੂੰ ਜੇਲ ਚ ਕਰਨ ਦੇ ਨਾਅਰੇ ਉਤੇ ਦੋਵਾਂ ਵਿਰੋਧੀ ਪਾਰਟੀਆਂ ਨੇ ਲੜੀ। ਆਮ ਆਦਮੀ ਪਾਰਟੀ ਤਾਂ ਚੋਣ ਹਾਰਨ ਕਰਕੇ ਇਸ ਜੁਮੇਵਾਰੀ ਤੋਂ ਸੁਰਖਰੂ ਹੋ ਗਈ ਇਹ ਜੁਮੇਵਾਰੀ ਕਾਂਗਰਸ ਤੇ ਆ ਪਈ।ਪਰ ਕਾਂਗਰਸ ਵੱਲੋਂ ਇਸ ਪਾਸੇ ਕੋਈ ਦਿਲਚਸਪੀ ਨਾ ਦਿਖਾਉਣ ਕਰਕੇ ਕਾਂਗਰਸੀ ਐਮ. ਐਲਿਆਂ. ਨੂੰ ਲੋਕਾਂ ਦੇ ਮਿਹਣਿਆਂ ਦਾ ਸ਼ਿਕਾਰ ਹੋਣਾ ਪਿਆ। ਕਾਂਗਰਸੀਆਂ ਵੱਲੋਂ ਆਪਦੇ ਚੋਣ ਜਲਸਿਆਂ ਚ ਬਾਦਲ-ਮਜੀਠੀਏ ਨੂੰ ਸਰਕਾਰ ਬਣਨ ਦੇ ਸਿਰਫ 4 ਹਫਤਿਆਂ ਚ ਹੀ ਅੰਦਰ ਕਰਨ ਦੇ ਲਲਕਾਰੇ ਮਾਰਨ ਵਾਲੀਆਂ ਵੀਡੀਓਜ਼ ਸ਼ੋਸਲ ਮੀਡੀਆ ਤੇ ਜ਼ਾਹਰ ਹੋਣ ਲੱਗੀਆਂ। ਕਾਂਗਰਸੀ ਐਮ. ਐਲ.ਏ. ਸੁਖਜਿੰਦਰ ਸਿੰਘ ਰੰਧਾਵਾ ਦੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਚ ਉਹ 2016 ਵਾਲੇ ਬਾਬਾ ਬਕਾਲਾ ਦੀ ਰੱਖੜ ਪੁੰਨਿਆ ਕਾਨਫਰੰਸ ਮੌਕੇ ਅਜਿਹੇ ਲਲਕਾਰੇ ਮਾਰ ਰਿਹਾ ਹੈ। ਇਸੇ ਤਰਾਂ ਕਾਂਗਰਸੀ ਐਮ. ਪੀ. ਪ੍ਰਤਾਪ ਸਿੰਘ ਬਾਜਵਾ ਤਰਨਤਾਰਨ ਦੇ ਇੱਕ ਚੋਣ ਜਲਸੇ ਚ ਸਰਕਾਰ ਬਣਨ ਦੇ 4 ਹਫਤਿਆਂ ਚ ਬਿਕਰਮ ਮਜੀਠੀਆ, ਸੁਖਬੀਰ ਬਾਦਲ, ਤੋਤਾ ਸਿੰਘ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਬਾਹਵਾਂ ਬੰਨ ਕੇ ਤਰਨਤਾਰਨ ਦੇਸੀ. ਆਈ. ਏ. ਸੈਂਟਰ ਚ ਸੁੱਟਣ ਦੀ ਗੱਲ ਕਰ ਰਿਹਾ ਹੈ ਤੇ ਨਾਲ ਹੀ ਬਾਜਵਾ ਇਹ ਵੀ ਦੱਸ ਰਿਹਾ ਹੈ ਕਿ ਰੱਖੜ ਪੁੰਨਿਆ ਕਾਨਫਰੰਸ ਤੇ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਦੱਸ ਦਿੱਤਾ ਸੀ ਕਿ ਜੇ ਅਜਿਹਾ ਨਾ ਹੋਇਆ ਤਾਂ ਮੈਂ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਕੇ ਕਾਂਗਰਸ ਦੇ ਸਾਰੇ ਅਹੁਦੇ ਛੱਡ ਦਿਉਂਗਾ। ਸਿਆਸੀ ਲੋਕ ਚੋਣਾਂ ਉਹ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਦੇ ਨੇ ਜੀਹਤੋਂ ਲੋਕ ਉਤਸ਼ਾਹਿਤ ਹੋਣ। ਕਾਂਗਰਸੀਆਂ ਵੱਲੋਂਅਕਾਲੀ ਲੀਡਰਸ਼ਿਪ ਨੂੰ ਗ੍ਰਿਫਤਾਰ ਕਰਨ ਵਾਲਾ ਮੁੱਦਾ ਇਸੇ ਕਰਕੇ ਹੀ ਪ੍ਰਮੁੱਖ ਇਸ਼ੂ ਬਣਾਇਆ। ਇਸ ਇਸ਼ੂ ਨੂੰ ਭਖਾਉਣ ਦਾ ਚੋਣਾਂ ਵਿਚ ਜਿੰਨਾਂ ਲਾਹਾ ਮਿਲਿਆ ਹੁਣ ਸਰਕਾਰ ਵੱਲੋਂ ਇਸ ਮੁੱਦੇ ਤੋਂ ਮੁਕਰਨ ਕਰਕੇ ਕਾਂਗਰਸੀਆਂ ਨੂੰ ਲੋਕਾਂ ਦੇ ਉਨਾਂ ਹੀ ਵੱਡੇ ਪੱਧਰ ਤੇ ਲੋਕ ਮਿਹਣਿਆਂ ਦਾ ਸਾਹਮਣਾ ਕਰਨਾ ਪੈਰਿਹਾ ਹੈ । ਕਾਂਗਰਸੀ ਐਮ. ਐਲ. ਏ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮੁੱਖ ਮੰਤਰੀ ਦੀ ਨੀਤੀ ਦੇ ਉਲਟ ਪਬਲੀਕਲੀ ਇਹ ਬਿਆਨ ਦੇਣਾ ਕਿ ਕਾਂਗਰਸੀ ਐਮ. ਐਲ. ਏ. ਚਾਹੁੰਦੇ ਨੇ ਕਿ ਮਜੀਠੀਆ ਅੰਦਰ ਹੋਵੇ ਸਾਬਤ ਕਰਦਾ ਹੈ ਕਿ ਐਮ. ਐਲ. ਏ. ਇਸ ਮਾਮਲੇ ਚ ਕਿੰਨੇ ਲੋਕ ਦਬਾਅ ਥੱਲੇ ਨੇ। ਦੂਜੇ ਪਾਸੇ ਬਾਦਲਾਂ ਵੱਲੋਂ ਸਰਕਾਰ ਨੂੰ ਲਲਕਾਰਨਾ ਕਿ ਜੇ ਹਿੰਮਤ ਹੈ ਤਾਂ ਸਾਨੂੰ ਫੜ ਕੇ ਦਿਖਾਓ, ਕਾਂਗਰਸੀਆਂ ਦੇ ਹੋਰ ਹੌਸਲੇ ਪਸਤ ਕਰ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਜੇ ਆਪਦੇ ਵਾਅਦੇ ਮੁਤਾਬਿਕ ਜੇ ਚਹੁੰ ਹਫਤਿਆਂ ਚ ਛੱਡੋ ਜੇ ਚਹੁੰ ਮਹੀਨਿਆਂ ਚ ਵੀ ਨਸ਼ਾ ਮੁਕਾ ਦਿੱਤਾ ਜਾਂਦਾ ਤਾਂ ਕਾਂਗਰਸੀ ਕੁੱਝ ਗੱਲ ਜੋਗੇ ਹੋਣੇ ਸੀ। ਅਮਰਗੜ ਤੋਂ ਕਾਂਗਰਸੀ ਐਮ. ਐਲ. ਏ. ਸੁਰਜੀਤ ਸਿੰਘ ਧੀਮਾਨ ਵੱਲੋਂ ਸੂਬੇ ਨਸ਼ਿਆਂ ਦੇ ਬਾਦਸਤੂਰ ਜਾਰੀ ਰਹਿਣ ਦੇ ਇੰਕਸ਼ਾਫ ਨੂੰ ਸਰਕਾਰ ਜਾਂ ਪਾਰਟੀ ਵੱਲੋਂ ਝੁਠਲਾਇਆ ਤੱਕ ਵੀ ਨਹੀਂ ਗਿਆ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਬਾਦਲ ਪਰਵਾਰ ਦੀ ਵੱਡੀ ਹਿੱਸੇਦਾਰੀ ਵਾਲੀ ਕੇਬਲ ਕੰਪਨੀ ਫਾਸਟਵੇਅ ਤੇ 20 ਹਜ਼ਾਰ ਕਰੋੜ ਰੁਪਏ ਦੀ ਟੈਕਸ ਚੋਰੀ ਦਾ ਇਲਜਾਮ ਲਾ ਕੇ ਮੁੱਖ ਮੰਤਰੀ ਨੂੰ ਇਹ ਆਖ ਦਿੱਤਾ ਕਿ ਜਾਂ ਤਾਂ ਤੁਸੀਂ ਇਹਦੇ ਤੇ ਖੁਦ ਐਕਸ਼ਨ ਲਵੋ ਜਾਂ ਮੈਨੂੰ ਇਜ਼ਾਜ਼ਤ ਦਿਓ ਮੈਂ ਪੈਸੇ ਬਰਾਮਦ ਕਰਕੇ ਦਿਖਾਉਂਨਾ। ਇਹ ਗੱਲ ਸਾਫ ਜਾਹਿਰ ਹੈ ਕਿ ਨਾ ਤਾਂ ਮੁੱਖ ਮੰਤਰੀ ਨੇ ਖੁਦ ਕੋਈ ਐਕਸ਼ਨ ਲੈਣਾ ਹੈਤੇ ਨਾ ਹੀ ਸਿੱਧੂ ਨੂੰ ਇਜ਼ਾਜਤ ਦੇਣੀ ਹੈ, ਪਰ ਇਹਦੇ ਨਾਲ ਨਵਜੋਤ ਸਿੱਧੂ ਦਾ ਬਾਦਲ ਵਿਰੋਧੀ ਤੇ ਕੁਰੱਪਸ਼ਨ ਵਿਰੋਧੀ ਅਕਸ ਵਿੱਚ ਹੋਰ ਨਿਖਾਰ ਆਊਗਾ। ਇਹਦੇ ਨਾਲ ਕਾਂਗਰਸੀ ਵਿਰੋਧੀ ਵਿਧਾਇਕਾਂ ਕੋਲ ਆਪਦੇ ਦੁੱਖ ਫਰੋਲਣ ਦਾ ਸਿੱਧੂ ਵੱਜੋਂ ਇਕ ਮੰਚ ਮੁਹੱਈਆ ਜੋ ਜਾਵੇਗਾ। ਜੇ ਸਿੱਧੂ ਸਾਹਿਬ ਇਸ ਰਾਹ ਉਤੇ ਤੁਰਦੇ ਗਏ ਤਾਂ ਕੁਦਰਤੀ ਤੌਰ ਤੇ ਹੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਬਦਲ ਵੱਜੋਂ ਕਾਇਮ ਹੋ ਜਾਣਾ ਹੈ।ਸਿੱਧੂ ਦੀਆਂ ਇਹ ਅਦਾਵਾਂ ਜੇ ਲੋਕਾਂ ਦੀ ਪਸੰਦ ਬਣ ਗਈਆਂ ਤਾਂ ਐਮ. ਐਲਿਆਂ ਨੂੰ ਵੀ ਲੋਕ ਦਬਾਅ ਥਲੇ ਸਿੱਧੂ ਦੀ ਹਮਾਇਤ ਮਜ਼ਬੂਰਨ ਕਰਨੀ ਹੀ ਪੈਣੀ ਹੈ।ਕਦੇ ਮੌਕਾ ਆਉਣ ਤੇ ਉਹ ਚੀਫ ਮਨਿਸਟਰੀ ਦੇ ਪ੍ਰਮੁੱਖ ਦਾਅਵੇਦਾਰ ਹੋਣਗੇ। ਪਰ ਜੇ ਉਹਨਾਂ ਨੇ ਆਪਦੇ ਕਦਮ ਪਿਛਾਂਹ ਹਟਾ ਲਏ ਤਾਂ ਇਹ ਸਮਝਿਆ ਜਾਵੇਗਾ ਕਿ ਨਵਜੋਤ ਸਿੱਧੂ ਨੂੰ ਵੀ ਬਾਦਲਾਂ ਨੇ ਸੈੱਟ ਕਰ ਲਿਆ ਹੈ ਅਜਿਹੀ ਸੂਰਤੇਹਾਲ ਸਿੱਧੂ ਦੇ ਇਮਾਨਦਾਰ ਅਕਸ ਵਾਸਤੇ ਘਾਤਕ ਸਾਬਤ ਹੋਵੇਗੀ।