ਅਖੇ ਸਾਡੀ ਡੇਅਰੀ ਦਾ ਦੁੱਧ ਪੀਣ ਨਾਲ ਪਾਪ ਧੋਤੇ ਜਾਣਗੇ

 ਅਹਿੰਸਾ ਡੇਅਰੀ ਦਾ ਦਾਅਵਾ  
    -ਸ਼ਾਲਿਨੀ ਸ਼ਰਮਾ
ਗਊ ਰੱਖਿਆ ਦੇ ਇਹਨਾਂ ਸਮਿਆਂ ਵਿੱਚ ਉਹ ਇੱਕੋ-ਇੱਕ ਪਸ਼ੂ ਹੈ ਜਿਸ ਪ੍ਰਤੀ ਅੰਤਾਂ ਦੀ  ‘ਹਮਦਰਦੀ’ ਦਿਖਾਈ ਜਾ ਰਹੀ ਹੈ। ਇਸ ਹਮਦਰਦੀ ਤੋਂ ਉਹ ਖੁਦ ਅਣਜਾਣ ਹੈ ਪਰ ਇਸਦੇ ਹਮਦਰਦ ਇਸ ਹਮਦਰਦੀ ਦੀ ਖੱਟੀ ਖਾ ਰਹੇ ਨੇ। ਇਸ ਪਸ਼ੂ ਨਾਲ ਜੁੜੀ ਹਰ ਚੀਜ਼ ਜਿਸਨੂੰ ਵੇਚਿਆ ਜਾ ਸਕਦਾ ਹੈ ਨੁਮਾਇਸ਼ ‘ਤੇ ਹੈ।
ਹਾਲ ਹੀ ਵਿੱਚ ਚੰਡੀਗੜ ਦੇ ਸਾਹਿਤਕ ਮੇਲੇ ਵਿੱਚ ਸੀਨੀਅਰ ਪੱਤਰਕਾਰ ਅਤੇ ਲੇਖਕ ਅਕਸ਼ੈ ਮੁਕੁਲ ਨੇ ਆਪਣੇ ਕੰਮ ‘ਗੀਤਾ ਪ੍ਰੈਸ’ ‘ਤੇ ਚਰਚਾ ਕਰਦੇ ਹੋਏ ਇਹ ਦੱਸਿਆ ਸੀ ਕਿ ਕਿਵੇਂ ‘ਕਲਿਆਣ’ ਰਸਾਲੇ ਨੇ ਕਈ ਦਹਾਕੇ ਪਹਿਲਾਂ ਖ਼ਾਸ ‘ਗਊ ਅੰਕ’ ਨੂੰ ਪ੍ਰਕਾਸ਼ਿਤ ਕੀਤਾ ਸੀ, ਜਿੱਥੇ ਉਸਦੇ ਸੰਪਾਦਕ ਨੇ ਗਾਵਾਂ ਦੀ ਸੁੰਗੜਦੀ ਗਿਣਤੀ ਅਤੇ ਹਿੰਦੂਆਂ ਦੇ ਜੀਵਨ ਵਿੱਚ ਇਸਦੀ ਮਹੱਤਤਾ ਲਈ ਚੇਤਾਵਨੀ ਅਤੇ ਮੁਸਲਮਾਨਾਂ ਤੋਂ ਗਾਵਾਂ ਨੂੰ ਆਉਣ ਵਾਲੇ ਖ਼ਤਰੇ ਨੂੰ ਦਰਸਾਉਣ ਲਈ ਆਪਣੀ ਗੱਲ ਰੱਖਣ ਲਈ ਉਸਨੇ ਭਾਰੀ ਤੌਰ ‘ਤੇ ਸਰਕਾਰੀ ਅੰਕੜਿਆਂ ਉੱਪਰ ਵਸਾਹ ਕੀਤਾ ਸੀ।
ਇਸ ਮੁਹਿੰਮ ਨੂੰ ਚਲਾਉਣ ਦੀ ਪ੍ਰਕਿਰਿਆ ਵਿੱਚ ਇੱਕ ਸਖ਼ਤ ਸਮਾਨਤਾ ਹੈ ਅਤੇ ਇਹ ਭਾਜਪਾ ਸ਼ਾਸਤ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ। 