• Home »
  • ਚਲੰਤ ਮਾਮਲੇ
  • » ਕਾਂਗਰਸੀਓ! ਪੰਜਾਬ ਦੇ ਵੋਟਰਾਂ ਨੇ ਗੁੰਡਾਰਾਜ ਵਿਰੁੱਧ ਫ਼ਤਵਾ ਦਿੱਤਾ…

ਕਾਂਗਰਸੀਓ! ਪੰਜਾਬ ਦੇ ਵੋਟਰਾਂ ਨੇ ਗੁੰਡਾਰਾਜ ਵਿਰੁੱਧ ਫ਼ਤਵਾ ਦਿੱਤਾ…

ਜਸਪਾਲ ਸਿੰਘ ਹੇਰਾਂ
ਪੰਜਾਬ ਦੇ ਲੋਕਾਂ ਨੇ ਬਾਦਲ ਰਾਜ ਨੂੰ ਜਾਬਰ ਤੇ ਲੋਟੂ ਰਾਜ ਮੰਨਦਿਆਂ, ਇਸ ਰਾਜ ਦਾ ਤਖ਼ਤਾ ਬੁਰੀ ਤਰਾਂ ਪਲਟਿਆ ਹੈ। ਬਾਦਲ ਰਾਜ ‘ਚ ਲੋਕ ਧੱਕੇਸ਼ਾਹੀ, ਵਿਤਕਰੇਬਾਜ਼ੀ, ਬੇਇਨਸਾਫ਼ੀ ਤੇ ਲੁੱਟ ਦਾ ਸ਼ਿਕਾਰ ਸਨ। ਗੁੰਡਾ ਰਾਜ ਦੀ ਦਹਿਸ਼ਤ ਕਾਰਣ ਆਮ ਲੋਕਾਂ ਦਾ ਸਾਹ ਲੈਣਾ ਔਖਾ ਹੋਇਆ ਪਿਆ ਸੀ। ਬਾਦਲਕਿਆਂ ਦਾ ਹਰ ਛੋਟਾ-ਵੱਡਾ ਆਗੂ ਆਪਣੇ ਆਪ ਨੂੰ ‘ਫੰਨੇ ਖਾਂ’ ਮੰਨਦਿਆਂ ਹੋਇਆਂ ‘ਚੰਮ’ ਦੀਆਂ ਚਲਾਉਂਦਾ ਸੀ। ਵਿਧਾਇਕਾਂ ਦੀਆਂ ਕੋਠੀਆਂ ‘ਚ ਹੀ ਲੋਕਾਂ ਦੀਆਂ ਕਿਸਮਤਾਂ ਦੇ ਫੈਸਲੇ ਹੁੰਦੇ ਸਨ। ਕਿਸ ਤੇ ਪਰਚਾ ਦਰਜ ਕਰਨਾ ਹੈ, ਕਿਸ ਦਾ ਰੱਦ ਕਰਨਾ ਹੈ, ਕਿਸਦੇ ਥਾਣੇ ਛਿੱਤਰ ਪਰੇਡ ਹੋਣੀ ਹੈ, ਕਿਸਨੇ ਕਿਥੋਂ ਹਿੱਸਾਪੱਤੀ ਲੈਣੀ ਹੈ। ਇਹ ਸਾਰੇ ਫੈਸਲੇ ਵਿਧਾਇਕ ਜਾਂ ਹਲਕਾ ਇੰਚਾਰਜ ਕਰਿਆ ਕਰਦੇ ਸਨ। ਅੱਗੋਂ ਹੇਠਲੀ ਪੱਧਰ ਦੇ ਆਗੂ ਇਸ ਲੁੱਟ ਤੇ ਕੁੱਟ ਦੇ ਚੱਕਰ ਨੂੰ ਹੋਰ ਤੇਜ਼ ਕਰ ਦਿੰਦੇ ਸਨ। ਇਸ ਕਾਰਣ ਬਾਦਲ ਰਾਜ ਜਾਬਰ ਤੇ ਲੋਟੂ ਰਾਜ ਬਣਕੇ ਰਹਿ ਗਿਆ ਸੀ ਤੇ ਪੰਜਾਬ ਦੇ ਲੋਕ, ਵੋਟ ਸ਼ਕਤੀ ਨਾਲ ਇਸ ‘ਜਾਬਰ ਰਾਜ’ ਦਾ ਅੰਤ ਕਰਨ ‘ਚ ਆਖਰ ਸਫ਼ਲ ਹੋਏ। ਨਵੀਂ ਬਣੀ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲਈ ਇਹ ਵੱਡਾ ਸਬਕ ਹੋਣਾ ਚਾਹੀਦਾ ਹੈ।
11 ਮਾਰਚ ਨੂੰ ਜਦੋਂ ਚੋਣ ਨਤੀਜੇ ਕਾਂਗਰਸ ਦੇ ਹੱਕ ‘ਚ ਆਏ ਸਨ, ਅਸੀਂ ਉਸ ਦਿਨ ਵੀ ‘ਹੋਕਾ’ ਦਿੱਤਾ ਸੀ ਕਿ ਇਹ ਫ਼ਤਵਾ ਕਾਂਗਰਸ ਦੇ ਹੱਕ ‘ਚ ਨਹੀਂ, ਸਗੋਂ ਜ਼ੁਲਮੀ ਰਾਜ ਦੇ ਵਿਰੁੱਧ ਆਇਆ ਹੈ।
ਪਰ ਕੀ ਸੂਬਾ ਵਾਸੀਆਂ ਨੂੰ ਜ਼ੁਲਮੀ ਰਾਜ ਤੋਂ ਨਿਜਾਤ ਮਿਲੇਗੀ??
