ਕੈਪਟਨ ਸਾਬ! ਤੁਸੀਂ ਸਭ ਤੋਂ ਪਹਿਲਾਂ ਸਿੱਖ ਹੋ…

-ਜਸਪਾਲ ਸਿੰਘ ਹੇਰਾਂ
ਕੈਪਟਨ ਅਮਰਿੰਦਰ ਸਿੰਘ ਜੇ ਅੱਜ ਦੂਜੀ ਦੂਜੀ ਵਾਰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਹੈ, ਤਾਂ ਉਸ ਪਿੱਛੇ ਸਭ ਤੋਂ ਵੱਡਾ ਕਾਰਣ ਹੈ ਇਹ ਹੈ ਕਿ ਪੰਜਾਬ ਦੇ ਸਿੱਖ, ਉਸਨੂੰ ਬਾਦਲਾਂ ਨਾਲੋਂ ਕਿਤੇ ਚੰਗਾ ਸਿੱਖ ਮੰਨਦੇ ਹਨ। ਦੂਸਰਾ ਕੈਪਟਨ ਜਿਸ ਘਰਾਣੇ ਦਾ ਵਾਰਿਸ ਹੈ ਅਤੇ ਉਸਦੇ ਨਾਲ ਨਾਲ ਅੱਜ ਵੀ ‘ਮਹਾਰਾਜਾ’ ਸ਼ਬਦ ਦੀ ਵਰਤੋਂ ਹੁੰਦੀ ਹੈ, ਉਹ ਛੇਵੇਂ ਪਾਤਸ਼ਾਹ ਦੀ ਮਿਹਰ, ਬਖਸਿਸ਼ ਅਤੇ ਸਵੱਲੀ ਹੋਈ ਨਜ਼ਰ ਸਦਕਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੀ ਸਿਆਸਤ ਤੇ ਪਕੜ ਤੇ ਦੇਸ਼ ਦੀ ਰਾਜਨੀਤੀ ‘ਚ ਮਹੱਤਵਪੂਰਨ ਥਾਂ, ਉਸ ਦੇ ‘ਸਿੱਖ’ ਹੋਣ ਦੇ ਕਾਰਣ ਹੈ। ਉਸ ਵੱਲੋਂ ਸ਼੍ਰੀ ਦਰਬਾਰ ਸਾਹਿਬ ਸਾਕੇ ਤੋਂ ਬਾਅਦ ਪਾਰਲੀਮੈਂਟ ਦੀ ਮੈਂਬਰੀ ਨੂੰ ਮਾਰੀ ਲੱਤ ਅਤੇ ਉਸ ਤੋਂ ਬਾਅਦ ਵੀ ਸਮੇਂ- ਸਮੇਂ ਸਿੱਖ ਸਿਧਾਂਤਾਂ ਦੀ ਕੀਤੀ ਪਹਿਰੇਦਾਰੀ ਕਾਰਣ, ਉਸਨੂੰ ਸਿੱਖ, ਸਿੱਖ ਆਗੂ ਵੱਜੋਂ ਹੀ ਦੇਖਦੇ ਹਨ। ਮੁੱਖ ਮੰਤਰੀ ਬਣਨ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਤੇ ਕੈਪਟਨ ਦੀ ਚੁੱਪ ਅਤੇ ਹੁਣ ਕਨੇਡਾ ਸਰਕਾਰ ਦੇ ਰੱਖਿਆ ਮੰਤਰੀ, ਸ਼ਰਧਾਵਾਨ ਸਿੱਖ, ਹਰਜੀਤ ਸਿੰਘ ਸੱਜਣ ਵਿਰੁੱਧ ਕੀਤੀਆਂ ਟਿੱਪਣੀਆਂ ਕੈਨੇਡਾ ਸਰਕਾਰ ਦੇ ਸਾਰੇ 5 ਮੰਤਰੀਆਂ ਨੂੰ ਖਾਲਿਸਤਾਨੀ ਦੱਸਣਾ, ਕੈੇਪਟਨ ਨੂੰ ਚੰਗਾ ਸਿੱਖ ਪ੍ਰਵਾਨ ਵਾਲੇ ਸਿੱਖਾਂ ਲਈ ਵੱਡਾ ਧੱਕਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਵਿਦੇਸ਼ੀ ਬੈਠੇ ਸਿੱਖ, ਚਾਹੇ ਉਹ ਕਿਸੇ ਵੀ ਵਿਚਾਰਧਾਰਾ ਨਾਲ ਸਬੰਧਿਤ ਸਨ, ਉਨਾਂ ਵੱਲੋਂ ਪੰਜਾਬ ’ਚ ‘ਆਪ ਦੀ ਸਰਕਾਰ ਲਿਆਉਣ ਲਈ ਜ਼ਮੀਨ -ਅਸਮਾਨ ਇੱਕ ਕੀਤਾ ਗਿਆ ਅਤੇ ਇਸੇ ਜਾਨੂੰਨੀ ਜ਼ਜ਼ਬੇ ਕਾਰਣ, ਕੈਪਟਨ ਅਮਰਿੰਦਰ ਸਿੰਘ ਦੀ ਚੋਣਾਂ ਤੋਂ ਪਹਿਲਾਂ ਦੀ ਕੈਨੇਡਾ ਫੇਰੀ ਰੱਦ ਕਰਨੀ ਪਈ। ਕਿਉਂਕਿ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਸਿੱਖ, ਆਪ ਤੋਂ ਬਿਨਾਂ ਕਿਸੇ ਹੋਰ ਧਿਰ ਦੇ ਆਗੂ, ਇਥੋਂ ਤੱਕ ਕਿ ਖਾਲਿਸਤਾਨ ਦੀ ਲਹਿਰ ਦੇ ਸਭ ਤੋਂ ਵੱਡੇ ਤੇ ਦਿ੍ਰੜ ਆਗੂ ਸਿਮਰਨਜੀਤ ਸਿੰਘ ਮਾਨ ਤੱਕ ਦੀ ਵੀ ਸੁਣਨ ਲਈ ਤਿਆਰ ਨਹੀਂ ਸਨ। ਸਮੇਂ-ਸਮੇਂ ਲਹਿਰਾਂ ਚੱਲਦੀਆਂ ਹਨ, ਜਿੰਨਾਂ ਦਾ ਰੁਖ ਵੀ ਕਈ ਵਾਰ ਸਮੇਂ ਸਮੇਂ ਤੇ ਬਦਲਦਾ ਰਹਿੰਦਾ ਹੈ। ਚੋਣਾਂ ਲੰਘ ਗਈਆਂ, ਹੁਣ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹਨ ਅਤੇ ਉਹਨਾਂ ਸਾਹਮਣੇ ਪੰਜਾਬ ਦੀ ਆਰਥਿਕਤਾ ਤੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਬਹੁਤ ਸਖ਼ਤ ਲੜਾਈ ਹੈ ਅਤੇ ਇਹ ਲੜਾਈ ਕੈਪਟਨ ਅਮਰਿੰਦਰ ਸਿੰਘ ਸਿੱਖ ਜੁਝਾਰੂਆਂ ਦੇ ਸਾਥ ਤੋਂ ਬਿਨਾਂ ਕਤਾਈ ਲੜ ਨਹੀਂ ਸਕਦੇ। ਵਿਦੇਸ਼ਾਂ ਵਿੱਚ ਬੈਠੇ ਸਿੱਖ ਆਗੂ ਜਿਨਾਂ ਨੇ ਆਪਣੀ ਮਿਹਨਤ ਅਤੇ ਇਮਾਨਦਾਰੀ ਦੇ ਬਲਬੂਤੇ ਉਥੋਂ ਦੇ ਲੋਕਾਂ ਦਾ ਭਰੋਸਾ ਜਿੱਤ ਕੇ ਨਾਮ ਕਮਾਇਆ ਹੈ, ਉੱਚੇ ਅਹੁਦੇ ਪ੍ਰਾਪਤ ਕੀਤੇ ਹਨ, ਉਹ ਸਿੱਖ ਕੌਮ ਦੇ ਮਾਣ ਹਨ। ਕੈਨੇਡਾ ਦੀ ਸਰਕਾਰ ’ਚ ਪੰਜ ਸਿੱਖ ਮੰਤਰੀਆਂ ਦਾ ਹੋਣਾ ਅਤੇ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਕਿਸੇ ਸਿੱਖ ਦੇ ਬਣਨ ਦੀ ਚਰਚਾ, ਸਿੱਖਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ। ਕੈਪਟਨ ਦਾ ਇਨਾਂ ਸਿੱਖ ਆਗੂਆਂ ਨੂੰ ‘ਖਾਲਿਸਤਾਨ’ ਨਾਲ ਜੋੜਨਾ ਸਮਝ ਤੋਂ ਬਾਹਰਾਂ ਹੈ। ਕੈਨੇਡਾ ਦੇ ਲੋਕਾਂ ਨੇ ਇਨਾਂ ਨੂੰ ਚੁਣਿਆ ਹੈ, ਫਿਰ ਕੈਨੇਡਾ ਵਿੱਚ ਕੋਈ ਖਾਲਿਸਤਾਨੀ ਸਰਕਾਰ ਵੀ ਨਹੀਂ ਹੈ। ਅਜਿਹੇ ਸਮੇਂ ਇੱਕ ਸਿੱਖ ਦਾ ਜਿਹੜਾ ਕਿ ਵਿਦੇਸ਼ੀ ਸਰਕਾਰ ਦੇ ਅਹਿਮ ਵਿਭਾਗ, ਰੱਖਿਆ ਵਿਭਾਗ ਦਾ ਮੰਤਰੀ ਹੈ, ਉਸ ਦੇ ਸਿੱਖੀ ਦੀ ਜਨਮ- ਭੂਮੀ ਤੇ ਕਰਮ- ਭੂਮੀ ਪੰਜਾਬ ਆਉਣ ਤੇ ਉਥੋਂ ਦੇ ਮੁੱਖ ਮੰਤਰੀ, ਜਿਸਨੂੰ ਸਿੱਖਾਂ ਨੇ ਚੰਗਾ ਸਿੱਖ ਸਮਝ ਕੇ, ਇਹ ਅਹੁਦਾ ਦਿਵਾਇਆ ਹੋਵੇ, ਉਸ ਵੱਲੋਂ ਵਿਰੋਧ ਕੀਤਾ ਜਾਣਾ, ਸਿੱਖਾਂ ਦੀ ਵਿਸ਼ਵ ’ਚ ਵੱਧ ਰਹੀ ਚੰਗੀ ਸਾਖ਼ ਨੂੰ ਢਾਹ ਲਾਉਣਾ ਹੀ ਸਮਝਿਆ ਜਾਵੇਗਾ। ਅਜਿਹੇ ਸਮੇਂ ਕੈਪਟਨ ਦੀ ਇਸ ਸਾਰੇ ਕੁੱਝ ਪਿਛੇ ਮਾਨਸਿਕਤਾ ਦਾ ਵਿਸ਼ਲੇਸਣ ਕਰਨਾ ਬਣਦਾ ਹੈ ਕਿ ਕੈਪਟਨ ਦੀ ਨੇੜਲੀ ਜੁਡਲੀ ਨੇ ਉਸਦੇ ਦਿਮਾਗ ’ਚ ਪੰਜਾਬ ’ਚ ਕਾਂਗਰਸ ਦੀ ਜਿੱਤ ਪਿੱਛੇ ਪੰਜਾਬ ਦੇ ਹਿੰਦੂ ਵੋਟਰਾਂ ਦਾ ਕਾਂਗਰਸ ਦੀ ਝੋਲੀ ਪੈ ਜਾਣਾ, ਠੂਸ- ਠੁੂਸ ਕੇ ਭਰ ਦਿੱਤਾ ਹੈ। ਆਪ ਨੂੰ ਬਾਹਰਲੇ ਸਿੱਖਾਂ ਦੀ ਹਮਾਇਤ ਕਾਰਣ ਖਾੜਕੂ ਧਿਰਾਂ ਦੀ ਪਾਰਟੀ ਵੱਜੋਂ ਬਦਨਾਮ ਕਰਨ ਦੀ ਕਾਂਗਰਸ ਤੇ ਬਾਦਲਾਂ ਦੀ ਰਣਨੀਤੀ ਦੇ ਸਫ਼ਲ ਹੋਣ, ਕਾਰਣ ਹਿੰਦੂ ਵੋਟਰ ਦਾ ਕਾਂਗਰਸ ਦੇ ਹੱਕ ’ਚ ਇਕੱਠੇ ਹੋ ਜਾਣਾ ਮੰਨਿਆ ਜਾ ਰਿਹਾ ਹੈ। ਪ੍ਰੰਤੂ ਕੈਪਟਨ ਨੂੰ ਮੌੜ ਬੰਬ ਬਲਾਸਟ ਤੇ ਕੇਜਰੀਵਾਲ ਦੇ ਮੋਗੇ ’ਚ ਸਾਬਕਾ ਖਾੜਕੂ ਦੀ ਕੋਠੀ’ਚ ਰਾਤ ਕੱਟਣ ਕਾਰਣ ਹਿੰਦੂ ਵੋਟਰਾਂ ਨੂੰ ਕਾਂਗਰਸ ਪਿਛੇ ਲਾਮਬੰਦ ਹੋਣ ਦੇ ਦਿਨਾਂ ਤੋਂ ਪਹਿਲਾਂ ਦੇ ਚੋਣ ਸਰਵੇਖਣਾਂ ਨੂੰ ਵੀ ਘੋਖ ਲੈਣਾ ਚਾਹੀਦਾ ਹੈ। ਜਿਹੜੇ ਵਪਾਰੀ ਵਰਗ ਦਾ ਝੁਕਾਅ ਪਹਿਲਾਂ ਹੀ ਕਾਂਗਰਸ ਵੱਲ ਵਿਖਾ ਰਹੇ ਸਨ, ਉਹ ਭਾਜਪਾ ਤੋਂ ਨਰਾਜ਼ ਸਨ, ਆਪ ਉਨਾਂ ਨੂੰ ਆਰਥਿਕ ਡਾਵਾਂਡੋਲਤਾ ਨੂੰ ਸੁਧਾਰਨ ਤੋਂ ਅਸਮੱਰਥ ਜਾਪਦੀ ਸੀ, ਜਿਸ ਕਾਰਣ ਉਹ ਪਹਿਲਾਂ ਹੀ ਕਾਂਗਰਸ ਦੇ ਹੱਕ ਵਿੱਚ ਮਨ ਬਣਾਈ ਬੈਠੇ ਸਨ। ਆਪਣੀ ਜਿੱਤ ਲਈ ਕੈਪਟਨ ਨੂੰ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਖਾਧੀ ਸਹੁੰ , ਜਿਸਨੇ ਸਿੱਖਾਂ ’ਚ ਉਸ ਪ੍ਰਤੀ ਭਰੋਸੇ ਨੂੰ ਪੱਕਾ ਕੀਤਾ। ਉਹ ਕਿਉਂ ਭੁੱਲ ਜਾਂਦੀ ਹੈ? ਅਸੀਂ ਸਮਝਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਸ ਸਭ ਤੋਂ ਪਹਿਲਾਂ ਸਿੱਖ ਹੈ ਅਤੇ ਉਸਦੇ ਖਾਨਦਾਨ ਨੂੰ ਮਿਲਿਆ ਮਾਣ-ਸਨਮਾਨ ਤੇ ਰੁਤਬਾ ਗੁਰੂ ਦੀ ਬਖਸ਼ਿਸ਼ ਤੇ ਰਹਿਮਤ ਸਦਕਾ ਹੀ ਹੈ।
ਹਰਜੀਤ ਸਿੰਘ ਸੱਜਣ ਦਾ ਵਿਰੋਧ ਕਰਕੇ, ਉਸਨੇ ਸਿੱਖਾਂ ਦੇ ਮਾਣ-ਸਨਮਾਨ ਨੂੰ ਭਾਰੀ ਠੇਸ ਪਹੁੰਚਾਈ ਹੈ। ਜਿਸਦਾ ਦੂਰ ਭਵਿੱਖ ਤੇ ਨੇੜੇ ਭਵਿੱਖ ’ਚ ਸਿੱਖਾਂ ਨੂੰ ਭਾਰੀ ਹਰਜਾਨਾ ਭੁਗਤਣਾ ਪੈ ਸਕਦਾ ਹੈ। ਜਿਸਦੀ ਜ਼ਿੰਮੇਵਾਰੀ ਪੂਰੀ ਤਰਾਂ ਕੈਪਟਨ ਸਿਰ ਹੋਵੇਗੀ। ਅਸੀਂ ਚਾਹੁੰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ, ਜਿਸਤੇ ਸਿੱਖਾਂ ਨੂੰ ਵੱਡੀਆਂ ਉਮੀਦਾਂ ਹਨ, ਉਹ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ, ਇਸਦੇ ਸਨਮਾਨਯੋਗ ਹੱਲ ਦਾ ਯਤਨ ਕਰਨ। ਉਹਨਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਕੈਨੇਡਾ ਦੇ ਰੱਖਿਆ ਮੰਤਰੀ ਨੇ ਆਪਣੀ ਪੰਜਾਬ ਫੇਰੀ ਤੋਂ ਬਾਅਦ, ਦਿੱਲੀ ’ਚ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਵੀ ਮੁਲਾਕਾਤ ਕਰਨੀ ਹੈ ਅਤੇ ਕੱਲ-ਕਲੋਤਰ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੰਜਾਬ ’ਚ ਆਰਥਿਕ ਵਸੀਲੇ ਵਧਾਉਣ ਲਈ ਵਿਦੇਸ਼ਾਂ ’ਚ ਨਿਰੰਤਰ ਗੇੜੀਆਂ ਮਾਰਨੀਆਂ ਪੈਣਗੀਆਂ। ਵੱਡੇ ਅਹੁੱਦੇ, ਵੱਡੇ ਜਿਗਰੇ, ਵੱਡੇ ਹੌਂਸਲੇ ਤੇ ਠੰਡੇ ਦਿਮਾਗ ਦੀ ਮੰਗ ਕਰਦੇ ਹਨ। ਇਸ ਲਈ ਇਸ ਦੁੱਖਦਾਈ, ਵਿਵਾਦ ਦਾ ਸੁਖਾਂਤਕ ਅੰਤ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ। ਇਹ ਸਿੱਖਾਂ ਦੇ ਭਲੇ ਲਈ ਅਤਿ ਜ਼ਰੂਰੀ ਹੈ।