ਕੀ ਪੰਜਾਬ ਦੇ ਸਿੱਖ ਆਗੂ ਕੁਝ ਸੋਚਣਗੇ…?

ਜਸਪਾਲ ਸਿੰਘ ਹੇਰਾਂ  
ਅੱਜ ਕਲਮ ਇੱਕ ਪਾਸੇ ਖੁਸ਼ੀ ਨਾਲ ਨੱਚਦੀ ਹੈ ਅਤੇ ਦੂਜੇ ਪਾਸੇ ਸ਼ਰਮ ਦੇ ਮਾਰੇ ਡੁੱਬਣ ਨੂੰ ਫਿਰਦੀ ਹੈ। ਡਾਢੀ ਖੁਸ਼ੀ ਹੈ, ਮਾਣ ਹੈ, ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੀ ਸਰਕਾਰ ਨੇ ਸਿੱਖਾਂ ਦੇ ਕੌਮੀ ਤਿਉਹਾਰ ‘ਵਿਸਾਖੀ’ ਨੂੰ ਅਮਰੀਕਾ ਵਿੱਚ ‘ਸਿੱਖ ਨੈਸ਼ਨਲ ਡੇਅ’ ਵੱਜੋਂ ਮਾਨਤਾ ਦੇ ਦਿੱਤੀ ਹੈ। 2 ਅਪ੍ਰੈਲ ਤੇ 3 ਅਪ੍ਰੈਲ ਨੂੰ ਕੈਨੇਡਾ ਦੀ ਪਾਰਲੀਮੈਂਟ ਹਿੱਲ ਚ ਵੀ ਵਿਸਾਖੀ ਨੂੰ ਸਮਰਪਿਤ “ਕੇਸਰੀ ਨਿਸ਼ਾਨ ਸਾਹਿਬ” ਝੁਲਾਇਆ ਗਿਆ ਤੇ ਕੈਨੇਡਾ ‘ਚ ਅਗਲਾ ਪ੍ਰਧਾਨ ਮੰਤਰੀ ਕਿਸੇ ਸਿੱਖ ਦੇ ਹੋਣ ਦੀ ਚਰਚਾ ਵੀ ਸ਼ੁਰੂ ਹੋ ਗਈ ਹੈ। ਇਹੋ ਜਿਹੀ ਮਾਨਤਾ ਆਸਟ੍ਰੇਲੀਆ ਵਿੱਚ ਵੀ ਵਿਸਾਖੀ ਨੂੰ ਦਿੱਤੀ ਗਈ ਹੈ। ਸਿੱਖਾਂ ਲਈ ਇਸ ਤੋਂ ਵੱਡੀ ਖੁਸ਼ੀ ਅਤੇ ਪ੍ਰਾਪਤੀ ਭਲਾ ਹੋਰ ਕੀ ਹੋ ਸਕਦੀ ਹੈ? ਦੂਜੇ ਪਾਸੇ ਸਿੱਖੀ ਦੀ ਜਨਮ ਭੂਮੀ ਤੇ ਕਰਮ ਭੂਮੀ ਪੰਜਾਬ ‘ਚ ਵਿਸਾਖੀ ਨੂੰ  ਸਿੱਖ ਇਕੱਠੇ ਹੋ ਕੇ ਇੱਕ ਦਿਨ ਮਨਾਉਣ ਲਈ ਰਾਜ਼ੀ ਨਹੀਂ। ਕੌਮ ਦੀ ਤ੍ਰਾਸਦੀ ਹੈ ਕਿ ਸਾਡਾ ਇਕੋ ਨਾਨਕਸ਼ਾਹੀ ਕੈਲੰਡਰ ਬਿਪਰਵਾਦੀ ਤਾਕਤਾਂ ਨੇ ਲੀਰੋ-ਲੀਰ ਕਰ ਦਿੱਤਾ ਹੈ। ਜਿਸ ਕਰਕੇ ਅਸੀਂ ਆਪਣੇ ਗੁਰਪੁਰਬ ਤੇ ਹੋਰ ਮਹਾਨ ਇਤਿਹਾਸਕ ਦਿਹਾੜੇ ਵੀ ਅੱਡ- ਅੱਡ ਦਿਨਾਂ ਨੂੰ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਵਿਸਾਖੀ ਕੌਮ ਦਾ ਕੌਮੀ ਤਿਉਹਾਰ ਹੈ। ਦੁਨੀਆ ਮਾਨਤਾ ਦੇ ਰਹੀ ਹੈ। ਪ੍ਰੰਤੂ ਪੰਜਾਬ ਵਿੱਚ ਸਿੱਖ ਆਗੂ ਅਜਿਹਾ ਕਰਨ ਲਈ ਤਿਆਰ ਨਹੀਂ ਅਤੇ ਨਾ ਹੀ ਪੰਜਾਬ ਚ ਵੱਸਦੇ ਸਿੱਖ ਆਪਣੀ ਮੱਤ ਅਨੁਸਾਰ ਸਿੱਖੀ ਦੇ ਨਿਆਰੇ-ਨਿਰਾਲੇਪਣ ਅਤੇ ਅਜ਼ਾਦ ਹੋਂਦ ਦੀ ਰੱਖਿਆ ਕਰਨ ਲਈ ਮੈਦਾਨ ਚ ਨਿੱਤਰਦੇ ਹਨ। ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਵਿਸਾਖੀ 14 ਅਪ੍ਰੈਲ ਨੂੰ ਅਤੇ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਅਨੁਸਾਰ 13 ਅਪ੍ਰੈਲ ਨੂੰ ਹੈ।
ਭਾਵ ਕਿ ਸਿੱਖ ਆਪਣੇ ਕੌਮੀ ਤਿਉਹਾਰ ਨੂੰ ਵੱਖ- ਵੱਖ ਦਿਨਾਂ ਨੂੰ ਮਨਾਉਣਗੇ। ਜਿਹੜੀਆਂ ਵਿਦੇਸ਼ੀ ਸਰਕਾਰਾਂ ਵਿਸਾਖੀ ਨੂੰ ਸਿੱਖਾਂ ਦੇ ਨੈਸ਼ਨਲ ਡੇਅ (ਕੌਮੀ ਦਿਹਾੜੇ) ਵਜੋਂ ਮਾਨਤਾ ਦੇ ਰਹੀਆਂ ਹਨ। ਜਦੋਂ ਕੋਈ ਉਨਾਂ ਨੁੰ ਇਹ ਦੱਸੇਗਾ ਕਿ ਸਿੱਖ ਤਾਂ ਇਸ ਦਿਹਾੜੇ ਨੂੰ ਵੱਖ- ਵੱਖ ਤਰੀਕਾਂ ਨੂੰ ਮਨਾ ਰਹੇ ਹਨ ਤਾਂ ਉਨਾਂ ਦਾ ਕੀ ਪ੍ਰਤੀਕਰਮ ਹੋ ਸਕਦਾ ਹੈ? ਉਹ ਸਾਡੀ ਕੌਮ ਬਾਰੇ ਕੀ ਸੋਚਣਗੇ? ਭਾਵੇਂ ਕਿ ਸਾਨੂੰ ਭਲੀਭਾਂਤ ਪਤਾ ਹੈ ਕਿ ਭਗਵਾਂ ਤਾਕਤਾਂ ਤੇ ਸਿੱਖ ਦੁਸ਼ਮਣ ਤਾਕਤਾਂ ਦੇ ਗ਼ੁਲਾਮ ਸਿੱਖ ਆਗੂ ਸਾਡੇ ਹੋਕੇ ਵੱਲ ਕੰਨ ਨਹੀਂ ਧਰਣਗੇ,  ਪ੍ਰੰਤੂ ਅਸੀਂ ਫਿਰ ਵੀ ਕੌਮ ਦੇ ਸਾਰੇ ਧਾਰਮਿਕ ਆਗੂਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਕੌਮ ਦੀ ਆਨ ਤੇ ਸ਼ਾਨ ਲਈ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ‘ਵਿਸਾਖੀ’ ਨੂੰ ਦਿੱਤੀ ਮਾਨਤਾ ਦੇ ਮੱਦੇਨਜ਼ਰ ਘੱਟੋ- ਘੱਟ ਵਿਸਾਖੀ ਨੂੰ ਇੱਕ ਦਿਨ ਮਨਾਉਣ ਦਾ ਫੈਸਲਾ ਕਰ ਲਵੋ। ਨਾਨਕਸ਼ਾਹੀ ਕੈਲੰਡਰ ਕੌਮ ਦੀ ਅਜ਼ਾਦ ਹਸਤੀ ਦਾ ਪ੍ਰਤੀਕ ਹੈ, ਉਸ ਦੀ ਹਸਤੀ ਬਰਕਰਾਰ ਰੱਖਣੀ ਚਾਹੀਦੀ ਹੈ। ਪ੍ਰੰਤੂ ਅੱਜ ਅਸੀਂ ਸਾਰੀਆਂ ਧਿਰਾਂ ਨੂੰ ਆਪੋ- ਆਪਣੀ ਹਉਮੈਂ ਤਿਆਗ ਕੇ, ਪੁਰਾਤਨ ਸਿੱਖਾਂ ਵਾਂਗੂੰ ਇਸ ਦਾ ਫੈਸਲਾ ਗੁਰੂ ਤੇ ਛੱਡਣ ਦੀ ਅਪੀਲ ਵੀ ਕਰਾਂਗੇ।
ਸ਼੍ਰੋਮਣੀ ਕਮੇਟੀ, ਸਰੱਬਤ ਖਾਲਸਾ ਦੇ ਜਥੇਦਾਰ, ਪੰਜ ਪਿਆਰੇ, ਸੰਤ ਸਮਾਜ, ਨਿਹੰਗ ਜਥੇਬੰਦੀਆਂ, ਹੋਰ ਸਾਰੀਆਂ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਇੱਕਤਰ ਹੋ ਕੇ, ਸਿਰਜੋੜ ਕੇ ਸਰਬਸੰਮਤੀ ਨਾਲ ਵਿਸਾਖੀ ਦੇ ਦਿਨ ਦਾ ਫੈਸਲਾ ਕਰ ਲੈਣ। ਜੇ ਸਰਬਸੰਮਤੀ ਨਹੀਂ ਬਣਦੀ ਤਾਂ ਦਰਬਾਰ ਸਾਹਿਬ ਦੇ ਸਰੋਵਰ ਵਿੱਚ ‘ਪਰਚੀ”ਵਾਲੀ ਪੁਰਾਤਨ ਪਿਰਤ ਦਾ ਸਹਾਰਾ ਲਿਆ ਜਾ ਸਕਦਾ ਹੈ। ਅਸੀਂ ਸਾਰੇ ਸਿੱਖ ਆਗੂਆਂ ਨੂੰ ਬੇਨਤੀ ਕਰਾਂਗੇ ਕਿ ਕੌਮ ਦਾ ਸਿਰ ਮਾਣ ਨਾਲ ਉੱਚਾ ਕਰਵਾਉਣ, ਸ਼ਰਮ ਨਾਲ ਨੀਵਾਂ ਨਹੀਂ। ਵਿਸਾਖੀ ਬਾਰੇ ਕੌਮ ਦਾ ਭੰਬਲਭੂਸਾ,ਕੌਮ ਦੀ ਹੋਂਦ ਲਈ ਖ਼ਤਰਨਾਕ ਹੈ।
ਇਸ ਦੇ ਨਾਲ ਹੀ ਸਿੱਖ ਭਾਈਚਾਰੇ ਦੇ ਵੱਡੇ ਮਸਲੇ ਕਿ 84 ਕਤਲੇਆਮ ਸਿੱਖ ਨਸਲਕੁਸ਼ੀ ਸੀ ਜਾਂ ਨਹੀਂ..
ਨਵੰਬਰ 1984 ਚ ਸਿੱਖਾਂ ਦੀ ਨਸਕੁਸ਼ੀ ਕੀਤੀ ਗਈ। ਕੀ ਇਸ ਸੱਚ ਨੂੰ ਦੁਨੀਆਂ ਦੀ ਕੋਈ ਤਾਕਤ ਤੱਥਾਂ ਦੀ ਰੋਸ਼ਨੀ ਚ ,ਜਿਹੜੇ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਹੋਰ 127 ਵੱਡੇ ਸ਼ਹਿਰਾਂ ਚ ਸਿੱਖਾਂ ਨੂੰ ਜਿਉਂਦੇ ਸਾੜਣ, ਸਿੱਖਾਂ ਦੇ ਨਿੱਕੇ -ਨਿੱਕੇ ਮਾਸੂਮ ਬੱਚਿਆਂ ਨੂੰ ਅੱਗਾਂ ਦੀਆਂ ਲਪਟਾਂ ਦੇ ਹਵਾਲੇ ਕਰਨ ਅਤੇ ਸਿੱਖ -ਧੀਆਂ ਭੈਣਾਂ ਦੀ ਬੇਪੱਤੀ ਸਮੇਂ ਦੀਆਂ ਚੀਕਾਂ, ਜਿਹੜੀਆਂ 33 ਸਾਲ ਬਾਅਦ ਅੱਜ ਵੀ ਇਨਸਾਫ ਨਾ ਮਿਲਣ ਕਾਰਨ ਹਵਾ ਚ ਗੂੰਜ ਰਹੀਆਂ ਹਨ। ਇਸ ਵਹਿਸ਼ੀਆਨਾ ਕਤਲੇਆਮ ਨੂੰ ਸਿੱਖਾਂ ਨੂੰ ਸਬਕ ਸਿਖਾਉਣ ਲਈ, ਉਹਨਾਂ ਦੀ ਨਸਲਕੁਸ਼ੀ ਲਈ ਕੀਤੀ ਇਸ ਭਿਆਨਕ ਵਹਿਸ਼ੀਆਨਾ ਕਾਰਵਾਈ ਨੂੰ ਮੰਨਣ ਤੋਂ ਇਨਕਾਰ ਨਹੀਂ ਕਰ ਸਕਦੀ। ਸਿੱਖਾਂ ਨੂੰ ਨਿਸ਼ਾਨਾ ਬਣਾਉਣਾ, ਉਹਨਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰਨੀ, ਪੁਲਿਸ ਦਾ ਕਾਤਲਾਂ ਦਾ ਸਾਥ ਹੀ ਨਾਂਹ ਦੇਣਾ ਸਗੋਂ ਖੁਦ ਕਾਤਲ ਬਣ ਕੇ ਸਿੱਖਾਂ ਦੇ ਕਤਲੇਆਮ ਚ ਹਿੱਸਾ ਲੈਣਾ, ਆਖਰ ਸਿੱਖਾਂ ਦੀ ਨਸਲਕੁਸ਼ੀ ਦੀ ਗਿਣੀ-ਮਿਥੀ ਸ਼ਾਜਿਸ਼ ਨਹੀਂ ਸੀ ਤਾਂ ਹੋਰ ਕੀ ਸੀ? ਇਸ ਦੇਸ਼ ਦੀ ਪਾਰਲੀਮੈਂਟ ਨੇ ਇਸ ਵਹਿਸ਼ੀਆਨਾ ਕਤਲੇਆਮ, ਜਿਸ ਦਾ ਸ਼ਿਕਾਰ ਬੇਦੋਸ਼ੇ ਸਿੱਖ ਹੋਏ ਤੇ ਸਮੂਹਿਕ ਰੂਪ ਚ ਹੋਏ, ਬਾਰੇ ਇੱਕ ‘ਲਾਈਨ’ ਦਾ ਅਫਸੋਸ ਦਾ ਮਤਾ ਪਾਸ ਕਰਨ ਦੀ ਵੀ ਲੋੜ ਨਹੀਂ ਸਮਝੀ । ਮੁਆਫ਼ੀ ਮੰਗਣੀ ਤਾਂ ਬਹੁਤ ਦੂਰ..  