56 ਦਿਨਾਂ ‘ਚ 40 ਕਿਸਾਨਾਂ ਨੇ ਮੌਤ ਨੂੰ ਗਲ਼ ਲਾਇਆ

ਬਦਹਾਲ ਏ ਕਿਸਾਨੀ
ਕਪਤਾਨ ਸਰਕਾਰ ਦੇ 56 ਦਿਨਾਂ ‘ਚ 40 ਕਿਸਾਨਾਂ ਨੇ ਮੌਤ ਨੂੰ ਗਲ਼ ਲਾਇਆ
-ਅਨਿਲ ਵਰਮਾ
ਅਕਾਲੀ ਭਾਜਪਾ ਸਰਕਾਰ ਦੌਰਾਨ ਨਕਲੀ ਬੀਜ, ਸਪਰੇਆਂ ਨੇ ਕਿਸਾਨਾਂ ਦੀ ਅਜਿਹੀ ਕਮਰ ਤੋੜੀ ਕਿ ਇੱਕ ਸਾਲ ਵਿੱਚ 1600 ਤੋਂ ਵੱਧ ਕਿਸਾਨ, ਮਜ਼ਦੂਰ ਖੁਦਕੁਸ਼ੀਆਂ ਕਰ ਗਏ। ਇਹ ਸਿਲਸਿਲਾ ਅੱਜ ਵੀ ਲਗਾਤਾਰ ਜਾਰੀ ਹੈ ਜਦੋਂ ਕਿ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਤਿਆਗਕੇ ਕਾਂਗਰਸ ਸਰਕਾਰ ਬਨਣ ਦਾ ਇੰਤਜਾਰ ਕਰਨ ਦੀ ਅਪੀਲ ਕੀਤੀ ਅਤੇ ਇਹ ਵਾਅਦਾ ਕੀਤਾ ਕਿ ਕਾਂਗਰਸ ਸਰਕਾਰ ਬਣਦਿਆਂ ਹੀ ਕਿਸਾਨਾਂ ਸਿਰ ਚੜਿਆ ਸਾਰਾ ਕਰਜਾ ਮੁਆਫ ਕੀਤਾ ਜਾਏਗਾ ਪਰ ਦੁੱਖ ਦੀ ਗੱਲ ਹੈ ਕਿ 14 ਮਾਰਚ ਨੂੰ ਕੈਪਟਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣੇ ਪਰ ਅੱਜ 56 ਦਿਨ ਬੀਤ ਚੁੱਕੇ ਹਨ ਤੇ ਕਿਸਾਨਾਂ ਦੀ ਕਰਜਮੁਆਫੀ ਵਾਲਾ ਸਰਕਾਰ ਵੱਲੋਂ ਹਾਲੇ ਤੱਕ ਕੋਈ ਕਦਮ ਨਹੀਂ ਚੱਕਿਆ ਗਿਆ ਅਤੇ ਇਹੀ ਦਾਅਵੇ ਕੀਤੇ ਜਾ ਰਹੇ ਹਨ ਕਿ ਕਰਜਮੁਆਫੀ ਲਈ ਬਣਾਈ ਕਮੇਟੀ ਵੱਲੋਂ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਉਸ ਰਿਪੋਰਟ ਦੇ ਆਧਾਰ ਤੇ ਪੰਜਾਬ ਸਰਕਾਰ ਦੇ 15 ਜੂਨ ਨੂੰ ਜਾਰੀ ਹੋਣ ਵਾਲੇ ਸਾਲਾਨਾ ਬੱਜਟ ਵਿੱਚ ਕਰਜਮੁਆਫੀ ਦਾ ਐਲਾਨ ਕੀਤਾ ਜਾਏਗਾ। ”ਉਹ ਹੋਣਾ ਹੈ ਜਾਂ ਨਹੀਂ” ਇਹ ਤਾਂ ਪਤਾ ਨਹੀਂ? ਪਰ ਕੈਪਟਨ ਰਾਜ ਦੇ 56 ਦਿਨਾਂ ਵਿੱਚ ਲਗਭਗ 40 ਕਿਸਾਨ ਜਿਹਨਾਂ ਵਿੱਚ ਕਈ ਮਜਦੂਰ ਵੀ ਹਨ ਖੁਦਕੁਸ਼ੀਆਂ ਕਰ ਚੁੱਕੇ ਹਨ। ਸਭ ਤੋਂ ਵੱਧ ਗਿਣਤੀ ਮਾਲਵਾ ਇਲਾਕੇ ਵਿੱਚ ਕਿਸਾਨਾਂ ਦੇ ਮਰਨ ਦੀ ਸਾਹਮਣੇ ਆ ਰਹੀ ਹੈ।
ਰਿਪੋਰਟ ਅਨੁਸਾਰ 1 ਮਾਰਚ ਅਵਤਾਰ ਸਿੰਘ ਪਿੰਡ ਮਾਨਖੇੜੀ, 2 ਮਾਰਚ ਸੁਰਿੰਦਰਪਾਲ ਸਿੰਘ ਵਾਸੀ ਪਿੰਡ ਸੀਲੋਆਣੀ ਰਾਏਕੋਟ, ਮੇਜਰ ਸਿੰਘ ਪਿੰਡ ਭਾਗੀਵਾਂਦਰ, 3 ਮਾਰਚ ਜਗਰਾਜ ਸਿੰਘ ਵਾਸੀ ਸੇਵੇਵਾਲਾ, 4 ਮਾਰਚ ਜਸਵਿੰਦਰ ਕੁਮਾਰ ਪਿੰਡ ਦੇਵੀਗੜ ਅਤੇ ਦਲਵੀਰ ਸਿੰਘ ਵਾਸੀ ਸਰਦੂਲਗੜ, ਰਘਵੀਰ ਸਿੰਘ ਲਹਿਰਾਗਾਗਾ, 6 ਮਾਰਚ ਦਿਲਦਾਰ ਸਿੰਘ ਵਾਸੀ ਬਾਸੀ ਜਲਾਲ, 17 ਮਾਰਚ ਸੁੱਚਾ ਸਿੰਘ ਵਾਸੀ ਜੀਰਾ, 19 ਮਾਰਚ ਮਜਦੂਰ ਮੱਖਣ ਸਿੰਘ ਪਿੰਡ ਕੋਟ ਧਰਮੂ, ਮਜਦੂਰ ਸੁਖਦੇਵ ਸਿੰਘ ਵਾਸੀ ਘੁਰਕਣੀ, 3 ਅਪ੍ਰੈਲ ਗੁਰਬਾਜ ਸਿੰਘ ਫਰੀਦਕੋਟ, 6 ਅਪ੍ਰੈਲ ਗੁਰਜੀਤ ਸਿੰਘ ਪਿੰਡ ਕੀੜੀ ਅਫਗਾਨਾ, 8 ਅਪ੍ਰੈਲ ਹਰਦੀਪ ਸਿੰਘ ਵਾਸੀ ਪਿੰਡ ਕੁੱਕੜ, 9 ਅਪ੍ਰੈਲ ਜਗਰਾਜ ਸਿੰਘ ਪਿੰਡ ਗਾਗੇਵਾਲ ਜਿਲਾ ਬਰਨਾਲਾ, 17 ਅਪ੍ਰੈਲ ਜਗਜੀਤ ਸਿੰਘ ਪਿੰਡ ਝੋਰੜਾਂ, 18 ਅਪ੍ਰੈਲ ਇਕਬਾਲ ਸਿੰਘ ਪਿੰਡ ਸਾਹਨੇਵਾਲੀ, 29 ਅਪ੍ਰੈਲ ਜਗਸੀਰ ਸਿੰਘ ਮੌੜ, ਸਨੀ ਵਾਸੀ ਫਿਲੌਰ, 1 ਮਈ ਮੁਖਤਿਆਰ ਸਿੰਘ ਪਿੰਡ ਲਹਿਰਾ ਧੂਰਕੋਟ, 2 ਮਈ ਜਗਦੀਪ ਸਿੰਘ ਵਾਸੀ ਗੋਲੇਵਾਲਾ, 6 ਮਈ ਕੌਰ ਸਿੰਘ ਪਿੰਡ ਜੋਧਪੁਰ, ਹਰਪਾਲ ਸਿੰਘ ਸਵੱਦੀਕਲਾਂ, ਗੁਰਜੰਟ ਸਿੰਘ ਵਾਸੀ ਗੋਵਿੰਦਪੁਰਾ, 7 ਮਈ ਹਰੀ ਸਿੰਘ ਪਿੰਡ ਦੁੱਗਾਂ ਵਾਲਾ, 9 ਮਈ ਹਰੀ ਸਿੰਘ ਪਿੰਡ ਦੁੱਗਾ, ਗੁਰਚਰਨ ਸਿੰਘ, ਰਣਜੀਤ ਸਿੰਘ ਪਿੰਡ ਰਾਮਪੁਰਾ, 10 ਮਈ ਰਣਜੀਤ ਸਿੰਘ ਪਿੰਡ ਰਾਮਪੁਰਾ ਨੇ ਕਰਜੇ ਦੀ ਮਾਰ ਨਾ ਝਲਦਿਆਂ ਖੁਦਕੁਸ਼ੀ ਕੀਤੀ ਗਈ ਉਥੇ ਹੀ ਪਿੰਡ ਲਹਿਰਾਬੇਗਾ ਦੇ ਕਿਸਾਨ ਜਸਵੰਤ ਸਿੰਘ ਨੇ ਬੀਤੇ ਦਿਨ ਪਟਵਾਰੀ ਦੀ ਧੱਕੇਸ਼ਾਹੀ ਤੋਂ ਦੁਖੀ ਹੋਕੇ ਖੁਦਕੁਸ਼ੀ ਕਰ ਲਈ।
