ਫੂਲਕਾ ਪੱਤਰਕਾਰਾਂ ਦੇ ਸਵਾਲ ਟਾਲ ਗਏ..

-ਪੰਜਾਬੀਲੋਕ ਬਿਊਰੋ
ਆਮ ਆਦਮੀ ਪਾਰਟੀ ਵਿੱਚ ਮੱਚੇ ਘਮਸਾਣ ‘ਤੇ ਪਾਰਟੀ ਦੇ ਬਹੁਤੇ ਲੀਡਰਾਂ ਨੇ ਮੂੰਹ ਬੰਦ ਕਰ ਲਏ ਹਨ। ਹਰਵਿੰਦਰ ਸਿੰਘ ਫੂਲਕਾ ਸਿਰਫ਼ ਏਨੀ ਗੱਲ ਕਹਿ ਕੇ ਮੀਡੀਆ ਤੋਂ ਪਾਸਾ ਵੱਟ ਗਏ ਕਿ ‘ਆਪ’ ਦੀ ਹਾਲਤ ਠੀਕ ਹੈ। ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਪੰਜਾਬ ਦੀ ਹਾਲਤ ਵਿਗੜਣ ਦੀ ਗੱਲ ਕਰਦੇ ਹੋ ਤੁਹਾਡੀ ਪਾਰਟੀ ਦੀ ਵਿਗੜੀ ਹਾਲਤ ਬਾਰੇ ਤੁਹਾਡਾ ਕੀ ਕਹਿਣਾ ਹੈ? ਅਕਸਰ ਮੀਡੀਆ ‘ਚ ਲੰਮਾ-ਲੰਮਾ ਬੋਲਣ ਵਾਲੇ ਫੂਲਕਾ ਗੁਰਪ੍ਰੀਤ ਘੁੱਗੀ ਦੇ ਅਸਤੀਫੇ ਬਾਰੇ ਸਵਾਲਾਂ ਦਾ ਸਾਹਮਣਾ ਨਾ ਕਰ ਸਕੇ ਤੇ ਮੀਡੀਆ ਤੋਂ ਪਾਸਾ ਵੱਟ ਕੇ ਐਮ ਐਲ ਏ ਹੋਸਟਲ ਪੁੱਜ ਗਏ।
ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਫੂਲਕਾ ਦੀ ਅਗਵਾਈ ‘ਚ ਪੰਜਾਬ ਦੇ ਗਵਰਨਰ ਬੀ ਪੀ ਬਦਨੌਰ ਨੂੰ ਮੰਗ ਪੱਤਰ ਦਿੱਤਾ। ਉਹਨਾਂ ਕਿਹਾ ਕਿ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਮਾੜੀ ਹੈ। ਕਾਂਗਰਸ ਪਾਰਟੀ ਸਰਕਾਰ ‘ਚ ਆਉਣ ਤੋਂ ਬਾਅਦ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੀ ਹੈ। ਫੂਲਕਾ ਨੇ ਕਿਹਾ ਕਿ ਕਿਸਾਨ ਕਰਜ਼ਾ ਮਾਫ਼ੀ ਦਾ ਮੁੱਦਾ ਅਜੇ ਤੱਕ ਹੱਲ ਨਹੀਂ ਹੋਇਆ। ਆਰਥਿਕ ਸੰਕਟ ਕਰਕੇ ਲਗਾਤਾਰ ਖ਼ੁਦਕੁਸ਼ੀਆਂ ਹੋ ਰਹੀਆਂ ਹਨ। ਚਿੱਟ ਫੰਡ ਕੰਪਨੀਆ ਨੇ ਲੋਕਾਂ ਨੂੰ ਬਹੁਤ ਲੁੱਟਿਆ ਹੈ ਪਰ ਸਰਕਾਰ ਚਿੱਟ ਫੰਡ ਕੰਪਨੀ ਦੇ ਮਾਲਕਾਂ ਖਿਲਾਫ ਕਾਰਵਾਈ ਨਹੀਂ ਕਰ ਰਹੀ । ਉਹਨਾਂ ਪਰਲ ਕੰਪਨੀ ‘ਤੇ ਕਾਰਵਾਈ ਦੀ ਮੰਗ ਕੀਤੀ। ਫੂਲਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਸੂਬੇ ਦੀ ਕਾਨੂੰਨ ਵਿਵਸਥਾ ਬੇਹੱਦ ਵਿਗੜੀ ਹੈ। ਸਰਕਾਰ ਦਾ ਕਾਨੂੰਨ ਵਿਵਸਥਾ ਵੱਲ ਕੋਈ ਧਿਆਨ ਨਹੀਂ ਹੈ। ਉਹਨਾਂ ਗਵਰਨਰ ਗਵਰਨਰ ਨੂੰ ਦਖ਼ਲ ਦੇਣ ਦੀ ਮੰਗ ਕੀਤੀ। ਉਹਨਾਂ ਆਰਥਿਕ ਤੌਰ ‘ਤੇ ਕਮਜ਼ੋਰ ਬੱਚਿਆਂ ਦੇ ਦਾਖਲੇ ਤੇ ਪ੍ਰਾਈਵੇਟ ਸਕੂਲਾਂ ਦੀ ਲੁੱਟ ਦਾ ਮਸਲਾ ਵੀ ਗਵਰਨਰ ਕੋਲ ਉਠਾਇਆ।