ਹੁਣ ਜਦੋਂ ਕੈਨੇਡਾ ਦੇ ਸੂਬੇ ਓਨਟਾਰੀਓ ਦੀ ਐਂਸਬਲੀ ਚ 1984 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਪ੍ਰਵਾਨ ਕੀਤਾ ਗਿਆ ਹੈ ਤਾਂ ਬਜਾਏ ਇਸ ਦੇ ਕਿ ਭਾਰਤ ਦੀ ਹਿੰਦੂਤਵੀ ਬਹੁਗਿਣਤੀ ਸਰਕਾਰ ਇਸ ਨੂੰ ਮੰਨਦੀ ਅਤੇ ਪਾਰਲੀਮੈਂਟ ਦੇ ਇਸ ਸਮੇਂ ਚੱਲ ਰਹੇ ਇਜਲਾਸ ‘ਚ ਮੁਆਫੀ ਮੰਗਣ ਦਾ ਮਤਾ ਪਾਸ ਕੀਤਾ ਜਾਂਦਾ । ਭਾਰਤ ਦੀ ਹਿੰਦੂਤਵੀ ਸਰਕਾਰ ਨੇ ਕੈਨੇਡਾ ਵਿਧਾਨ ਸਭਾ ਦੇ ਮਤੇ ਨੂੰ ਹੀ ਰੱਦ ਕਰ ਦਿੱਤਾ।
ਕੀ ਮਤਾ ਰੱਦ ਕਰ ਦੇਣ ਨਾਲ ਸਿੱਖ ਨਸਲਕੁਸ਼ੀ ਦਾ ਕਾਲਾ ਧੱਬਾ ਇਸ ਦੇਸ਼ ਦੀ ਫਿਰਕੂ ਅਤੇ ਘੱਟ ਗਿਣਤੀਆਂ ਪ੍ਰਤੀ ਜ਼ਹਿਰੀਲੀ ਸੋਚ ਦੇ ਮੱਥੇ ਤੋਂ ਮਿਟ ਜਾਵੇਗਾ ? ਸਿੱਖਾਂ ਦੀ ਹੋਈ ਨਸਲਕੁਸ਼ੀ ਨੂੰ ਪ੍ਰਵਾਨ ਕਰਨ ਜਾਂ ਰੱਦ ਕਰ ਦੇਣ ਨਾਲ ਕੀ ਇਸ ਦੇਸ਼ ਦੀ ਸਰਕਾਰ ਇਸ ਸੱਚ ਤੋਂ ਭੱਜ ਸਕੇਗੀ ਕਿ ਆਖ਼ਰ 33 ਸਾਲ ਲੰਘ ਜਾਣ ਦੇ ਬਾਵਜੂਦ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਸਿੱਖਾਂ ਨੂੰ ਇਨਸਾਫ਼ ਕਿਉਂ ਨਹੀਂ ਮਿਲਿਆ?
ਇਸ ਭਿਆਨਕ ਕਤਲੇਆਮ ਸਬੰਧੀ ਦਰਜ ਹੋਈਆਂ ਪੁਲਿਸ ਰਿਪੋਰਟਾਂ ਆਖ਼ਰ ਕਿੱਥੇ ਹਨ? ਵੱਡੇ-ਵੱਡੇ ਕਾਂਗਰਸੀ ਆਗੂ ਜਿਨਾਂ ਨੇ ਕਾਤਲ ਭੀੜਾਂ ਦੀ ਅਗਵਾਈ ਕੀਤੀ, ਉਹ ਉੱਚੇ-ਉਚੇ ਆਹੁਦਿਆਂ ਤੇ ਕਿਵੇਂ ਬਿਰਾਜਮਾਨ ਰਹੇ? 