ਦੁੱਖ ਦੀ ਗੱਲ ਇਹ ਵੀ ਹੈ ਕਿ ਮਜਦੂਰ ਦਿਵਸ ਵਾਲੇ ਦਿਨ ਸੰਘਰਸ਼ੀ ਜਥੇਬੰਦੀਆਂ ਵੱਲੋਂ ਹੱਕੀ ਮੰਗਾਂ ਲਈ ਕੱਢੇ ਗਏ ਰੋਸ ਮਾਰਚ ਵਿੱਚ ਮੁਖਤਿਆਰ ਸਿੰਘ ਉਰਫ ਭੋਲਾ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ। ਕੈਪਟਨ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਅਤੇ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਪੂਰਾ ਨਾ ਕਰਨ ਕਰਕੇ ਹਾਲੇ ਤੱਕ ਵੀ ਸਸਕਾਰ ਨਾ ਹੋ ਸਕਿਆ। ਹੈਰਾਨਗੀ ਇਸ ਗੱਲ ਦੀ ਹੈ ਕਿ ਕਿਸਾਨਾਂ ਸਿਰ ਕਰਜੇ ਦੀ ਪੰਡ ਲਗਾਤਾਰ ਵੱਧਦੀ ਜਾ ਰਹੀ ਹੈ ਪਰ ਸਰਕਾਰ ਖੇਤੀ ਖੇਤਰ ਵਿੱਚ ਪੰਜਾਬ ਨੂੰ ਬਚਾਉਣ ਲਈ ਕੋਈ ਉਪਰਾਲੇ ਨਹੀਂ ਕਰ ਰਹੀ। ਜਿਸ ਕਰਕੇ ਕਿਸਾਨਾਂ ਮਜਦੂਰਾਂ ਦੇ ਦਿਲਾਂ ਵਿੱਚ ਵੀ ਕੈਪਟਨ ਸਰਕਾਰ ਤੋਂ ਕਰਜੇ ਦੀ ਮੁਆਫੀ ਦੀ ਉਮੀਦ ਸੀ ਉਹ ਵੀ ਧੁੰਦਲੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਚੋਣਾਂ ਮੌਕੇ ਕਿਸਾਨਾਂ ਨੂੰ ਬਚਾਉਣ, ਕਰਜੇ ਮੁਆਫ ਕਰਨ, ਫਸਲਾਂ ਦੇ ਪੂਰੇ ਭਾਅ ਦਵਾਉਣ ਦੇ ਵਾਅਦੇ ਕੀਤੇ ਗਏ ਸਨ ਪਰ ਹੁਣ ਲਗਦੈ ਉਹ ਵੀ ਦੂਸਰੀਆਂ ਸਰਕਾਰਾਂ ਦੀ ਤਰਾਂ ਆਪਣੀ ਜਿੰਦਗੀ ਨੂੰ ਪਹਿਲ ਦੇ ਰਹੇ ਹਨ ਤੇ ਕਿਸਾਨਾਂ ਵੱਲੋਂ ਕੋਈ ਧਿਆਨ ਨਹੀਂ ਤੇ ਜੇਕਰ ਸਮਾਂ ਰਹਿੰਦੇ ਕਿਸਾਨਾਂ ਨੂੰ ਕਰਜਾ ਮੁਆਫ ਕਰਕੇ ਵੱਡੀ ਰਾਹਤ ਨਾ ਦਿੱਤੀ ਤਾਂ ਪੰਜਾਬ ਦੇ ਹਾਲਾਤ ਵਿਗੜਦੇ ਹੋਏ ਨਜ਼ਰ ਆਉਣਗੇ।