ਦਰਦ ਕਿਸਾਨੀ ਦੇ.. ਖੁਦਕੁਸ਼ੀਆਂ ਦਾ ਰੁਝਾਨ ਜਾਰੀ

-ਪੰਜਾਬੀਲੋਕ ਬਿਊਰੋ
ਕਈ ਦਰਦਾਂ ਦੀ ਦਵਾ ਦਾਰੂ ਦਾ ਓਹੜ ਪੋਹੜ ਕਰਨ ਦਾ ਦਾਅਵਾ ਕਰਦਿਆਂ ਸੂਬੇ ਦੇ ਹਾਕਮ ਬਦਲ ਗਏ, ਪਰ ਕਿਸਾਨੀ ਦਾ ਦਰਦ ਉਵੇਂ ਜਿਵੇਂ ਕਾਇਮ ਹੈ.. ਨਿੱਤ ਦਿਨ ਖੁਦਕੁਸ਼ੀਆਂ ਹੋ ਰਹੀਆਂ ਨੇ..।
ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ 24 ਸਾਲਾ ਕਿਸਾਨ ਜਸਵੰਤ ਸਿੰਘ ਨੇ ਆੜਤੀਏ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰ ਨਿਗਲ ਕੇ ਜਾਨ ਦੇ ਦਿੱਤੀ। ਜਸਵੰਤ ਸਿੰਘ ਨੇ ਬੇਗੋਵਾਲ ਦੇ ਆੜਤੀਏ ਮਹਿੰਗਾ ਸਿੰਘ ਤੋਂ ਦੋ ਸਾਲ ਪਹਿਲਾਂ ਘਰ ਦੇ ਕਾਗਜ਼ ਰੱਖ ਕੇ ਸਵਾ ਤਿੰਨ ਲੱਖ ਰੁਪਏ ਕਰਜ਼ਾ ਲਿਆ ਸੀ, 3 ਲੱਖ ਵਾਪਸ ਕਰ ਦਿੱਤਾ, ਪਰ ਫੇਰ ਵੀ ਆੜਤੀਆ ਇਸ ਵਾਰ ਕਣਕ ਦੀ ਸਾਰੀ ਜਿਣਸ ਉਸੇ ਜ਼ਰੀਏ ਮੰਡੀ ਲਿਆਉਣ ਲਈ ਦਬਾਅ ਪਾ ਰਿਹਾ ਸੀ ਤੇ ਧਮਕੀ ਦੇ ਰਿਹਾ ਸੀ ਕਿ ਅਜਿਹਾ ਨਾ ਕੀਤਾ ਤਾਂ ਘਰ ਦੇ ਕਾਗਜ਼ ਵਾਪਸ ਨਹੀਂ ਹੋਣੇ ਤੇ ਸਾਰੀ ਕਣਕ ਵੀ ਉਹ ਆਪ ਵੱਢ ਲਿਆਊ..। ਪ੍ਰੇਸ਼ਾਨ ਜਸਵੰਤ ਨੇ ਇਸ ਦੀ ਵੀਡੀਓ ਬਣਾਈ, ਵਟਸਅਪ ਜ਼ਰੀਏ ਆਪਣੇ ਵੱਡੇ ਭਰਾ ਨੂੰ ਭੇਜੀ ਤੇ ਖੁਦਕੁਸ਼ੀ ਕਰ ਲਈ।
ਲੰਬੀ ਹਲਕੇ ਦੇ ਪਿੰਡ ਰੱਤਾ ਟਿੱਬਾ ਵਿੱਚ ਕਰਜ਼ੇ ਨੇ 65 ਸਾਲਾ ਕਿਸਾਨ ਦੀ ਜਾਨ ਲੈ ਲਈ। ਦੋ ਕਿੱਲਿਆਂ ਦਾ ਮਾਲਕ ਡੋਗਰ ਰਾਮ ਤੇ ਉਸ ਦਾ ਜਵਾਨ ਪੁੱਤ ਹੋਰ ਵੀ ਕੁਝ ਜ਼ਮੀਨ ਠੇਕੇ ‘ਤੇ ਲੈ ਕੇ ਵਾਹੀ ਕਰਦੇ ਆ ਰਹੇ ਨੇ, ਪਰ ਘਰ ਦੀਆਂ ਤੇ ਖੇਤੀ ਦੀਆਂ ਗਰਜ਼ਾਂ ਲਈ ਚੁੱਕਿਆ ਕਰਜ਼ਾ ਹਰ ਦਿਨ ਵਧ ਰਿਹਾ ਹੈ, ਪ੍ਰੇਸ਼ਾਨ ਹੋ ਕੇ ਡੋਗਰ ਰਾਮ ਨੇ ਕੱਲ ਖੇਤ ਵਿੱਚ ਹੀ ਫਾਹਾ ਲਾ ਕੇ ਜਾਨ ਦੇ ਦਿੱਤੀ।
ਬਰੇਟਾ ਮੰਡੀ ਦੇ ਇਕ ਕਿਸਾਨ ਗੁਰਚਰਨ ਸਿੰਘ ਦੀ ਸਾਢੇ 6 ਕਿੱਲੇ ਜ਼ਮੀਨ ‘ਤੇ ਧਾਕੜਾਂ ਨੇ ਕਬਜ਼ਾ ਕਰ ਲਿਆ, ਪੁਲਿਸ ਪ੍ਰਸਾਸਨ ਵੀ ਪੀੜਤ ਕਿਸਾਨ ਦੀ ਸੁਣਵਾਈ ਨਹੀਂ ਸੀ ਕਰ ਰਿਹਾ, ਪ੍ਰੇਸ਼ਾਨ ਹੋ ਕੇ ਗੁਰਚਰਨ ਸਿੰਘ ਨੇ ਜ਼ਹਿਰ ਨਿਗਲ ਕੇ ਜਾਨ ਦੇ ਦਿੱਤੀ।
ਹੁਣ ਪੁਲਿਸ ਕਹਿੰਦੀ ਕਾਰਵਾਈ ਕਰਾਂਗੇ, ਮੁਲਜ਼ਮ ਫਰਾਰ ਦੱਸੇ ਜਾ ਰਹੇ ਨੇ।
ਬਿਜਲੀ ਸਪਾਰਕਿੰਗ ਨਾਲ ਤੇ ਹੋਰ ਕਾਰਨਾਂ ਕਰਕੇ ਪੱਕੀ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਕੱਲ ਮਲੇਰਕੋਟਲਾ ਨੇੜੇ ਪੈਂਦੇ ਕਈ ਪਿੰਡਾਂ ਵਿੱਚ 600 ਵਿੱਘਿਆਂ ਤੋਂ ਵੱਧ ਕਣਕ ਤੇ ਤੂੜੀ ਮੱਚ ਗਈ।
ਪ੍ਰਸ਼ਾਸਨ ਵਲੋਂ ਪੀੜਤ ਕਿਸਾਨਾਂ ਨੂੰ ਮਦਦ ਦੇ ਭਰੋਸੇ ਵਾਲੀ ਚੂਸਣੀ ਦਿੱਤੀ ਜਾ ਰਹੀ ਹੈ।