ਫੀਸ ਵਾਧੇ ਦੀ ਵਿਰੋਧਤਾ ਕਰਦੇ ਪਾੜੇ ਦੇਸ਼ ਧਰੋਹੀ???

-ਅਮਨ
ਹੈਲੋ ਕਪਤਾਨ ਸਾਬ.. ਸੁਣਦੇ ਓ..
ਸੁਣਦੇ ਈ ਨਹੀਂ..
ਖੌਰੇ ਮੇਰੀ ਅਵਾਜ਼ ਸੱਤਾ ਵਾਲੇ ਗਲਿਆਰਿਆਂ ਨੂੰ ਪਾਰ ਕਰਨ ਦਾ ਦਮ ਨਹੀਂ ਰੱਖਦੀ..
ਖੈਰ ਆਪਾਂ ਆਪਸ ‘ਚ ਈ ਕਹਿ ਸੁਣ ਲੈਂਦੇ ਆਂ..
ਕੱਲ ਪੰਜਾਬ ਯੂਨੀਵਰਸਿਟੀ ਚੰਡੀਗੜ ਵਿੱਚ 1100 ਫੀਸਦੀ ਫੀਸਾਂ ਵਿੱਚ ਹੋਏ ਵਾਧੇ ਦੀ ਵਿਰੋਧਤਾ ਕਰਦਿਆਂ ਵਿਦਿਆਰਥੀਆਂ ਨੇ ਵੀ ਸੀ ਦਫਤਰ ਮੂਹਰੇ ਰੋਸ ਧਰਨਾ ਮਾਰਨਾ ਸੀ, ਜਿਉਂ ਹੀ ਵਿਦਿਆਰਥੀ ਵੀ ਸੀ ਦਫਤਰ ਵੱਲ ਵਧੇ, ਪੁਲਿਸ ਨੇ ਧਾਵਾ ਬੋਲ ਦਿੱਤਾ, ਮੁਜ਼ਾਹਰਾਕਾਰੀ ਵਿਦਿਆਰਥੀਆਂ ਦੇ ਨਾਲ ਨਾਲ ਜਮਾਤਾਂ ਵਿੱਚੋਂ ਕੱਢ ਕੇ ਵਿਦਿਆਰਥੀ ਕੁੱਟ ਧਰੇ। ਕੇਸ ਦਰਜ ਕੀਤੇ ਤੇ ਧਾਰਾ ਪਤਾ ਜੇ ਕਿਹੜੀ ਲਾਈ, ਦੇਸ਼ ਧਰੋਹ ਦੀ..
ਪੁਲਿਸ ਨੇ ਜਮਾਤਾਂ ਵਿੱਚ ਵੀ ਅੱਥਰੂ ਗੈਸ ਦੇ ਗੋਲ਼ੇ ਸੁੱਟੇ, ਜ਼ਖਮੀ ਹੋਏ ਵਿਦਿਆਰਥੀਆਂ ਨੂੰ ਹਸਪਤਾਲ ਪੁਚਾਉਣ ਲਈ ਵਿਦਿਆਰਥੀ ਆਗੂਆਂ ਨੇ ਐਂਬੂਲੈਂਸ ਮੰਗਵਾਉਣ ਦੀ ਅਪੀਲ ਕੀਤੀ ਪਰ ਪੁਲਿਸ ਟੱਸ ਤੋਂ ਮੱਸ ਨਾ ਹੋਈ, ਤਾਂ ਵਿਦਿਆਰਥੀਆਂ ਨੇ ਪਥਰਾਅ ਕਰ ਦਿੱਤਾ, ਫੇਰ ਪੁਲਿਸ ਨੇ ਆਪਣਾ ਰੰਗ ਦਿਖਾਇਆ, ਜੋ ਵੀ ਵਿਦਿਆਰਥੀ  ਦਿਸਿਆ ਭਜਾ ਭਜਾ ਕੇ ਕੁੱਟਿਆ। ਹੋਸਟਲ ਵਿੱਚ ਵੜ ਕੇ ਵਿਦਿਆਰਥੀ ਕੁੱਟੇ, ਲੈਬ ਦਾ ਸਮਾਨ ਵੀ ਪੁਲਿਸ ਨੇ ਤੋੜ ਦਿੱਤਾ, ਜ਼ਖਮੀ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਅੰਦਰ ਬਣੇ ਗੁਰੂ ਘਰ ਵਿੱਚ ਸ਼ਰਨ ਲਈ ਤਾਂ ਪੁਲਿਸ ਜੁੱਤੀਆਂ ਸਣੇ ਓਥੇ ਜਾ ਪੁੱਜੀ ਤੇ ਵਿਦਿਆਰਥੀਆਂ ਨੂੰ ਘੇਰ ਲਿਆ,  ਇਥੇ 38 ਵਿਦਿਆਰਥੀਆਂ ਨੇ ਸਰੈਂਡਰ ਕੀਤਾ, ਕੁੱਲ 52 ਗ੍ਰਿਫਤਾਰ ਹੋਏ, ਸਭ ‘ਤੇ ਦੇਸ਼ ਧਰੋਹ ਦੀ ਧਾਰਾ ਲਾਈ, ਇਸ ਬਾਰੇ ਜਦ ਮੀਡੀਆ ਨੇ ਤਿੱਖੇ ਸਵਾਲ ਕੀਤੇ ਤਾਂ ਪੁਲਿਸ ਪ੍ਰਸ਼ਾਸਨ ਆਂਹਦਾ, ਸਾਨੂੰ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਗੁਮਰਾਹ ਕੀਤਾ, ਦੇਸ਼ ਧ੍ਰੋਹ ਵਾਲੀ ਧਾਰਾ ਹਟਾਈ ਗਈ, ਪੁਲਿਸ ਦੀ ਡਿਊਟੀ ਵਿੱਚ ਵਿਘਨ ਪਾਉਣ, ਸਰਕਾਰੀ ਮੁਲਾਜ਼ਮਾਂ ‘ਤੇ ਹਮਲਾ ਕਰਨ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪੁਚਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਹੋਇਆ ਹੈ।
ਪੁਲਿਸ ਦੇ ਇਸ ਵਰਤਾਏ ਕਹਿਰ ਦੀ ਹਰ ਪਾਸੇ ਅਲੋਚਨਾ ਹੋ ਰਹੀ ਹੈ, ਆਪਣੇ ਕਪਤਾਨ ਸਾਹਿਬ ਦੀ ਆਂਹਦੇ ਐਨਕ ਟੁੱਟ ਗਈ, ਨਾਲੇ ਕੰਨਾਂ ਵਾਲੀ ਮਸ਼ੀਨ ਖਰਾਬ ਦੱਸੀ ਜਾ ਰਹੀ ਹੈ, ਇਸੇ ਕਰਕੇ ਤਾਂ ਵਿਚਾਰੇ ਇਸ ਕਾਰਵਾਈ ਤੋਂ ਅਣਭਿੱਜ ਨੇ..
ਬਾਦਲ ਰਾਜ ਵਿੱਚ ਹੁੰਦੀ ਅਜਿਹੀ ਕਿਸੇ ਵੀ ਕਾਰਵਾਈ ਦੀ ਜੰਮ ਕੇ ਅਲੋਚਨਾ ਕਰਨ ਵਾਲੇ ਕਪਤਾਨ ਸਾਹਿਬ ਇਕ ਬੋਲ ਨਹੀਂ ਬੋਲੇ..
ਵਿਦਿਆਰਥੀਆਂ ਦੀਆਂ ਮੰਗਾਂ ਵੀ ਸੁਣ ਲਓ, 1100 ਫੀਸਦੀ ਫੀਸ ਵਾਧਾ ਵਾਪਸ ਲਿਆ ਜਾਵੇ, ਖਾਲੀ ਅਸਾਮੀਆਂ ਭਰੀਆਂ ਜਾਣ, ਵਰਿਆਂ ਤੋਂ ਨੌਕਰੀ ਕਰ ਰਹੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ.. ਤੇ ਇਹ ਮੰਗ ਮੰਗਣਾ ਵੀ ਦੇਸ਼ ਧਰੋਹ ਹੋ ਗਿਐ..