.. ਇਹ ਹੈ ਪੰਜਾਬ ਦੀ ਕਪਤਾਨ ਸਰਕਾਰ??

ਧੀਆਂ ਭੈਣਾਂ ਦੀਆਂ ਕਢਵਾਈਆਂ ਚੀਕਾਂ, ਲਾਹੀਆਂ ਚੁੰਨੀਆਂ,
ਵਿਧਾਇਕਾਂ ਦੀਆਂ ਲੱਥੀਆਂ ਦਸਤਾਰਾਂ ਧੂਹੇ ਕਕਾਰ
– ਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ
22 ਜੂਨ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਖਰੀ ਦਿਨ ਤੋਂ ਐਨ ਇਕ ਦਿਨ ਪਹਿਲਾਂ ਸਦਨ ਵਿਚ ਤੇ ਸਦਨ ਤੋਂ ਬਾਹਰ ਜੋ ਕੁੱਝ ਹੋਇਆ ਅਤੇ ਜਿਵੇਂ ਹੋਇਆ, ਉਸ ਬੇਮਿਸਾਲ ਦ੍ਰਿਸ਼ ਦੀ ਸ਼ਾਇਦ ਹੀ ਕਿਸੇ ਨੇ ਉਮੀਦ ਕੀਤੀ ਹੋਵੇ। ਦਸਤਾਰਾਂ ਨੂੰ ਪੰਜਾਬੀ ਸੱਭਿਆਚਾਰ ਦਾ ਤਾਜ ਸਮਝਿਆ ਜਾਂਦਾ ਹੈ, ਪਰ ਕਈ ਵਿਧਾਇਕਾਂ ਦੀਆਂ ਦਸਤਾਰਾਂ ਲੱਥ ਗਈਆਂ ਅਤੇ ਇਕ ਵਿਧਾਇਕ ਦੇ ਖੁੱਲੇ ਕੇਸ ਆਪਣੇ ਆਪ ਹੀ ਬਹੁਤ ਕੁੱਝ ਦੱਸ ਰਹੇ ਸਨ। ਔਰਤ ਵਿਧਾਇਕਾਂ ਨਾਲ ਬਦਸਲੂਕੀ ਕੀਤੀ ਗਈ। ਮਾਰਸ਼ਲ ਉਨਾਂ ਨਾਲ ਬੇਰਹਿਮੀ ਨਾਲ ਪੇਸ਼ ਆਏ। ਔਰਤ ਵਿਧਾਇਕਾਂ ਦੀਆਂ ਚੁੰਨੀਆਂ ਉਤਰ ਗਈਆਂ ਜਦਕਿ ਕਾਨੂੰਨ ਦੇ ਵਿਸ਼ੇ ਵਿਚ ਪੀ.ਐਚਡੀ. ਕਰ ਰਹੀ ਇਕ ਵਿਧਾਇਕਾ ਰੁਪਿੰਦਰ ਰੂਬੀ ਦੀ ਚੁੰਨੀ ਇਸ ਕਸ਼ਮਕਸ਼ ਵਿਚ ਪਾੜ ਗਈ। ਆਪ ਦੀ ਇਕ ਹੋਰ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਕੱਪੜੇ ਪਾੜੇ ਗਏ ਅਤੇ ਉਸ ਨੂੰ ਸਦਨ ਵਿਚੋਂ ਘੜੀਸ ਕੇ ਬਾਹਰ ਕੱਢਿਆ ਗਿਆ। ਉਸ ਦਾ ਸਿਰ ਦਰਵਾਜ਼ੇ ਨਾਲ ਵੱਜਾ, ਜਿਸ ਨਾਲ ਉਹ ਜ਼ਖਮੀ ਹਾਲਤ ਵਿਚ 16 ਸੈਕਟਰ ਦੇ ਹਸਪਤਾਲ ਵਿਚ ਦਾਖਲ ਹੈ। ਦਾਖਲ ਹੋਣ ਪਿਛੋਂ ਤੁਰੰਤ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਹਰਵਿੰਦਰ ਸਿੰਘ ਫੂਲਕਾ, ਭਗਵੰਤ ਮਾਨ ਅਤੇ ਹੋਰ ਕਈ ਵਿਧਾਇਕ ਸਰਬਜੀਤ ਦਾ ਹਾਲ ਪੁੱਛਣ ਲਈ ਹਸਪਤਾਲ ਪਹੁੰਚੇ। ਬਾਅਦ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੈਂ ਆਪਣੇ ਸਿਆਸੀ ਜੀਵਨ ਵਿਚ ਇਸ ਤਰਾਂ ਦੀ ਸਥਿਤੀ ਦਾ ਕਦੇ ਵੀ ਸਾਹਮਣਾ ਨਹੀਂ ਕੀਤਾ।
ਸਥਿਤੀ ਨੇ ਨਾਜ਼ੁਕ ਮੋੜ ਕਦੋਂ ਲਿਆ?
ਸਦਨ ਦੀ ਕਾਰਵਾਈ ਦੇ ਆਰੰਭ ਵਿਚ ਹੀ ਸਥਿਤੀ ਨੇ ਉਸ ਸਮੇਂ ਨਾਜ਼ੁਕ ਮੋੜ ਲੈ ਲਿਆ ਜਦੋਂ ਆਮ ਆਦਮੀ ਪਾਰਟੀ ਨੇ ਸਪੀਕਰ ਅੱਗੇ ਸ਼ਿਕਾਇਤ ਕੀਤੀ ਕਿ ਜਿਨਾਂ ਦੋ ਵਿਧਾਇਕਾਂ-ਸੁਖਪਾਲ ਸਿੰਘ ਖਹਿਰਾ ਅਤੇ ਸਿਮਰਜੀਤ ਸਿੰਘ ਬੈਂਸ ਨੂੰ ਇਸ ਸੈਸ਼ਨ ਲਈ ਮੁਅੱਤਲ ਕੀਤਾ ਗਿਆ ਹੈ, ਉਨਾਂ ਨੂੰ ਇਥੋਂ ਤੱਕ ਕਿ ਵਿਧਾਨ ਸਭਾ ਦੇ ਕੰਪਲੈਕਸ ਵਿਚ ਵੀ ਦਾਖਲ ਹੋਣ ਤੋਂ ਮਨਾ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਨੇ ਉਨਾਂ ਨਾਲ ਧੱਕਾ-ਮੁੱਕੀ ਕੀਤੀ ਹੈ ਅਤੇ ਉਹ ਬਾਹਰ ਹੀ ਧੁੱਪ ਵਿਚ ਰੋਸ ਪ੍ਰਗਟ ਕਰਨ ਲਈ ਧਰਨੇ ‘ਤੇ ਬੈਠੇ ਹੋਏ ਹਨ। ਉਨਾਂ ਨੂੰ ਕੰਪਲੈਕਸ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਪਰ ਜਦੋਂ ਸਪੀਕਰ ਨੇ ਪ੍ਰਸ਼ਨ ਕਾਲ ਦੌਰਾਨ ਇਹ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਆਪ ਦੇ ਵਿਧਾਇਕ ‘ਵੈੱਲ’ ‘ਤੇ ਇਕੱਠੇ ਹੋ ਗਏ ਤੇ ਸਪੀਕਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪਰ ਇਸ ਨਾਅਰੇਬਾਜ਼ੀ ਦੇ ਬਾਵਜੂਦ ਹਾਊਸ ਦੀ ਕਾਰਵਾਈ ਕੁੱਝ ਚਿਰ ਲਈ ਚਲਦੀ ਰਹੀ। ਆਖਰਕਾਰ ਆਪ ਦੇ ਇਕ ਵਿਧਾਇਕ ਜੈਕਿਸ਼ਨ ਰੋੜੀ ਨੇ ਹਾਲਤ ਨੂੰ ਇਕ ਨਵਾਂ ਮੋੜ ਦਿੱਤਾ ਅਤੇ ਛਾਲ ਮਾਰ ਕੇ ਸੁਰੱਖਿਆ ਘੇਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਪਰ ਸੁਰੱਖਿਆ ਕਰਮਚਾਰੀਆਂ ਨੇ ਉਨਾਂ ਦਾ ਇਹ ਯਤਨ ਅਸਫਲ ਬਣਾ ਦਿੱਤਾ। ਉਨਾਂ ਨੇ ਕਈ ਵਾਰੀ ਵੱਖ-ਵੱਖ ਥਾਵਾਂ ਤੋਂ ਘੇਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਸਦਨ ਵਿਚ ਹੋਰ ਵੀ ਤਨਾਓ ਵਾਲਾ ਮਾਹੌਲ ਬਣ ਗਿਆ। ਇਸ ਤੋਂ ਤੁਰਤ ਪਿਛੋਂ ਆਪ ਦੇ ਵਿਧਾਇਕਾਂ ਨੇ ਇਕ ਗੋਲ ਦਾਇਰਾ ਬਣਾ ਲਿਆ ਅਤੇ ਉਹ ਸੁਰੱਖਿਆ ਘੇਰੇ ਦੀ ਕਤਾਰ ਨਾਲ ਟਕਰਾਉਣ ਲੱਗੇ। ਇਸ ਸਮੇਂ ਸਪੀਕਰ ਨੇ ਮਾਰਸ਼ਲਾਂ ਨੂੰ ਫੁਰਮਾਨ ਜਾਰੀ ਕਰ ਦਿੱਤਾ ਕਿ ਆਪ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੂੰ ਜਬਰੀ ਬਾਹਰ ਕੱਢ ਦਿੱਤਾ ਜਾਵੇ।
ਬੱਸ, ਜਿਉਂ ਹੀ ਸਪੀਕਰ ਦਾ ਹੁਕਮ ਜਾਰੀ ਹੋਇਆ ਤਾਂ ਵਾਚ ਐਂਡ ਵਾਰਡ ਦੇ ਸਟਾਫ ਨੇ ਪੰਜ-ਪੰਜ, ਛੇ-ਛੇ ਅਤੇ ਸੱਤ-ਸੱਤ ਦੀ ਗਿਣਤੀ ਤੋਂ ਉਪਰ ਵੀ ਇਕ-ਇਕ ਵਿਧਾਇਕ ਨੂੰ ਘੇਰੇ ਵਿਚ ਲੈ ਲਿਆ ਅਤੇ ਜਬਰੀ ਚੁੱਕ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਇਹ ਕੰਮ ਇਨਾ ਆਸਾਨ ਨਹੀਂ ਸੀ ਕਿਉਂਕਿ ਉਸ ਸਮੇਂ ਜ਼ਬਰਦਸਤੀ ਬਾਹਰ ਕੱਢਣ ਦਾ ਇਹ ਅਮਲ ਅਤੇ ਵਿਧਾਇਕਾਂ ਵੱਲੋਂ ਸਦਨ ਵਿਚ ਹੀ ਟਿਕੇ ਰਹਿਣ ਲਈ ਕੀਤਾ ਜਾ ਰਿਹਾ ਸੰਘਰਸ਼ ਅਤੇ ਖਾਸ ਕਰਕੇ ਔਰਤ ਵਿਧਾਇਕਾਂ ਵੱਲੋਂ ਕੀਤਾ ਗਿਆ ਮੁਕਾਬਲਾ ਇਕ ਤਰਾਂ ਨਾਲ ਬਿਨਾਂ ਹਥਿਆਰਾਂ ਤੋਂ ਇਕ ਪਾਸੜ ‘ਮਿੰਨੀ ਜੰਗ’ ਦਾ ਰੂਪ ਧਾਰਨ ਕਰ ਗਿਆ। ਇਸ ਮੌਕੇ ਤੇ ਮੀਡੀਆ ਦੀਆਂ ਗੈਲਰੀਆਂ ਪੱਤਰਕਾਰਾਂ ਨਾਲ ਖਚਾਖਚ ਭਰੀਆਂ ਹੋਈਆਂ ਸਨ ਅਤੇ ਇਕ ਤਰਾਂ ਪੱਤਰਕਾਰ ਅੰਦਰੋਂ-ਅੰਦਰੀ ਖੁਸ਼ ਨਜ਼ਰ ਆ ਰਹੇ ਸਨ ਅਤੇ ਕਿਉਂਕਿ ਬਜਟ ਦੇ ਖੁਸ਼ਕ ਅੰਕੜਿਆਂ ਤੇ ਬਹਿਸ ਹੋਣ ਦੀ ਥਾਂ ਹੁਣ ਉਨਾਂ ਨੂੰ ਬਜਟ ਤੋਂ ਵੀ ਵੱਡੀ ਕੋਈ ਖਬਰ ਲੱਭ ਗਈ ਸੀ। ਉਂਝ ਵੀ ਪੰਜਾਬ ਦੀ ਜਨਤਾ ਆਪਣੇ ਸੁਭਾਅ ਮੁਤਾਬਕ ਇਹੋ ਜਿਹੀਆਂ ਖਬਰਾਂ ਵਿਚ ਵਿਸ਼ੇਸ਼ ਦਿਲਚਸਪੀ ਲੈਂਦੀ ਹੈ ਅਤੇ ਇਹੋ ਜਿਹੀਆਂ ਖਬਰਾਂ ਦੀ ਉਡੀਕ ਵੀ ਕਰਦੀ ਰਹਿੰਦੀ ਹੈ।
ਕੌਣ ਠੀਕ ਸੀ ਤੇ ਕੌਣ ਗਲਤ?