33 ਸਾਲਾਂ ਵਿਚ ਜਿਹੜੀਆਂ 8 ਪਾਰਲੀਮੈਂਟਾਂ ਹੋਂਦ ਵਿਚ ਆਈਆਂ, ਉਨਾਂ ਵਿਚੋਂ ਕਿਸੇ ਨੂੰ ਵੀ ਇਸ ਭਿਆਨਕ ਕਾਂਡ ਦੀ ਯਾਦ ਨਾ ਆਈ ਅਤੇ ਨਾ ਹੀ ਕਿਸੇ ਦਾ ਦਿਲ ਕੰਬਿਆ ਅਤੇ ਨਾ ਹੀ ਕਿਸੇ ਦੀ ਜ਼ਮੀਰ ਜਾਗੀ। ਅਸਲ ਵਿਚ ਇਸ ਦੇਸ਼ ਦੇ ਹਾਕਮ ਚਾਹੇ ਉਹ ਕਿਸੇ ਵੀ ਰੰਗ ਦੇ ਹੋਣ, ਉਹ ਸਿੱਖਾਂ ਨੂੰ ਇਸ ਦੇਸ਼ ਦੇ ਸ਼ਹਿਰੀ ਹੀ ਨਹੀਂ ਮੰਨਦੇ, ਸਗੋਂ ਸਿੱਖਾਂ ਨੂੰ ਗ਼ੁਲਾਮ ਮੰਨਦੇ ਹਨ। ਗੁਲਾਮਾਂ ਨੂੰ ਧੱਕੇ, ਬੇਇਨਸਾਫ਼ੀ, ਵਿਤਕਰੇ ਦਾ ਸ਼ਿਕਾਰ ਬਨਾਉਣਾ ਆਪਣਾ ਜਨਮਸਿੱਧ ਅਧਿਕਾਰ ਮੰਨਦੇ ਹਨ। ਅੱਜ ਜਦੋਂ ਇਕ ਦੇਸ਼ ਦੀ ਵਿਧਾਨ ਸਭਾ ਨੇ ਡੂੰਘੀ ਵਿਚਾਰ ਚਰਚਾ ਤੋਂ ਬਾਅਦ 84 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਪ੍ਰਵਾਨ ਕੀਤਾ ਹੈ ਤਾਂ ਇਸ ਕਤਲੇਆਮ ਦੀ ਭਿਆਨਕ ਸੱਚਾਈ ਨੂੰ ਹੁਣ ਦਬਾਇਆ ਨਹੀਂ ਜਾ ਸਕਦਾ।
ਭਾਵੇਂ ਕਿ ਅਸੀਂ ਜਾਣਦੇ ਹਾਂ ਕਿ ਜਿਹੜੇ ਹਾਕਮ ਇਸ ਦੇਸ਼ ਨੂੰ ”ਹਿੰਦੂ ਰਾਸ਼ਟਰ” ਐਲਾਨਣ ਦੀਆਂ ਤਿਆਰੀਆਂ ਕਰ ਰਹੇ ਹਨ, ਉਨਾਂ ਕੋਲੋ 1984 ਦੇ ਸਿੱਖ ਕਤਲੇਆਮ ਦੇ ਇਨਸਾਫ਼ ਦੀ ਆਸ ਰੱਖਣੀ ਬੇਮਾਅਇਨੇ ਹੈ। ਪ੍ਰੰਤੂ ਅਸੀਂ ਚਾਹੁੰਦੇ ਹਾਂ ਕਿ ਵਿਸ਼ਵ ਭਰ ਵਿਚ ਬੈਠੇ ਸਿੱਖ ਇਸ ਮੁੱਦੇ ਨੂੰ ਉਨਾਂ ਦੇਸ਼ਾਂ ਵਿਚੋਂ ਉਭਾਰਨ ਅਤੇ ਭਾਰਤੀ ਪਾਰਲੀਮੈਂਟ ‘ਚ ਬੈਠੇ ਸਰਦਾਰ ਅਖਵਾਉਂਦੇ ਮੈਂਬਰ ਪਾਰਲੀਮੈਂਟ ਵੀ ਆਪਣੀ ਆਤਮਾ ਦੀ ਅਵਾਜ਼ ਨੂੰ ਜ਼ਰੂਰ ਸੁਣ ਲੈਣ, ਉਨਾਂ ਦੀ ਆਤਮਾ ਅਵਾਜ਼ ਬੁਲੰਦ ਕਰਨ ਲਈ ਤੜਫ਼ਦੀ ਹੋਵੇਗੀ।