ਬੀਤੇ ਦਿਨ ਗੁਰਦਾਸਪੁਰ ਜ਼ਿਲੇ ‘ਚ ਇਕ ਕਾਂਗਰਸੀ ਆਗੂ ਵੱਲੋਂ ਜਿਸ ਤਰਾਂ ਇਕ ਅਕਾਲੀ ਆਗੂ ਨੂੰ ਦਿਨ-ਦਿਹਾੜੇ ਗੋਲੀਆਂ ਨਾਲ ਭੁੰਨਿਆ ਗਿਆ, ਇਹ ਕਾਰਾ ਕਰਨ  ਤੋਂ ਪਹਿਲਾਂ ਸ਼ਰੇਆਮ ਨਵੀਂ ਬਣੀ ਕਾਂਗਰਸ ਸਰਕਾਰ ਦੇ ਨਾਮ ‘ਤੇ ਧਮਕੀਆਂ ਦਿੱਤੀਆਂ ਗਈਆਂ, ਉਹ ਬੇਹੱਦ ਮੰਦਭਾਗੀ ਘਟਨਾ ਹੈ।
ਹਾਲੇਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੀ ਸਹੁੰ ਵੀ ਨਹੀਂ ਚੁੱਕੀ, ਉਸ ਤੋਂ ਪਹਿਲਾਂ ਹੀ ਕਾਂਗਰਸੀ ਵਿਰੋਧੀਆਂ ਨੂੰ ਸਰਕਾਰ ਦੀ ਧੌਂਸ ਦਿੰਦਿਆਂ ਸ਼ਰੇਆਮ ਗੋਲੀਆਂ ਨਾਲ ਭੁੰਨਣ ਲੱਗ ਪੈਣ ਤਾਂ ‘ਚੰਗੇ ਦਿਨਾਂ’ ਦੀ ਆਸ ਨਾਲ ਵੋਟਾਂ ਪਾਉਣ ਵਾਲੇ ਪੰਜਾਬੀਆਂ ਦੇ ਦਿਲਾਂ ‘ਤੇ ਕੀ ਬੀਤੀ ਹੋਵੇਗੀ? ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਹਾਲਾਂਕਿ ਕੈਪਟਨ ਸਾਹਿਬ ਕਹਿ ਚੁੱਕੇ ਨੇ ਕਿ ਉਹ ਬਦਲੇ ਦੀ ਰਾਜਨੀਤੀ ਨਹੀਂ ਕਰਨਗੇ।
ਆਪਣੀ ਸਰਕਾਰ ਦੌਰਾਨ ਬਾਦਲਕਿਆਂ ਨੇ ਕਾਂਗਰਸੀਆਂ ਨਾਲ ਲੱਖਾਂ ਵਧੀਕੀਆਂ ਕੀਤੀਆਂ ਹੋਣਗੀਆਂ, ਕਈ ਵਧੀਕੀਆਂ ਤਾਂ ਭੁੱਲਣਯੋਗ ਤੇ ਖ਼ਿਮਾਯੋਗ ਵੀ ਨਹੀਂ ਹੋਣਗੀਆਂ। ਪ੍ਰੰਤੂ ਬਦਲੇ ਦੀ ਰਾਜਨੀਤੀ, ਕਿਸੇ ਨੂੰ ਸੁੱਖ ਨਹੀਂ ਦੇ ਸਕਦੀ। ਭਾਵੇਂ ਕਿ ਲੋਹਾ ਹੀ ਲੋਹੇ ਨੂੰ ਕੱਟਦਾ ਹੈ, ਇਹ ਵੀ ਸੱਚ ਹੈ, ਪ੍ਰੰਤੂ ਬਦਲੇ ਨੂੰ ਕਦੇ ਬਦਲੇ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ, ਇਹ ਉਸ ਤੋਂ ਵੀ ਵੱਡਾ ਸੱਚ ਹੈ। ਜਿਹਨਾਂ ਨੇ ਅਪਰਾਧ ਕੀਤੇ ਹਨ, ਵਧੀਕੀਆਂ ਕੀਤੀਆਂ ਹਨ, ਕਾਨੂੰਨ ਤੇ ਇਨਸਾਫ਼ ਦਾ ਕਤਲੇਆਮ ਕੀਤਾ ਹੈ, ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, ਪ੍ਰੰਤੂ ਕਾਨੂੰਨੀ ਢੰਗ ਤਰੀਕੇ ਅਨੁਸਾਰ।