ਸਵਾਲ ਇਹ ਨਹੀਂ ਸੀ ਕਿ ਇਸ ਸੰਘਰਸ਼ ਵਿਚ ਕੌਣ ਠੀਕ ਸੀ ਅਤੇ ਕੌਣ ਗਲਤ ਜਾਂ ਸਦਾਚਾਰ ਕਾਨੂੰਨਾਂ ਦੇ ਮਾਹਰਾਂ ਦਾ ਇਹ ਫੈਸਲਾ ਦੇਣਾ ਕਿ ਇਹ ਕੀ ਹੋਇਆ ਤੇ ਕਿਉਂ ਹੋਇਆ, ਇਹ ਕੋਈ ਖਾਸ ਮਹੱਤਵ ਨਹੀਂ ਸੀ ਰੱਖਦਾ, ਪਰ ਇਹ ਗੱਲ ਵਧੇਰੇ ਮਹੱਤਵਪੂਰਨ ਸੀ ਕਿ ਇਹ ਸੰਘਰਸ਼  ‘ਕਿਵੇਂ’ ਹੋਇਆ। ਵੈਸੇ ਸੰਘਰਸ਼ ਦੇ ਸਾਰੇ ਦ੍ਰਿਸ਼ ਨੂੰ ਇੰਨ-ਬਿੰਨ ਲੜੀਵਾਰ ਪੇਸ਼ ਕਰਨਾ ਕਾਫੀ ਮੁਸ਼ਕਿਲ ਹੈ ਕਿਉਂਕਿ ਸਦਨ ਦੇ ਅੰਦਰ ਉਤੋਂ ਥੱਲੇ ਘਟਨਾਵਾਂ ਏਨੀ ਤੇਜ਼ੀ ਨਾਲ ਵਾਪਰ ਰਹੀਆਂ ਸਨ ਕਿ ਸਾਰੇ ਦ੍ਰਿਸ਼ ਲੜੀਵਾਰ ਪੇਸ਼ ਵੀ ਨਹੀਂ ਸਨ ਕੀਤੇ ਜਾ ਸਕਦੇ। ਉਂਝ ਵੀ ਸਦਨ ਦੇ ਅੰਦਰ ਜਦੋਂ ਤੁਸੀਂ ਕਿਸੇ ਵਿਧਾਇਕ ਨੂੰ ਜਬਰੀ ਬਾਹਰ ਕੱਢਣਾ ਹੋਵੇ ਅਤੇ ਜੇ ਸਾਹਮਣੇ ਵਾਲੇ ਪਾਸੇ ਤੋਂ ਵਿਧਾਇਕ ਵੀ ਮੁਕਾਬਲਾ ਕਰੇ ਤਾਂ ਇਸ ਗੱਲ ਦਾ ਖਿਆਲ ਰੱਖਣਾ ਪੈਂਦਾ ਹੈ ਕਿ ਕਿਸੇ ਵਿਧਾਇਕ ਨੂੰ ਸੱਟ-ਫੇਟ ਹੀ ਨਾ ਲੱਗ ਜਾਵੇ ਕਿਉਂਕਿ ਅਜਿਹੀ ਜ਼ਖਮੀ ਹਾਲਤ ਵਿਚ ਕੁਦਰਤੀ ਹੈ ਕਿ ਵਿਧਾਇਕ ਦੀ ਪਾਰਟੀ ਨੂੰ ਜਨਤਾ ਵਿਚ ਹਮਦਰਦੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਅਤੇ ਹਾਕਮ ਪਾਰਟੀ ਦੇ ਪੱਲੇ ਬਦਨਾਮੀ ਹੀ ਪੈਂਦੀ ਹੈ। ਉਂਝ ਵੀ ਸਦਨ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ, ਜਦੋਂ  ਇਕ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਹੀ ਜਬਰੀ ਬਾਹਰ ਕੱੱਢਣ ਦਾ ਫੁਰਮਾਨ ਜਾਰੀ ਹੋਇਆ ਹੋਵੇ। ਬਿਨਾਂ ਹਥਿਆਰਾਂ ਤੋਂ ਚੱਲੀ ਅੱਜ ਦੀ ਜਦੋ-ਜਹਿਦ ਵਿਚ ਜੇ ਕਿਸੇ ਨੇ ਪੂਰੀ ਤਨਦੇਹੀ, ਦ੍ਰਿੜਤਾ ਅਤੇ ਇੱਛਾ ਸ਼ਕਤੀ ਨਾਲ ਮੁਕਾਬਲਾ ਕੀਤਾ ਹੈ ਤਾਂ ਉਸ ਦਾ ਸਿਹਰਾ ਸਰਬਜੀਤ ਕੌਰ ਮਾਣੂੰਕੇ ਨੂੰ ਹੀ ਜਾਂਦਾ ਹੈ। ਜਗਰਾਉਂ ਤੋਂ ਚੁਣੀ ਇਹ ਵਿਧਾਇਕਾ ਦੀ ਇਕ ਹਾਦਸੇ ਦੌਰਾਨ ਇਕ ਬਾਂਹ ਕਮਜ਼ੋਰ ਸੀ ਅਤੇ ਉਹ ਬਾਰ-ਬਾਰ ਰੌਲਾ ਪਾ ਰਹੀ ਸੀ ਕਿ ਉਸ ਨੂੰ ਬਾਂਹ ਤੋਂ ਨਾ ਫੜਿਆ ਜਾਵੇ ਪਰ ਵਾਚ ਐਂਡ ਵਾਰਡ ਸਟਾਫ ਨੇ ਤਾਂ ਆਪਣੀ ਡਿਊਟੀ ਪੂਰੀ ਕਰਦਿਆਂ ਉਸ ਨੂੰ ਹਰ ਹਾਲਤ ਵਿਚ ਬਾਹਰ ਕੱਢਣਾ ਹੀ ਕੱਢਣਾ ਸੀ। ਆਖਰਕਾਰ ਉਸ ਨੂੰ ਘੜੀਸ ਕੇ ਬੜੀ ਬੇਦਰਦੀ ਨਾਲ ਬਾਹਰ ਕੱਢਿਆ ਗਿਆ। ਪਰ ਵੇਖਣ ਵਾਲੀ ਗੱਲ ਇਹ ਸੀ ਕਿ ਉਹ ਫਿਰ ਵੀ ਸੰਘਰਸ਼ ਕਰਦੀ ਰਹੀ।
ਦਿਲਚਸਪ ਗੱਲ ਇਹ ਹੈ ਕਿ ਜਦੋਂ ਸਰਬਜੀਤ ਕੌਰ ਨੂੰ ਉਸ ਦੀ ਸੀਟ ਦੇ ਇਰਦ-ਗਿਰਦ ਵਾਚ ਐਂਡ ਵਾਰਡ ਸਟਾਫ ਦੀਆਂ ਔਰਤਾਂ ਨੇ ਘੇਰੇ ਵਿਚ ਲੈ ਲਿਆ ਤਾਂ ਪ੍ਰੋ. ਬਲਜਿੰਦਰ ਕੌਰ ਤੇ ਰੁਪਿੰਦਰ ਰੂਬੀ ਉਸ ਦੀ ਮਦਦ ਲਈ ਨੇੜੇ ਆ ਗਈਆਂ ਅਤੇ ਉਨਾਂ ਨੇ ਕੋਸ਼ਿਸ਼ ਕੀਤੀ ਕਿ ਸਰਬਜੀਤ ਕੌਰ ਨੂੰ ਬਾਹਰ ਕੱਢਣ ਤੋਂ ਕਿਵੇਂ ਨਾ ਕਿਵੇਂ ਰੋਕਿਆ ਜਾ ਸਕੇ। ਪਰ ਇਹ ਯਤਨ ਬਹੁਤਾ ਚਿਰ ਕਾਮਯਾਬ ਨਾ ਹੋ ਸਕਿਆ ਕਿਉਂਕਿ ਹੋਰ ਸਟਾਫ ਵੀ ਆ ਗਿਆ ਅਤੇ ਉਨਾਂ ਨੇ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਰੂਬੀ ਨੂੰ ਵੀ ਵੱਖ-ਵੱਖ ਕਰ ਲਿਆ। ਹੁਣ ਹਾਲਤ ਇਹ ਬਣ ਗਈ ਸੀ ਕਿ ਤਿੰਨੇ ਔਰਤ ਵਿਧਾਇਕਾਂ ਆਪਣੀ-ਆਪਣੀ ਥਾਂ ਸਦਨ ਵਿਚ ਡਟੇ ਰਹਿਣ ਲਈ ਇਕੱਲੇ-ਇਕੱਲੇ ਸੰਘਰਸ਼ ਕਰ ਰਹੀਆਂ ਸਨ। ਜਦੋਂ ਪ੍ਰੋ. ਬਲਜਿੰਦਰ ਕੌਰ ਨੇ ਆਪਣੇ ਜਿਸਮ ਦੇ ਜ਼ੋਰ ਵਾਚ ਐਂਡ ਵਾਰਡ ਸਟਾਫ ਨੂੰ ਪਰਾਂ ਧੱਕ ਦਿੱਤਾ ਤਾਂ ਹੋਰ ਸਟਾਫ ਆ ਗਿਆ ਤਾਂ ਆਖਰਕਾਰ ਅੰਗਰੇਜ਼ੀ ਦੀ ਇਸ ਸਾਬਕਾ ਪ੍ਰੋਫੈਸਰ ਨੂੰ ਵੀ ਚੁੱਕ ਕੇ ਬਾਹਰ ਕੱਢ ਦਿੱਤਾ ਗਿਆ। ਇਸੇ ਤਰਾਂ ਰੁਪਿੰਦਰ ਰੂਬੀ ਨੂੰ ਵੀ ਬਾਹਰ ਕੱਢਿਆ ਗਿਆ। ਪਰ ਮੁਕਾਬਲੇ ਦਾ ਇਹ ਦ੍ਰਿਸ਼ ਸੱਚਮੁੱਚ ਹੀ ਵੇਖਣ ਵਾਲਾ ਸੀ ਕਿਉਂਕਿ ਇਹੋ ਜਿਹੇ ਦ੍ਰਿਸ਼ਾਂ ਵਿਚ ਤੁਹਾਡੇ ਅੰਦਰ ਲੋਕ ਰਾਜ ਦੀਆਂ ਸੀਮਾਵਾਂ ਦੀਆਂ ਕਈ ਪਰਤਾਂ ਜਾਣੇ-ਅਣਜਾਣੇ ਖੁੱਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨਾਂ ਪਰਤਾਂ ਵਿਚ ਦਰਦ, ਅਫਸੋਸ ਅਤੇ ਹਮਦਰਦੀ ਦੇ ਰਲੇ ਮਿਲੇ ਪ੍ਰਭਾਵ ਤੁਹਾਡੇ ਅੰਦਰ ਸੁਭਾਵਕ ਹੀ ਆ ਜਾਂਦੇ ਹਨ। ਸਦਨ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਸੀ ਜਦੋਂ ਔਰਤ ਵਿਧਾਇਕਾਂ ਨੂੰ ਬਾਹਰ ਕੱਢਣ ਲਈ ਵਾਚ ਐਂਡ ਵਾਰਡ ਸਟਾਫ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦਾ ਵੱਡਾ ਕਾਰਨ ਇਹ ਸੀ ਕਿ ਤਿੰਨੇ ਵਿਧਾਇਕਾਂ ਜਵਾਨ ਮੁਟਿਆਰਾਂ ਸਨ ਅਤੇ ਉਹ ਬਿਨਾਂ ਸੰਘਰਸ਼ ਤੋਂ ਚੁੱਪ-ਚਾਪ ਬਾਹਰ ਜਾਣ ਲਈ ਕਿਸੇ ਵੀ ਹਾਲਤ ਵਿਚ ਤਿਆਰ ਨਹੀਂ ਸਨ।
ਫੂਲਕਾ ਨੂੰ ਚੁੱਕ ਕੇ ਬਾਹਰ ਕੱਢਿਆ
ਹਰਵਿੰਦਰ ਸਿੰਘ ਫੂਲਕਾ ਨੂੰ ਚਾਰ ਸੁਰੱਖਿਆ ਕਰਮਚਾਰੀਆਂ ਨੇ ਚੁੱਕ ਕੇ ਬਾਹਰ ਕੱਢਿਆ। ਪਹਿਲਾਂ ਤਾਂ ਉਨਾਂ ਨੇ ਸੁਰੱਖਿਆ ਕਰਮਚਾਰੀਆਂ ਦੇ ਜੱਫੇ ਨੂੰ ਛੁਡਾ ਲਿਆ ਸੀ ਪਰ ਉਮਰ ਦੇ ਲਿਹਾਜ਼ ਨਾਲ ਆਖਰਕਾਰ ਸੁਰੱਖਿਆ ਕਰਮਚਾਰੀਆਂ ਦਾ ਹੱਥ ਉਤੇ ਹੋ ਗਿਆ। ਸਰਬਜੀਤ ਕੌਰ ਨੂੰ ਚੁੱਕਣ ਸਮੇਂ ਡੈਸਕ ਡਿੱਗ ਪਿਆ ਅਤੇ ਸਦਨ ਵਿਚ ਵੱਡੇ ਖੜਾਕ ਨੇ ਸਾਰਿਆਂ ਦਾ ਧਿਆਨ ਖਿੱਚ ਲਿਆ। ਸਰਬਜੀਤ ਕੌਰ ਸੰਘਰਸ਼ ਦੌਰਾਨ ਰਾਹ ਵਿਚ ਹੀ ਡਿੱਗ ਪਈ ਅਤੇ ਜਿਨਾਂ ਵਿਧਾਇਕਾਂ ਦੀਆਂ ਦਸਤਾਰਾਂ ਲੱਥੀਆਂ ਉਨਾਂ ਵਿਚ ਪਿਰਮਲ ਸਿੰਘ, ਮਨਜੀਤ ਸਿੰਘ, ਜੈਕਿਸ਼ਨ ਅਰੋੜਾ ਅਤੇ ਅਮਰਜੀਤ ਸਿੰਘ ਸ਼ਾਮਲ ਹਨ। ਇਕ ਵਿਧਾਇਕ ਦਾ ਕੰਘਾ ਅਤੇ ਕਿਰਪਾਨ ਵੀ ਲੱਥ ਗਈ ਅਤੇ ਇਕ ਵਿਧਾਇਕ ਦੇ ਕੇਸ ਖੁੱਲ ਗਏ।
ਅਕਾਲੀ ਦਲ ਵੱਲੋਂ ਵਾਕ-ਆਊਟ
ਜਦੋਂ ਇਹ ਸਾਰਾ ਦ੍ਰਿਸ਼ ਖਤਮ ਹੋਇਆ ਤਾਂ ਸੁਖਬੀਰ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਨੇ ਆਪ ਦੇ ਵਿਧਾਇਕਾਂ ਦੇ ਹੱਕ ਵਿਚ ਰੋਸ ਵਜੋਂ ਸਦਨ ਤੋਂ ਵਾਕ-ਆਊਟ ਕੀਤਾ। ਪਰ ਛੇਤੀ ਹੀ ਅਸਲ ਵਿਚ ਇਕ ਹੋਰ ਨਜ਼ਾਰੇ ਨੇ ਮੀਡੀਆ ਦਾ ਧਿਆਨ ਖਿੱਚ ਲਿਆ। ਅਕਾਲੀ ਵਿਧਾਇਕ ਅਤੇ ਆਪ ਦੇ ਵਿਧਾਇਕ ਇਕੱਠੇ ਹੋ ਕੇ ਨਾਹਰੇ ਮਾਰਦੇ ਹੋਏ ਸਦਨ ਵਿਚ ਦਾਖਲ ਹੋ ਗਏ। ਇਉਂ ਇਸ ਆਰਜ਼ੀ ਏਕਤਾ ਨੇ ਇਕ ਵਾਰ ਤਾਂ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਕਿਉਂਕਿ ਹੁਣ ਤੱਕ ਦੋਵੇਂ ਵਿਰੋਧੀ ਧਿਰਾਂ ਇਕ ਦੂਜੇ ਨੂੰ ਸਹਿਯੋਗ ਦਿੱਤੇ ਤੋਂ ਬਿਨਾਂ ਹੀ ਵੱਖ-ਵੱਖ ਮੁੱਦਿਆਂ ਤੇ ਆਪਣੀ ਆਪਣੀ ਪੱਧਰ ‘ਤੇ ਹੀ ਰੋਸ ਪ੍ਰਗਟ ਕਰਦੀਆਂ ਵੇਖੀਆਂ ਗਈਆਂ ਸਨ। ਸਪੀਕਰ ਨੇ ਅਕਾਲੀ ਵਿਧਾਇਕਾਂ ਨੂੰ ਵੀ ਜਬਰੀ ਬਾਹਰ ਕੱਢਣ ਲਈ ਮਾਰਸ਼ਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਪਰ ਉਨਾਂ ਵਿਚੋਂ ਕਈ ਵਿਧਾਇਕ ਸੰਘਰਸ਼ ਕੀਤੇ ਤੋਂ ਬਿਨਾਂ ਹੀ ਬਾਹਰ ਚਲੇ ਗਏ।
ਸਦਨ ਤੋਂ ਬਾਹਰ ਕੀ ਹੋਇਆ?
ਸਦਨ ਦੇ ਅੰਦਰ ਤਾਂ ਜੋ ਕੁੱਝ ਹੋਇਆ, ਉਹ ਹੋਇਆ ਹੀ ਪਰ ਸਦਨ ਤੋਂ ਬਾਹਰਲੇ ਦ੍ਰਿਸ਼ ਹੋਰ ਵੀ ਵੇਖਣ ਵਾਲੇ ਸਨ। ਬਿਕਰਮਜੀਤ ਸਿੰਘ ਮਜੀਠੀਆ ਦੇ ਹੱਥ ਵਿਚ ਉਹ ਦਸਤਾਰ ਸੀ ਜੋ ਆਪ ਦੇ ਇਕ ਵਿਧਾਇਕ ਦੀ ਲੱਥ ਗਈ ਸੀ। ਉਸ ਦਸਤਾਰ ਨੂੰ ਸਪੀਕਰ ਅੱਗੇ ਵੀ ਮਜੀਠੀਆ ਨੇ ਬਾਂਹ ਉਲਾਰ ਕੇ ਪੇਸ਼ ਕੀਤਾ। ਸਦਨ ਤੋਂ ਬਾਹਰ ਜਾ ਕੇ ਜਦੋਂ ਦਸਤਾਰ ਹੱਥ ਵਿਚ ਫੜੀ ਮਜੀਠੀਆ ਆਪਣੇ ਹੀ ਜੇਤੂ ਅੰਦਾਜ਼ ਵਿਚ ਜਾ ਰਿਹਾ ਸੀ ਤਾਂ ਵੀਡੀਓ ਕੈਮਰਿਆਂ ਦੀ ਵੱਡੀ ਭੀੜ ਵਿਚ ਉਹ ਬਾਰ-ਬਾਰ ਕਾਂਗਰਸੀਆਂ ‘ਤੇ ਹਮਲੇ ਕਰ ਰਹੇ ਸਨ। ਉਨਾਂ ਤੋਂ ਥੋੜੀ ਵਿੱਥ ‘ਤੇ ਸੁਖਬੀਰ ਸਿੰਘ ਬਾਦਲ ਵੀ ਜਾ ਰਹੇ ਸਨ ਅਤੇ ਇੰਝ ਇਹ ਦੋਵੇਂ ਕਾਫਲੇ ਦੇ ਰੂਪ ਵਿਚ ਵਿਧਾਨ ਸਭਾ ਦੀ ਗੈਲਰੀ ਵਿਚ ਉਸ ਥਾਂ ‘ਤੇ ਇਕੱਠੇ ਹੋ ਗਏ ਜਿਥੇ ਫੂਲਕਾ ਅਤੇ ਆਪ ਦੇ ਵਿਧਾਇਕ ਪਹਿਲਾਂ ਹੀ ਭੁੰਜੇ ਬੈਠ ਕੇ ਸਪੀਕਰ ਵਿਰੁੱਧ ਨਾਅਰੇ ਮਾਰ ਰਹੇ ਸਨ। ਕੁੱਝ ਨਾਅਰਿਆਂ ਵਿਚ ਜਦੋਂ ਕੇ.ਪੀ. ਮੁਰਦਾਬਾਦ ਕਿਹਾ ਜਾ ਰਿਹਾ ਸੀ ਤਾਂ ਕੇ.ਪੀ. ਦੇ ਨਾਲ ‘ਸਪੀਕਰ’ ਸ਼ਬਦ ਜੋੜਿਆ ਹੀ ਨਹੀਂ ਸੀ ਜਾ ਰਿਹਾ। ਇਹ ਸ਼ਾਇਦ ਜਾਣ-ਬੁੱਝ ਕੇ ਇਸਤਮਾਲ ਕੀਤਾ ਜਾ ਰਿਹਾ ਸੀ ਜਿਵੇਂ ਉਹ ਸਪੀਕਰ ਨੂੰ ਕੋਈ ਮਾਨਤਾ ਹੀ ਨਹੀਂ ਦੇ ਰਹੇ ਸਨ।ਇਹ ਵੀ ਪਤਾ ਲੱਗਾ ਹੈ ਕਿ ਵਿਰੋਧੀ ਧਿਰ ਸਪੀਕਰ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਨ ਦਾ ਪ੍ਰੋਗਰਾਮ ਬਣਾ ਰਹੀ ਹੈ। ਜਦੋਂ ਸੁਖਬੀਰ ਬਾਦਲ ਭੁੰਜੇ ਹੀ ਫੂਲਕਾ ਅਤੇ ਉਨਾਂ ਦੇ ਸਾਥੀਆਂ ਨਾਲ ਬੈਠ ਗਿਆ ਤਾਂ ਦਰਜਨਾਂ ਕੈਮਰੇ ਇਸ ਅਨੋਖੇ ਇਕੱਠ ਤੇ ਏਕਤਾ ਦੀਆਂ ਤਸਵੀਰਾਂ ਖਿੱਚ ਰਹੇ ਸਨ। ਬਾਅਦ ਵਿਚ ਮਜੀਠੀਆ, ਫੂਲਕਾ ਅਤੇ ਸੁਖਬੀਰ ਬਾਦਲ ਦੀਆਂ ਗੱਡੀਆਂ 16 ਸੈਕਟਰ ਦੇ ਹਸਪਤਾਲ ਵੱਲ ਰਵਾਨਾ ਹੋ ਗਈਆਂ, ਜਿਥੇ ਅੱਜ ਦੇ ਸੰਘਰਸ਼ ਦੀ ਜੇਤੂ ਜਰਨੈਲ ਸਰਬਜੀਤ ਕੌਰ ਮਾਣੂੰਕੇ ਜ਼ਖਮੀ ਹਾਲਤ ਵਿਚ ਦਾਖਲ ਸੀ।
ਸੁਖਬੀਰ ਅੰਦਰ ਸਿੱਖੀ ਦੀਆਂ ਕਦਰਾਂ-ਕੀਮਤਾਂ ਜਾਗੀਆਂ
ਇਕ ਹੋਰ ਹੈਰਾਨੀਜਨਕ ਨਜ਼ਾਰਾ ਵੀ ਵੇਖਿਆ। ਇਹ ਪਹਿਲੀ ਵਾਰ ਸੀ ਜਦੋਂ ਸੁਖਬੀਰ ਬਾਦਲ ਦੇ ਗੁੱਸੇ ਤੇ ਰੋਸ ਵਿਚ ਸਿੱਖੀ ਦੀਆਂ ਕਦਰਾਂ-ਕੀਮਤਾਂ ਨੇ ਨਾ ਕੇਵਲ ਉਸ ਦੇ ਦਿਮਾਗ ਵਿਚ ਹੀ ਸਗੋਂ ਉਸ ਦੇ ਦਿਲ ਵਿਚ ਵੀ ਆਪਣਾ ਘਰ ਬਣਾ ਲਿਆ ਜਾਪਦਾ ਸੀ। ਉਸ ਦੇ ਕੁੱਝ ਸ਼ਬਦ ਇੰਨ-ਬਿੰਨ ਸੁਣੋ: ‘ਵਿਧਾਨ ਸਭਾ ਵਿਚ ਵਿਧਾਇਕਾਂ ਨੂੰ ਕੁੱਟਿਆ ਗਿਆ (ਹਾਲਾਂਕਿ ਇਹ ਗੱਲ ਇੰਝ ਨਹੀਂ ਸੀ ਹੋਈ)। ਸਾਡੀਆਂ ਕੁੜੀਆਂ ਦੀਆਂ ਚੁੰਨੀਆਂ ਪਾੜੀਆਂ ਗਈਆਂ, ਸਾਡੇ ਗੁਰਸਿੱਖਾਂ ਦੀਆਂ ਦਸਤਾਰਾਂ ਮਿੱਟੀ ਵਿਚ ਰੋਲ ਦਿੱਤੀਆਂ ਗਈਆਂ। ਕਕਾਰਾਂ ਦੀ ਬੇਅਦਬੀ ਹੋਈ। ਇਹ ਉਹੋ ਹੀ ਲੋਕ ਨੇ ਜਿਨਾਂ ਨੇ ਸਾਡੇ ਦਰਬਾਰ ਸਾਹਿਬ ‘ਤੇ ਹਮਲਾ ਕੀਤੇ। ਇਸ ਕੇ.