1940 ਵਿੱਚ, ਕਮਰਸ਼ੀਅਲ ਇੰਟੈਲੀਜੈਂਸ ਐਂਡ ਸਟੈਟਿਕਸ ਕਲਕੱਤਾ ਦੇ ਨਿਰਦੇਸ਼ਕ ਸਮੇਤ ਸ਼ਿਮਲਾ ਵਿੱਚ ਫਾਰਮਜ਼ ਦੇ ਨਿਰਦੇਸ਼ਕ ਨਾਲ ਡੇਅਰੀ ਫਾਰਮਾਂ ਦੇ ਅੰਕੜਿਆਂ ਲਈ ਸੰਪਰਕ ਕੀਤਾ ਗਿਆ। ਇਸ ਪ੍ਰਕਿਰਿਆ ਵਿੱਚ, ਭਾਰਤ ਸਰਕਾਰ ਦੇ ਪਸ਼ੂਆਂ ਦੇ ਉਪਯੋਗਤਾ ਸਲਾਹਕਾਰ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਵੱਖ-ਵੱਖ ਰਿਆਸਤਾਂ ਅਤੇ ਸੂਬਿਆਂ ਵਿੱਚ ਗਊਸ਼ਾਲਾਵਾਂ ਅਤੇ ਪੁਰਾਣੀਆਂ ਗਾਵਾਂ ਲਈ ਘਰਾਂ ਦੀ ਸੂਚੀ ਪ੍ਰਦਾਨ ਕਰਨ । ਇਹ ਉਸੇ ਤਰਾਂ ਹੈ ਜਿਵੇਂ ਕੇਂਦਰ ਸਰਕਾਰ ਹੁਣ ਡੰਗਰਾਂ ਦੀ ਤਸਕਰੀ ਨੂੰ ਰੋਕਣ ਲਈ ਇੱਕ ਵਿਲੱਖਣ ਪਛਾਣ ਨੰਬਰ ਦਾ ਪ੍ਰਸਤਾਵ ਪੇਸ਼ ਕਰ ਰਹੀ ਹੈ ।
ਚੰਡੀਗੜ ਵਿੱਚ ਇੱਕ ਗਊਸ਼ਾਲਾ  ਹੁਣ ਇੱਕ ਨਵਾਂ ਵਿਚਾਰ ਲੈ ਕੇ ਆਈ ਹੈ ਤਾਂ ਜੋ ਸਮਾਜ ਚ ਇੱਧਰ-ਉੱਧਰ ਖਿਲਰੇ ਅਧਿਆਤਮਿਕ ਤੱਤਾਂ ਤੋਂ ਕੋਈ ਫਾਇਦਾ ਲਿਆ ਜਾ ਸਕੇ। ਇਸਦਾ ਮਾਲਕ ਦੁੱਧ ਨੂੰ ਵਿਅਕਤੀਆਂ ਦੇ ਕਰਮ ਨਾਲ ਜੋੜ ਕੇ ਵੇਚ ਰਿਹਾ ਹੈ।
ਗੱਲ ਹੁੰਦੀ ਹੈ ਕਿ ਗਾਂ ਦਾ ਦੁੱਧ ਵਿਅਕਤੀਆਂ ਦੇ ਕਰਮਾਂ ਨੂੰ ਸ਼ੁੱਧ ਕਰਦਾ ਹੈ ਅਤੇ ਇਸ ਨੂੰ ਪੀਣਾ ਇੱਕ ਲੰਮੀ ਉਮਰ ਦਾ ਨਿਵੇਸ਼ ਹੈ। ਪਰ ਜਦੋਂ ਕੋਈ ਦੁੱਧ ਦੀ ਖਰੀਦਦਾ ਹੈ ਤਾਂ ਕਰਮਾਂ ਵਾਲੇ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੁੰਦੀ ਹੈ। ਗਾਂ ਉੱਪਰ ਕੋਈ ਵੀ ਅੱਤਿਆਚਾਰ ਨਹੀਂ ਹੋਣਾ ਚਾਹੀਦਾ ਜਿਵੇਂ ਕਿ ਦੁੱਧ ਦੀ ਮਾਤਰਾ ਵਧਾਉਣ ਲਈ ਦਿੱਤੇ ਜਾਂਦੇ ਹਾਰਮੋਨਲ ਟੀਕੇ ਜਾਂ ਕਿਸੇ ਵੀ ਤਰਾਂ ਦੀ ਹੋਰ ਹਿੰਸਾ। ਗਊਸ਼ਾਲਾ ਦਾ ਮਾਲਕ ਮਾਪਿਆਂ ਲਈ ਪਿਆਰ ਬਾਰੇ ਗੱਲ ਕਰਦਾ ਹੈ ਅਤੇ ਉਹ ਇਸਨੂੰ ਗਊ ਮਾਤਾ ਅਤੇ ਬਲਦ ਪਿਤਾ ਨਾਲ ਜੋੜਦਾ ਹੈ। ਰਿਸ਼ੂ ਵਿਆਸ ਦਾਅਵਾ ਕਰਦਾ ਹੈ ਕਿ ਉਸਦੀ ਗਊਸ਼ਾਲਾ ਇੱਕ ਵਪਾਰਕ ਡੇਅਰੀ ਨਹੀਂ ਹੈ ਹਾਲਾਂਕਿ ਦੁੱਧ ਨੂੰ ‘ਅਹਿੰਸਾ’ ਦੇ ਬ੍ਰਾਂਡ ਹੇਠ ਕਰਮ-ਮੁਫ਼ਤ ਉਤਪਾਦ ਵਜੋਂ ਵੇਚਿਆ ਜਾਂਦਾ ਹੈ ਕਿਉਂਕਿ ਗਾਵਾਂ ਕਿਸੇ ਵੀ ਜ਼ੁਲਮ ਦੇ ਅਧੀਨ ਨਹੀਂ ਹਨ। ਉਹ ਆਖਦਾ ਹੈ ਕਿ ਅਸੀਂ ਆਪਣੀਆਂ ਗਾਵਾਂ ਅਤੇ ਬਲਦਾਂ ਦੀ ਸੰਭਾਲ ਉਨਾਂ ਦੇ ਜੀਵਨ ਦੇ ਅੰਤ ਤਕ ਕਰਦੇ ਹਾਂ । ਜਦੋਂ ਉਹ ਲਾਭਦਾਇਕ ਨਹੀਂ ਹੁੰਦੇ ਤਾਂ ਉਨਾਂ ਨੂੰ ਵੇਚਣਾ ਸਾਡਾ ਰਾਹ ਨਹੀਂ ਹੈ ।  ਉਹ ਪੁੱਛਦਾ ਹੈ, “ ਕੀ ਜਦੋਂ ਸਾਡੇ ਮਾਤਾ-ਪਿਤਾ ਬੁੱਢੇ ਹੋ ਜਾਂਦੇ ਹਨ ਤਾਂ ਕੀ ਅਸੀਂ ਉਹਨਾਂ ਨੂੰ ਵੇਚ ਦਿੰਦੇ ਹਾਂ ਜਾਂ ਉਨਾਂ ਨੂੰ ਘਰੋਂ ਕੱਢ ਦਿੰਦੇ ਹਾਂ? ਅਸੀਂ ਗਾਵਾਂ ਅਤੇ ਬਲਦਾਂ ਨੂੰ ਆਪਣੇ ਮਾਂ-ਪਿਓ ਵਾਂਗ ਰੱਖਦੇ ਹਾਂ।
ਇਹ ਦੁੱਧ ਦੇ ਬ੍ਰਾਂਡ ਨੂੰ ਕਰਮਾਂ ਦੇ ਚੱਕਰ ਨਾਲ ਜੋੜਨਾ ਹੈ ਜਿਸ ਨਾਲ ਉਹ ਹੱਦ ਤੋਂ ਜ਼ਿਆਦਾ ਮੁੱਲ ਪਾਉਂਦਾ ਹੈ, ਉਹ ਦੇਸ਼ੀ ਗਾਵਾਂ  ਦਾ 73 ਰੁਪਏ ਪ੍ਰਤੀ ਲਿਟਰ ਅਤੇ ਵਿਦੇਸ਼ੀ ਨਸਲਾਂ ਦਾ 43 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਦੁੱਧ ਵੇਚਦਾ ਹੈ । ਦੁੱਧ ਨੂੰ ਗਊ  ਸੁਰੱਖਿਆ ਐਕਟ ਦੀ ਢਾਲ ਨਾਲ ਪੇਸ਼ ਕੀਤਾ ਜਾ ਰਿਹਾ ਹੈ । ਆਪਣੇ ਜ਼ਿਆਦਾਤਰ ਵਿਰੋਧੀਆਂ ਬਾਰੇ ਜੋ ਗ਼ੈਰ-ਉਤਪਾਦਕ ਗਾਵਾਂ ਨੂੰ ਬੁੱਚੜਖਾਨੇ ਵਿੱਚ ਵੇਚ ਰਹੇ ਹਨ, ਬਾਰੇ ਉਸਦਾ ਕਹਿਣਾ ਹੈ ਕਿ ਅਜਿਹੀਆਂ ਡੇਅਰੀਆਂ ਵਿੱਚ ਗਾਹਕ ਅਸਲ ਵਿੱਚ ਬੁਰੇ ਕਰਮ ਖ਼ਰੀਦ ਰਹੇ ਹਨ। “ਇਨਾਂ ਵਪਾਰਕ ਘਰਾਂ ਤੋਂ ਦੁੱਧ ਖਰੀਦ ਕੇ, ਅਸਿੱਧੇ ਰੂਪ ਵਿੱਚ ਖਰੀਦਦਾਰ ਇੱਕ ਗਾਂ ਦੇ ਮਾਰਨ ਕਰਕੇ ਬੁਰੇ ਕਰਮਾਂ  ਦਾ ਹਿੱਸੇਦਾਰ ਬਣਦਾ  ਹੈ।”  ਅਸੀਂ ਤਾਂ ਗਊ ਮਾਤਾ ਨੂੰ ਮਾਂ ਵਾਂਗ ਸਾਂਭਦੇ ਹਾਂ ਜਿਸ ਕਰਕੇ ਉਸ ਦਾ ਦੁੱਧ ਸਾਡੇ ਕੋਲ ਪਵਿੱਤਰ ਹੈ. ਪਰ ਬੁੱਚੜਖਾਨਿਆਂ ਨੂੰ ਗਊਆਂ ਵੇਚਣ ਵਾਲਿਆਂ ਦੀਆਂ ਗਾਵਾਂ ਦਾ ਦੁੱਧ ਬੁਰੇ ਕਰਮਾਂ ਦਾ ਹਿੱਸਾ ਹੈ।
‘ਅਹਿੰਸਾ’ ਦੁੱਧ ਵਾਲੀ ਗਊਸ਼ਾਲਾ ਨੂੰ ਕਈ ਵੱਖੋ-ਵੱਖਰੇ ਜੋਤਸ਼ੀਆਂ ਦੁਆਰਾ ਸੰਭਾਲਿਆ ਜਾ ਰਿਹਾ ਹੈ, ਜੋ ਲੋਕਾਂ ਨੂੰ ਵੱਖ-ਵੱਖ ਦਿਨਾਂ ‘ਤੇ ਗਾਵਾਂ ਨੂੰ ਵੱਖ-ਵੱਖ ਤਰਾਂ ਦਾ ਸੁਆਦੀ ਚਾਰਾ ਪਾਉਣ ਦਾ ਉਪਦੇਸ਼ ਦਿੰਦੇ ਹਨ ਤਾਂ ਜੋ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੋ ਸਕਣ । ਗਊਸ਼ਾਲਾ ਵਿੱਚ ਗਾਵਾਂ ਨੂੰ ਚਾਰਾ ਦੇਣ ਲਈ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ।  ਬੁੱਧਵਾਰ ਨੂੰ ਹਰੇ ਘਾਹ ਦਾ ਇੱਕ ਗੁੱਛਾ ਬਹੁਤ ਪ੍ਰਚਲਿਤ ਹੈ ਅਤੇ ਗਊਸ਼ਾਲਾ  ਵਾਲੇ 10 ਰੁਪਏ ਪ੍ਰਤੀ ਗੁੱਛੇ ਨੂੰ ਵੇਚ ਕੇ ਵਧੀਆ ਪੈਸਾ ਬਣਾਉਂਦੇ ਹਨ । ਲੋਕਾਂ ਦੀ ਭੀੜ ਇਸ ਨੂੰ ਖਰੀਦ ਕੇ ਕੁਝ ਚੰਗੇ ਕਰਮ ਕਮਾਉਣਾ ਚਾਹੁੰਦੀ ਹੈ ਪਰ ਉਹ ਇਹਨਾਂ ਕਮਜ਼ੋਰ ਗਾਵਾਂ ਬਾਰੇ ਚਿੰਤਾ ਨਹੀਂ ਕਰਦੇ ਕਿਉਂਕਿ ਉਹ ਖਾ-ਖਾ ਕੇ ਆਫ਼ਰ ਚੁੱਕੀਆਂ ਹਨ ਜਿਨਾਂ ਲਈ ਇਹੀ ਲੋਕ ਪਹਿਲਾਂ ਆਪਣੇ ਘਰਾਂ ਤੋਂ ਰੋਟੀਆਂ ਵੀ ਲੈ ਆਏ ਸਨ ।