ਅੱਜ ਪੰਜਾਬ ਨੂੰ ਬਦਲਿਆਂ ਦੀ ਨਹੀਂ, ਅਮਨ-ਸ਼ਾਂਤੀ, ਵਿਕਾਸ, ਖੁਸ਼ਹਾਲੀ, ਰੁਜ਼ਗਾਰ, ਸਿਹਤ ਤੇ ਸਿੱਖਿਆ ਦੀ ਵੱਡੀ ਲੋੜ ਹੈ।
ਇਸ ਪਾਸੇ ਲੜਾਈ ਤਾਂ ਹੀ ਲੜੀ ਜਾ ਸਕੇਗੀ ਜੇ ਪੰਜਾਬ ‘ਚ ਭਾਈਚਾਰਕ ਏਕਤਾ ਹੋਵੇਗੀ। ਬਦਲੇ ਦੀ ਰਾਜਨੀਤੀ ਭਾਈਚਾਰਕ ਏਕਤਾ ਨੂੰ ਸਭ ਤੋਂ ਪਹਿਲਾਂ ਲਾਂਬੂ ਲਾਉਂਦੀ ਹੈ। ਕਾਂਗਰਸੀ ਆਗੂਆਂ ਤੇ ਵਰਕਰਾਂ ਸਿਰ, ਸੂਬੇ ਦੇ ਲੋਕਾਂ ਨੇ ਵੱਡੀ ਜਿੰਮੇਵਾਰੀ ਪਾਈ ਹੈ। ਉਸ ਜੁੰਮੇਵਾਰੀ ਨੂੰ ਨਿਭਾਉਣਾ, ਉਹਨਾਂ ਦਾ ਮੁੱਢਲਾ ਫਰਜ਼ ਹੈ। ਅਸੀਂ ਚਾਹਾਂਗੇ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕੀਤਾ ਹੈ ਕਿ ਉਹ ਬਦਲੇ ਦੀ ਰਾਜਨੀਤੀ ਨਹੀਂ ਕਰਨਗੇ, ਪ੍ਰੰਤੂ ਇਹਨਾਂ ਬੋਲਾਂ ਨੂੰ ਅਮਲੀ ਜਾਮਾ ਪਹਿਨਾਉਣਾ ਬੇਹੱਦ ਜ਼ਰੂਰੀ ਹੈ।
10 ਸਾਲ ਦੇ ਦੜੇ ਬੈਠੇ ਕਾਂਗਰਸੀਆਂ ਲਈ ਰਾਜ ਸੱਤਾ ਨੂੰ ਹਜ਼ਮ ਕਰਨਾ ਸੌਖਾ ਨਹੀਂ। ਉਹਨਾਂ ਦੇ ਮਨਾਂ ‘ਚ ਉਠਦੀਆਂ ਲੂਰੀਆਂ ਨੂੰ ਸ਼ਾਂਤ ਕਰਨਾ, ਵੱਡੇ ਕਾਂਗਰਸੀ ਆਗੂਆਂ ਦੇ ਜੁੰਮੇ ਹੈ। ਪ੍ਰਸ਼ਾਸਨ ਰੀੜ ਦੀ ਹੱਡੀ ਤੋਂ ਰਹਿਤ ਹੈ। ਪੁਲਿਸ ਤੇ ਸਿਵਲ ਪ੍ਰਸ਼ਾਸਨ ਹਾਕਮ ਧਿਰ ਅੱਗੇ ਲੰਮਾ ਪੈ ਜਾਂਦਾ ਹੈ ਤੇ ਹਰ ਜਾਇਜ਼-ਨਜਾਇਜ਼ ਹੁਕਮ ‘ਤੇ ਫੁੱਲ ਚੜਾਉਂਦਾ ਹੈ, ਇਹੀ ਆਮ ਲੋਕਾਂ ਲਈ ਬੇਇਨਸਾਫ਼ੀ ਤੇ ਧੱਕੇਸ਼ਾਹੀ ਦਾ ਦੌਰ ਸ਼ੁਰੂ ਕਰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਧੱਕੇਸ਼ਾਹੀ ਤੇ ਬੇਇਨਸਾਫ਼ੀ ਲਈ ਪੰਜਾਬ ‘ਚ ਕੋਈ ਥਾਂ ਨਹੀਂ ਹੋਣੀ ਚਾਹੀਦੀ ਹੈ। ਸੱਚੇ-ਸੁੱਚੇ ਆਮ ਲੋਕ, ਰਾਜੀ ਖੁਸ਼ੀ ਜੀਵਨ ਜਿਉਣ।
ਗੁੰਡੇ-ਗਿਰੋਹਾਂ ਤੇ ਮਾਫ਼ੀਏ ਨੂੰ ਹਕੂਮਤ ਦਾ ਡਰ ਹੋਵੇ। ਭ੍ਰਿਸ਼ਟ ਸਿਆਸੀ ਆਗੂਆਂ, ਭ੍ਰਿਸ਼ਟ ਅਫ਼ਸਰਸ਼ਾਹੀ ਤੇ ਮਾਫ਼ੀਏ ਦੀ ਤਿੱਕੜੀ ਕਿਧਰੇ ਨਜ਼ਰ ਨਾ ਆਵੇ।
ਭਾਵੇਂ ਕਿ ਬਹੁਤੇ ਕਾਂਗਰਸੀ ਆਗੂਆਂ ਤੇ ਬਾਦਲਕਿਆਂ ਦੀ ਕਾਰਜਸ਼ੈਲੀ ‘ਚ ਆਮ ਲੋਕ ਬਹੁਤਾ ਫ਼ਰਕ ਨਹੀਂ ਸਮਝਦੇ। ਪ੍ਰੰਤੂ ਕੈਪਟਨ ਦੇ ਡੰਡੇ ‘ਤੇ ਪੰਜਾਬੀਆਂ ਨੂੰ ਥੋੜਾ ਬਹੁਤ ਭਰੋਸਾ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਕੈਪਟਨ ਤੇ ਉਸਦਾ ਪ੍ਰਸ਼ਾਸਨ ਪਹਿਲੇ ਦਿਨ ਤੋਂ ਹੀ ਅਜਿਹਾ ਸੰਕੇਤ ਸਾਫ਼ ਤੇ ਸਪੱਸ਼ਟ ਰੂਪ ‘ਚ ਦੇ ਦੇਵੇ ਕਿ ਹੁਣ ਗੁੰਡਾ ਰਾਜ ਲਈ ਪੰਜਾਬ ‘ਚ ਕੋਈ ਥਾਂ ਨਹੀਂ, ਗੁੰਡਾਗਰਦੀ ਕਰਨ ਵਾਲੇ ਭਾਵੇਂ ਕੋਈ ਵੀ ਹੋਣ, ਉਹਨਾਂ ਵਿਰੁੱਧ ਕਾਨੂੰਨ ਦਾ ਡੰਡਾ ਆਪਣਾ ਕੰਮ ਬਾਖ਼ੂਬੀ ਕਰੇਗਾ। ਜੇ ਇਸ ਤਰਾਂ ਦਾ ਸੰਕੇਤ ਸਿਆਸੀ ਸਫ਼ਾਂ ਤੇ ਅਫ਼ਸਰਸ਼ਾਹੀ ‘ਚ ਚਲਾ ਜਾਂਦਾ ਹੈ ਤਾਂ ਪੰਜਾਬ ‘ਚ ਨਸ਼ਿਆਂ ਨੂੰ ਠੱਲ ਪੈਣੀ, ਮਾਫ਼ੀਏ ਤੇ ਨਕੇਲ ਕਸੀ ਜਾਣੀ, ਭ੍ਰਿਸ਼ਟਾਚਾਰ ਦਾ ਖ਼ਾਤਮਾ ਤੇ ਗੁੰਡਾ ਰਾਜ ਦਾ ਭੋਗ ਬਹੁਤਾ ਔਖਾ ਨਹੀਂ। ਪ੍ਰੰਤੂ ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਦ੍ਰਿੜ ਸ਼ਕਤੀ ਦਾ ਪ੍ਰਗਟਾਵਾ, ਅੱਜ ਤੋਂ ਹੀ ਕਰਨਾ ਪਵੇਗਾ। ਜਿਹੜਾ ਸੰਦੇਸ਼ ਸਰਕਾਰ ਬਾਰੇ ਪਹਿਲੇ ਦਿਨ ਆਮ ਪੰਜਾਬੀਆਂ ‘ਚ ਚਲਾ ਗਿਆ, ਉਹ ਆਉਂਦੇ 5 ਸਾਲ ਪ੍ਰਭਾਵੀ ਰਹੇਗਾ।
ਇਸ ਤੱਥ ਤੇ ਸੱਚ ਨੂੰ ਕੈਪਟਨ ਤੇ ਕਾਂਗਰਸ ਨੂੰ ਜ਼ਰੂਰ ਧਿਆਨ ‘ਚ ਰੱਖਣਾ ਚਾਹੀਦਾ ਹੈ।