ਪੀ. ਨੇ ਸਿੱਖਾਂ ਦੀ ਸ਼ਾਨ ਨੂੰ ਰੋਲ ਕੇ ਰੱਖ ਦਿੱਤਾ ਹੈ।’ ਸੁਖਬੀਰ ਬਾਦਲ ਜਦੋਂ ਇਹ ਸ਼ਬਦ ਬੋਲ ਰਹੇ ਸਨ ਤਾਂ ਉਨਾਂ ਦਾ ਚਿਹਰਾ ਮੁੜਕੋ-ਮੁੜਕੀ ਹੋਇਆ ਸੀ ਪਰ ਉਨਾਂ ਨੂੰ ਇਹ ਪੱਕਾ ਭਰੋਸਾ ਹੋ ਗਿਆ ਸੀ, ਜਿਵੇਂ ਉਨਾਂ ਨੇ ਹਾਲ ਵਿਚ ਹੀ ਖੁੱਸੀ ਪੰਥਕ ਜ਼ਮੀਨ ਨੂੰ ਫਿਰ ਆਪਣੇ ਹੱਕ ਵਿਚ ਕਰ ਲਿਆ ਹੈ। ਪਰ ਪੰਜਾਬ ਦੇ ਲੋਕਾਂ ਨੇ ਅਜੇ ਇਹ ਫੈਸਲਾ ਕਰਨਾ ਹੈ ਕਿ ਇਹ ਉਸ ਦੀ ਰਣਨੀਤਕ ਚਾਲ ਸੀ ਜਾਂ ਸੱਚੀ ਹਮਦਰਦੀ। ਉਨਾਂ ਦੀ ਕਾਰਵਾਈ ਨਾਲ ਬਿਨਾਂ ਸ਼ੱਕ ਉਹ ਪੰਜਾਬੀਆਂ ਦੀਆਂ ਨਜ਼ਰਾਂ ਵਿਚ ਸਤਿਕਾਰ ਬਣਾਉਣ ਵਾਲੀ ਹਾਲਤ ਦੇ ਨੇੜੇ-ਨੇੜੇ ਪਹੁੰਚ ਗਿਆ ਸੀ। ਉਨਾਂ ਨੇ ਆਪਣੀ ਰਣਨੀਤੀ ਨਾਲ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਕ ਵਾਰ ਮੁੜ ਪੰਥਕ ਨਜ਼ਰਾਂ ਵਿਚ ਬਹਾਲ ਹੋ ਸਕਦੇ ਹਨ ਅਤੇ 2019 ਦੀਆਂ ਚੋਣਾਂ ਵਿਚ ਉਨਾਂ ਦੀ ਹਾਲਤ ਵਧੇਰੇ ਬਿਹਤਰ ਹੋਵੇਗੀ।
ਸਬੂਤਾਂ ਅਤੇ ਤੱਥਾਂ ਦੇ ਖਜ਼ਾਨੇ ਦਾ ਬਾਦਸ਼ਾਹ
ਵਿਧਾਨ ਸਭਾ ਦੇ ਕੰਪਲੈਕਸ ਦੇ ਬਾਹਰ ਧੁੱਪ ਵਿਚ ਹੀ ਦੋ ਵਿਧਾਇਕ ਜ਼ਬਰਦਸਤ ਸੁਰੱਖਿਆ ਘੇਰੇ ਵਿਚ ਧਰਨਾ ਦੇ ਕੇ ਬੈਠੇ ਹੋਏ ਸਨ।  ਇਨਾਂ ਵਿਚੋਂ ਇਕ ਸਬੂਤਾਂ, ਤੱਥਾਂ ਅਤੇ ਦਲੀਲਾਂ ਦੇ ਖਜ਼ਾਨੇ ਦਾ ਬਾਦਸ਼ਾਹ ਸੁਖਪਾਲ ਖਹਿਰਾ ਸੀ ਅਤੇ ਦੂਜਾ ਨਿਰਭਉ ਅਤੇ ਨਿਰਵੈਰ ਹੋ ਕੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਦਾ ਅਡੋਲ ਪਹਿਰੇਦਾਰ ਸਿਮਰਜੀਤ ਸਿੰਘ ਬੈਂਸ ਸੀ। ਕੁੱਝ ਚਿਰ ਪਿਛੋਂ ਉਨਾਂ ਦੇ ਨਾਲ ਸੁਖਦੇਵ ਸਿੰਘ ਮੁੱਲਾਪੁਰ ਵੀ ਬੈਠ ਗਿਆ ਸੀ। ਦੋਵੇਂ ਵਿਧਾਇਕ ਬੇਹੱਦ ਖੁਸ਼ ਨਜ਼ਰ ਆ ਰਹੇ ਸਨ ਕਿਉਂਕਿ ਸਦਨ ਵਿਚ ਹੋ ਰਹੇ ਸੰਘਰਸ਼ ਦੀਆਂ ਸਭ ਖਬਰਾਂ ਉਨਾਂ ਨੂੰ ਪਲ-ਪਲ ਮਿਲ ਰਹੀਆਂ ਸਨ। ਚੇਤੇ ਰਹੇ ਕਿ ਇਨਾਂ ਦੋਵੇਂ ਵਿਧਾਇਕਾਂ ਨੂੰ ਇਸ ਸੈਸ਼ਨ ਲਈ ਸਪੀਕਰ ਨੇ ਸਦਨ ਤੋਂ ਮੁਅੱਤਲ ਕੀਤਾ ਹੋਇਆ ਹੈ ਪਰ ਮੁਅੱਤਲੀ ਤੋਂ ਪਿਛੋਂ ਹਰ ਰੋਜ਼ ਉਨਾਂ ਦੇ ਹੱਕ ਵਿਚ ਹਮਦਰਦੀ ਦੀ ਇਕ ਲਹਿਰ ਵੱਡੀ ਹੁੰਦੀ ਜਾ ਰਹੀ ਸੀ। ਸੁਖਪਾਲ ਖਹਿਰਾ ਦਾ ਉਹ ਬਿਆਨ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਹੋਇਆ ਹੈ, ਜਿਸ ਵਿਚ ਉਸ ਨੇ ਸਪੀਕਰ ਦੇ ਪਰਿਵਾਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਇਸ ਸਬੰਧ ਵਿਚ ਸਪੀਕਰ ਦੇ ਦਾਮਾਦ ਵਿਰੁੱਧ ਜੋ ਐਫ.ਆਈ.ਆਰ. ਕਟੀ ਗਈ ਹੈ, ਉਸ ਦੀਆਂ ਨਕਲਾਂ ਸਾਰੇ ਪੱਤਰਕਾਰਾਂ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਵੰਡੀਆਂ ਗਈਆਂ।
ਦਸਤਾਰਾਂ ਦਾ ਮਾਮਲਾ ਅਕਾਲ ਤਖਤ ਤੇ ਪਹੁੰਚੇਗਾ?