ਜਦਕਿ ‘ਅਹਿੰਸਾ’ ਦੇ ਦੁੱਧ ਦੀ ਮਾਰਕੀਟਿੰਗ ਵਿਕਸਿਤ ਹੋ ਚੁੱਕੀ ਹੈ, ਪਰ ਨੇੜਲੀਆਂ ਕਰਿਆਨੇ ਦੀਆਂ ਦੁਕਾਨਾਂ ਵਾਲਿਆਂ ਦਾ ਮੰਨਣਾ ਹੈ ਕਿ ਕਰਮਾਂ ਵਾਲਾ ਦ੍ਰਿਸ਼ਟੀਕੋਣ ਉਨਾਂ ਦੇ ਕਾਰੋਬਾਰ ਨੂੰ ਪ੍ਰਭਾਵਤ ਨਹੀਂ ਕਰੇਗਾ , “ਸਾਡੇ ਗਾਹਕ ਕੋਲ ਤਾਂ ਗੱਲਬਾਤ ਲਈ ਦੋ ਮਿੰਟ ਨਹੀਂ ਹੁੰਦੇ, ਅਸੀਂ ਹੈਰਾਨ ਹਾਂ ਕਿ ਅਹਿੰਸਾ ਡੇਅਰੀ ਵਾਲਿਆਂ ਕੋਲ ਇੰਨਾ ਸੋਚਣ ਦਾ ਸਮਾਂ ਕਿਵੇਂ ਹੁੰਦਾ ਹੈ?” ਇਕ ਸਥਾਨਕ ਦੁੱਧ ਦੀ ਦੁਕਾਨ ਦੇ ਮਾਲਕ ਨੇ ਕਿਹਾ ।
ਕੋਈ ਵੀ ਇਹ ਦੇਖ ਸਕਦਾ ਹੈ ਕਿ ਇਹ ਮੂਰਖਾਂ ਦੇ  ਅਰਥ ਸ਼ਾਸਤਰ ਦਾ ਇੱਕ ਹੋਰ ਰੂਪ ਹੈ । ਸੱਜੇ-ਪੱਖੀ ਹਿੰਦੂ-ਵਾਦੀ ਤਾਕਤਾਂ ਦੇ ਉਭਾਰ ਨਾਲ ਸਮਾਜਕ-ਸਿਆਸੀ ਖੇਮੇ ਵਿੱਚ ਗਾਂ ਇੱਕ ਕੇਂਦਰੀ ਸਥਾਨ ਪ੍ਰਾਪਤ ਕਰ ਚੁੱਕੀ ਹੈ ।ਤੇ ਅਹਿੰਸਾ ਡੇਅਰੀ ਵਰਗੇ ਬਹੁਤ ਸਾਰੇ ਗਊ ਨਾਮ ‘ਤੇ ਮਾਲ ਵੇਚ ਕੇ ਜਨਤਾ ਦਾ ਚੰਗਾ ਸ਼ੋਸ਼ਣ ਕਰ ਰਹੇ ਨੇ, ਆਮ ਤੌਰ ‘ਤੇ ਗਊ ਦਾ ਦੁੱਧ 35-40 ਰੁਪਏ ਕਿੱਲੋ ਵਿਕਦਾ ਹੈ, ਪਰ ਅਹਿੰਸਾ ਵਾਲੇ ਜਿਵੇਂ ਕਿ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ 43- 73 ਰੁਪਏ ਕਿੱਲੋ ਵਿੱਚ ਵੇਚ ਰਹੇ ਨੇ। ਤੇ ਬੁਰੇ ਕਰਮਾਂ ਦੇ ਧੋਣ ਧੋਣ ਲਈ ਜਨਤਾ ਜੇਬ ਹੌਲੀ ਕਰ ਰਹੀ ਹੈ..।