ਇਸੇ ਦੌਰਾਨ ਜਾਪਦਾ ਹੈ ਜਿਵੇਂ ਦਸਤਾਰਾਂ ਅਤੇ ਬੀਬੀਆਂ ਦੀਆਂ ਚੁੰਨੀਆਂ ਉਤਰਨ ਦਾ ਮਾਮਲਾ ਅਕਾਲ ਤਖਤ ‘ਤੇ ਵੀ ਪਹੁੰਚ ਸਕਦਾ ਹੈ ਕਿਉਂਕਿ ਕੁੱਝ ਵਿਧਾਇਕ ਇਸ ਦਾ ਸਪੱਸ਼ਟ ਇਸ਼ਾਰਾ ਵੀ ਕਰ ਰਹੇ ਸਨ। ਉਨਾਂ ਨੂੰ ਸਭ ਤੋਂ ਵੱਡਾ ਅਫਸੋਸ ਅਤੇ ਰੋਸ ਸਪੀਕਰ ਉਤੇ ਹੈ ਕਿਉਂਕਿ ਉਹ ਖੁਦ ਆਨੰਦਪੁਰ ਹਲਕੇ ਤੋਂ ਚੁਣ ਕੇ ਆਏ ਹਨ, ਜਿਸ ਧਰਤੀ ‘ਤੇ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾ ਕੇ ਖਾਲਸਾ ਸਾਜਿਆ ਸੀ। ਉਨਾਂ ਨੂੰ ਗਿਲਾ ਇਸ ਗੱਲ ਦਾ ਹੈ ਕਿ ਸਪੀਕਰ ਨੂੰ ਤਾਂ ਸਿੱਖ ਰਵਾਇਤਾਂ ਦਾ ਚੰਗੀ ਤਰਾਂ ਪਤਾ ਸੀ ਅਤੇ ਉਹ ਘੱਟੋ-ਘੱਟ ਮਾਰਸ਼ਲਾਂ ਨੂੰ ਇਹ ਹਦਾਇਤ ਕਰ ਸਕਦੇ ਸਨ ਕਿ ਜਬਰੀ ਬਾਹਰ ਕੱਢਣ ਦੀ ਸੂਰਤ ਵਿਚ ਕਿਸੇ ਵਿਧਾਇਕ ਦੀ ਦਸਤਾਰ ਜਾਂ ਚੁੰਨੀ ਦੀ ਬੇਅਦਬੀ ਨਾ ਹੋਵੇ ਤੇ ਕਿਸੇ ਵੀ ਤਰਾਂ ਕਿਸੇ ਅੰਮ੍ਰਿਤਧਾਰੀ ਸਿੰਘ ਦੇ ਕਕਾਰਾਂ ਦੀ ਬੇਅਦਬੀ ਨਾ ਹੋਵੇ। ਪਰ ਅਫਸੋਸ ਇਸ ਗੱਲ ਦਾ ਸੀ ਕਿ ਇਹ ਸਭ ਕੁੱਝ ਹੋਇਆ। ਇੰਝ ਸਦਨ ਵਿਚ ਇਹੋ ਜਿਹੀ ਘਟਨਾ ਵਾਪਰ ਗਈ ਹੈ ਜਿਸ ਨਾਲ ਸਪੀਕਰ ਖੁਦ ਵੀ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ।
ਮਰਦ ਕਰਮਚਾਰੀਆਂ ਨੇ ਧੱਕੇ ਮਾਰੇ – ਪ੍ਰੋ. ਬਲਜਿੰਦਰ ਕੌਰ
ਆਪ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਇਸ ਗੱਲ ‘ਤੇ ਦੁਖ ਪ੍ਰਗਟ ਕੀਤਾ ਕਿ ਮਾਰਸ਼ਲਾਂ ਨੇ ਦਸਤਾਰਾਂ ਦੀ ਬੇਅਦਬੀ ਕੀਤੀ ਜਦਕਿ ਖਿੱਚ-ਧੂਹ ਵਿਚ ਰੁਪਿੰਦਰ ਰੂਬੀ ਦੀ ਚੁੰਨੀ ਵੀ ਪਾੜ ਦਿੱਤੀ ਗਈ। ਉਨਾਂ ਕਿਹਾ ਕਿ ਵਾਚ ਐਂਡ ਵਾਰਡ ਸਟਾਫ ਦੇ ਮਰਦ ਕਰਮਚਾਰੀ ਵੀ ਉਨਾਂ ਨੂੰ ਧੱਕੇ ਮਾਰ ਰਹੇ ਸਨ। ਸਰਬਜੀਤ ਕੌਰ ਨੂੰ ਬੁਰੀ ਤਰਾਂ ਫੱਟੜ ਕਰ ਦਿੱਤਾ ਗਿਆ ਸੀ ਅਤੇ ਜਦੋਂ ਉਨਾਂ ਦਾ ਸਿਰ ਦਰਵਾਜ਼ੇ ਨਾਲ ਵੱਜਾ ਤਾਂ ਉਹ ਇਕ ਤਰਾਂ ਨਾਲ ਬੇਹੋਸ਼ ਹੋ ਗਈ ਸੀ। ਉਨਾਂ ਕਿਹਾ ਕਿ ਸਰਕਾਰ ਨੇ ਪੰਜਾਬੀ ਸਭਿਆਚਾਰ ਦੀ ਸ਼ਾਨ ਨੂੰ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ ਹੈ। ਦੂਜੇ ਪਾਸੇ ਜਦੋਂ ਮੈਂ 16 ਸੈਕਟਰ ਦੇ ਹਸਪਤਾਲ ਵਿਚ ਦਾਖਲ ਸਰਬਜੀਤ ਕੌਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦਵਾਈਆਂ ਦੇ ਨਸ਼ੇ ਕਾਰਨ ਉਹ ਅਜੇ ਗੱਲਬਾਤ ਕਰਨ ਦੀ ਪੁਜੀਸ਼ਨ ਵਿਚ ਨਹੀਂ ਸਨ।
ਨਾਗਰਾ ਅਤੇ ਮਜੀਠੀਆ ਵਿਚ ਤੂੰ-ਤੂੰ, ਮੈਂ-ਮੈਂ
ਇਸੇ ਦੌਰਾਨ ਸਪੀਕਰ ਵੱਲੋਂ ਹਾਊਸ ਨੂੰ ਕਈ ਵਾਰ ਮੁਲਤਵੀ ਕੀਤਾ ਗਿਆ ਅਤੇ ਇਕ ਸਮਾਂ ਇਹੋ ਜਿਹਾ ਵੀ ਆਇਆ ਜਦੋਂ ਅਕਾਲੀ ਵਿਧਾਇਕਾਂ ਅਤੇ ਕਾਂਗਰਸੀ ਵਿਧਾਇਕਾਂ ਵਿਚ ਤੂੰ-ਤੂੰ, ਮੈਂ-ਮੈਂ ਦਾ ਮਾਹੌਲ ਕਾਫੀ ਭਖ ਗਿਆ ਕਿਉਂਕਿ ਹਾਊਸ ਦੇ ਮੁਲਤਵੀ ਹੋਣ ਦੇ ਦੌਰਾਨ ਬਹੁਤੇ ਵਿਧਾਇਕ ਸਦਨ ਵਿਚ ਹੀ ਬੈਠੇ ਰਹੇ। ਇੰਝ ਸਪੀਕਰ ਤੋਂ ਬਿਨਾਂ ਹੀ ਸਦਨ ਚੱਲ ਰਿਹਾ ਸੀ। ਤੂੰ-ਤੂੰ , ਮੈਂ-ਮੈਂ ਦਾ ਇਕ ਵੱਡਾ ਦ੍ਰਿਸ਼ ਉਹ ਸੀ ਜਦੋਂ ਕੁਲਜੀਤ ਨਾਗਰਾ ਅਤੇ ਬਿਕਰਮਜੀਤ ਸਿੰਘ ਮਜੀਠੀਆ ਲਗਭਗ ਅੱਧਾ ਘੰਟਾ ਗੱਲਾਂ-ਗੱਲਾਂ ਵਿਚ ਇਕ ਦੂਜੇ ਨੂੰ ਤਿੱਖੇ ਮਜ਼ਾਕ ਕਰਦੇ ਰਹੇ ਅਤੇ ਤਾਹਨੇ-ਮੇਹਣੇ ਮਾਰਦੇ ਰਹੇ। ਇਕ ਸਵਾਲ ਅੰਗਰੇਜ਼ੀ ਦੇ ਗਿਆਨ ਨੂੰ ਲੈ ਕੇ ਭੱਖ ਗਿਆ, ਜਦੋਂ ਨਾਗਰਾ ਸਾਹਿਬ ਨੇ ਕਿਹਾ ਕਿ ਸਾਨੂੰ ਭਾਵੇਂ ਤੇਰੀ ਜਿੰਨੀ ਅੰਗਰੇਜ਼ੀ ਨਹੀਂ ਆਉਂਦੀ ਪਰ ਸਾਡੇ ਕੋਲ ਤੇਰੇ ਨਾਲੋਂ ਵੱਧ ਡਿਗਰੀਆਂ ਹਨ। ਉਨਾਂ ਨੇ ਮਜੀਠੀਏ ਨੂੰ ਟਕੋਰ ਮਾਰਦਿਆਂ ਕਿਹਾ ਕਿ ਤੂੰ ਦੱਸ ਤੇਰੇ ਕੋਲ ਕਿਹੜੀ ਡਿਗਰੀ ਹੈ, ਮੇਰੇ ਕੋਲ ਤਾਂ ਪੰਜ ਡਿਗਰੀਆਂ ਹਨ, ਤੇਰੇ ਕੋਲ ਜੇ ਕੋਈ ਸਭ ਤੋਂ ਵੱਡੀ ਡਿਗਰੀ ਹੈ ਤਾਂ ਉਹ ਡਿਗਰੀ ਇਹ ਹੈ ਕਿ ਤੂੰ ਸੁਖਬੀਰ ਦਾ ਸਾਲਾ ਹੈਂ। ਜਦੋਂ ਨਾਗਰਾ ਸਾਹਿਬ ਨੇ ਕਿਹਾ ਕਿ ਮੈਨੂੰ ਪੰਜਾਬੀ ਬੋਲੀ ਤੇ ਪਰਾਊਡ ਹੈ ਤਾਂ ਮਜੀਠੀਏ ਨੇ ਕਿਹਾ ਕਿ ਤੂੰ ਪਰਾਊਡ ਦੇ ਸਪੈਂਲਿੰਗ ਤਾਂ ਦੱਸ ਪਰ ਮੋੜਵੇਂ ਜਵਾਬ ਵਿਚ ਨਾਗਰੇ ਨੇ ਕਿਹਾ ਕਿ ਭਾਵੇਂ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਪਰ ਅਸੀਂ ਅੰਗਰੇਜ਼ਾਂ ਦੀ ਤੁਹਾਡੇ ਵਾਂਗ ਦਲਾਲੀ ਵੀ ਨਹੀਂ ਕੀਤੀ। ਨਾਗਰਾ ਸਾਹਿਬ ਅਸਲ ਵਿਚ ਮਜੀਠਾ ਪਰਿਵਾਰ ਦੇ ਅੰਗਰੇਜ਼ ਹਕੂਮਤ ਦੌਰਾਨ ਅੰਗਰੇਜ਼ਾਂ ਨਾਲ ਗੂੜੇ ਰਿਸ਼ਤਿਆਂ ਦਾ ਮੇਹਣਾ ਮਾਰ ਰਹੇ ਸਨ।
ਇਕ ਸਮਾਂ ਇਹੋ ਜਿਹਾ ਵੀ ਆਇਆ ਜਦੋਂ ਨਾਗਰਾ ਨੇ ਕਿਹਾ ਕਿ ਇਹ ਮਜੀਠੀਆ ਜਿਹੜੀ ਪੱਗ ਚੁੱਕੀ ਫਿਰਦਾ ਹੈ, ਉਹ ਅਸਲ ਵਿਚ ਬਾਹਰੋਂ ਕਿਸੇ ਹੋਰ ਦੀ ਲਿਆਇਆ ਹੈ ਪਰ ਹਕੀਕਤ ਵਿਚ ਇਹ ਗੱਲ ਸੱਚੀ ਨਹੀਂ ਸੀ। ਜਦੋਂ ਕੁਲਜੀਤ ਨਾਗਰਾ ਕਹਿ ਰਿਹਾ ਸੀ ਕਿ ਆਪ ਦੇ ਅਕਾਲੀ ਵਿਧਾਇਕ ਆਪਸ ਵਿਚ ਰਲੇ ਹੋਏ ਹਨ ਤਾਂ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਰੂਬੀ ਖੜੀਆਂ ਹੋ ਗਈਆਂ। ਜਦਕਿ ਰੂਬੀ ਆਪਣੀ ਖੱਬੀ ਬਾਂਹ ਤੇ ਚੁੰਨੀ ਨੂੰ ਹਿਲਾ ਕੇ ਬਾਰ-ਬਾਰ ਜਿਵੇਂ ਕਹਿ ਰਹੀ ਸੀ ਕਿ ਤੁਸੀਂ ਚੁੰਨੀਆਂ ਲੈ ਲਓ ਅਤੇ ਚੂੜੀਆਂ ਪਾ ਲਓ। ਪਰ ਰੂਬੀ ਦੀ ਇਹ ਟਿੱਪਣੀ ਪੂਰੀ ਤਰਾਂ ਸਪੱਸ਼ਟ ਨਹੀਂ ਹੋਈ।
ਸਦਨ ਦੇ ਮੁਲਤਵੀ ਹੋਣ ਪਿਛੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਸਦਨ ਵਿਚ ਦਾਖਲ ਹੋਏ ਤਾਂ ਉਨਾਂ ਨੇ ਬੋਲਣ ਲਈ ਸਮਾਂ ਮੰਗਿਆ। ਉਸ ਸਮੇਂ ਦੋਵੇਂ ਵਿਰੋਧੀ ਧਿਰਾਂ ਤੇ ਲੋਕ ਇਨਸਾਫ ਪਾਰਟੀ ਦੀਆਂ ਸੀਟਾਂ ਖਾਲੀ ਸਨ। ਕੈਪਟਨ ਨੇ ਆਪ ਦੀਆਂ ਖਾਲੀ ਸੀਟਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਤਾਂ ਭਾਵੇਂ ਨਵੇਂ-ਨਵੇਂ ਹਨ ਅਤੇ ਇਨਾਂ ਨੂੰ ਹਾਊਸ ਦੀ ਮਰਿਆਦਾ ਦਾ ਕੋਈ ਪਤਾ ਨਹੀਂ ਪਰ ਉਹ (ਇਸ਼ਾਰਾ ਅਕਾਲੀ ਦਲ ਦੀਆਂ ਸੀਟਾਂ ਵੱਲ) ਤਾਂ ਹੰਢੇ ਹੋਏ ਹਨ। ਪਰ ਉਹ ਵੀ ਪ੍ਰਸ਼ਨ ਕਾਲ ਦੀ ਮਰਿਆਦਾ ਦੀ ਘੋਰ ਉਲੰਘਣਾ ਕਰਦੇ ਰਹੇ। ਉਨਾਂ ਨੇ ਆਪ ‘ਤੇ ਵੀ ਇਕ ਟਿੱਪਣੀ ਕਰਦਿਆਂ ਹਰਵਿੰਦਰ ਸਿੰਘ ਫੂਲਕਾ ਅਤੇ ਕੰਵਰ ਸੰਧੂ ਨੂੰ ਘੇਰੇ ਵਿਚ ਲਿਆ ਅਤੇ ਕਿਹਾ ਕਿ ਫੂਲਕਾ ਤਾਂ ਸੰਵਿਧਾਨ ਦੇ ਮਾਹਰ ਹਨ ਅਤੇ ਕੰਵਰ ਸੰਧੂ ਆਪ ਇਕ ਸਮੇਂ ਇਕ ਵੱਡੇ ਅੰਗਰੇਜ਼ੀ ਅਖਬਾਰ ਦੇ ਐਡੀਟਰ ਵੀ ਰਹਿ ਚੁੱਕੇ ਸਨ। ਉਸ ਵੇਲੇ ਜਦੋਂ ਹਾਊਸ ਵਿਚ ਕੋਈ ਰੋਲਾ ਪੈਂਦਾ ਸੀ ਤਾਂ ਉਹ ਕਿਵੇਂ ਖਬਰਾਂ ਨੂੰ ਲਿਸ਼ਕਾ ਕੇ ਪੇਸ਼ ਕਰਦੇ ਸਨ ਪਰ ਅੱਜ ਉਹ ਖੁਦ ਵੀ ਮਰਿਆਦਾ ਦੀ ਘੋਰ ਉਲੰਘਣਾ ਕਰ ਰਹੇ ਸਨ।