ਡਾ. ਧਰਮਵੀਰ ਗਾਂਧੀ ਦੇ ਨਾਮ ਖੁੱਲੀ ਚਿੱਠੀ 

-ਡਾ. ਅਮਰ ਸਿੰਘ ਆਜ਼ਾਦ

ਡਾਕਟਰ ਸਾਹਿਬ ! ਪਿਛਲੇ ਕੁਝ ਮਹੀਨਿਆਂ ਤੋਂ ਤੁਸੀਂ ਲੱਗਭਗ ਹਰ ਰੋਜ਼ ਹੀ ਆਪਣੀ ਪਾਰਟੀ ਦੇ ਵਿਰੁਧ ਕੋਈ ਨਾਂ ਕੋਈ ਬਿਆਨ ਦੇਂਦੇ ਹੋ ਜਿਸ ਨਾਲ ਆਮ ਲੋਕਾਂ ਵਿਚ ਕਾਫੀ ਭੰਬਲ ਭੂਸਾ ਪੈ ਰਿਹਾ ਹੈ I ਮੈਂ ਇਸ ਸੰਦਰਭ ਵਿਚ ਤੁਹਾਨੂੰ ਕੁਝ ਸੁਆਲ ਪੁਛਣਾ ਚਾਹੁੰਦਾ ਹਾਂ I
1. ਜਦੋਂ ਤੁਸੀਂ ਆਪਣੀ ਪਾਰਟੀ ਨੂੰ ਅਸੂਲਾਂ ਤੋਂ ਥਿੜਕ ਜਾਣ ਦਾ ਮਿਹਣਾ ਮਾਰਦੇ ਹੋ ਤਾਂ ਤੁਹਾਡੇ ਮਨ ਵਿਚ ਕਿਹੜੀ ਪਾਰਟੀ ਹੁੰਦੀ ਹੈ ਜਿਸ ਨੂੰ ਆਦਰਸ਼ ਮੰਨ ਕੇ ਤੁਸੀਂ ਆਪਣੀ ਪਾਰਟੀ ਜਾਂ ਉਸ ਦੇ ਲੀਡਰਾਂ ਨੂੰ ਕੋਸਦੇ ਹੋ ?
2. ਕੀ ਤੁਸੀਂ ਕਿਸੇ ਅਜੇਹੀ ਪਾਰਟੀ ਦਾ ਨਾਮ ਲੈ ਸਕਦੇ ਹੋ ਜੋ ਉਹਨਾਂ ਆਦਰਸ਼ਾਂ ਤੇ ਖਰੀ ਉਤਰਦੀ ਹੋਵੇ ਜਿਨਾਂ ਅਸੂਲਾਂ ਤੇ ਖਰੇ ਨਾਂ ਉਤਰਣ ਦਾ ਮੇਹਣਾ ਤੁਸੀਂ ਆਪਣੀ ਪਾਰਟੀ ਨੂੰ ਮਾਰਦੇ ਹੋ ?
3. ਜੇਕਰ ਅਜੇਹੀ ਕੋਈ ਪਾਰਟੀ ਹੈ ਤਾਂ ਤੁਸੀਂ ਉਸ ਵਿਚ ਸ਼ਾਮਲ ਕਿਓਂ ਨਹੀਂ ਹੁੰਦੇ ?
4. ਜੇਕਰ ਕੋਈ ਵੀ ਪਾਰਟੀ ਤੁਹਾਡੇ ਅਸੂਲਾਂ ਦੇ ਹਾਣ ਦੀ ਨਹੀਂ ਤਾਂ ਤੁਸੀਂ ਆਪਣੀ ਪਾਰਟੀ ਕਿਓਂ ਨਹੀਂ ਬਣਾਉਂਦੇ ?
5. ਕੀ ਤੁਸੀਂ ਜਾਂ ਤੁਹਾਡੇ ਦੋਸਤ ਅਜੇਹੀ ਆਦਰਸ਼ ਪਾਰਟੀ ਬਣਾਉਣ ਦੇ ਸਮਰਥ ਹਨ ਜਿਹੜੀ ਤੁਹਾਡੇ ਅਸੂਲਾਂ ਤੇ ਚੱਲ ਸਕਦੀ ਹੋਵੇ, ਜਿਸ ਵਿਚ ਤੁਸੀਂ ਸਹਿਜ ਮਹਿਸੂਸ ਕਰ ਸਕੋ ਅਤੇ ਜੋ ਸਾਰਥਕ ਅਤੇ ਕਾਰਗਰ ਬਦਲ ਬਣਨ ਦੀ ਸਮਰਥਾ ਰਖਦੀ ਹੋਵੇ ?
6. ਤੁਸੀਂ ਵਿਦਿਆਰਥੀ ਜੀਵਨ ਤੋਂ ਜਿਹਨਾਂ ਪਾਰਟੀਆਂ ਨਾਲ ਜੁੜੇ ਰਹੇ ਹੋ ਕੀ ਉਹ ਤੁਹਾਡੀਆਂ ਨਜ਼ਰਾਂ ਵਿਚ ਆਦਰਸ਼ ਪਾਰਟੀਆਂ ਸਨ ? ਉਹਨਾਂ ਪਾਰਟੀਆਂ ਦਾ ਅਲਟੀਮੇਟ ਹਸ਼ਰ ਕੀ ਹੋਇਆ ? ਅੱਜ ਉਹ ਪਾਰਟੀਆਂ ਕਿਥੇ ਹਨ ਅਤੇ ਕਿਸ ਅਵਸਥਾ ਵਿੱਚ ਹਨ ? ਉਹਨਾਂ ਪਾਰਟੀਆਂ ਬਾਰੇ ਹੁਣ ਤੁਹਾਡੇ ਕੀ ਵਿਚਾਰ ਹਨ ?
7. ਜੇ ਉਹ ਆਦਰਸ਼ ਪਾਰਟੀਆਂ ਸਨ ਤਾਂ ਤੁਸੀਂ ਉਹਨਾਂ ਨੂੰ ਛੱਡ ਕੇ ਇੱਕ ਅਜੇਹੀ ਪਾਰਟੀ ਵਿੱਚ ਸ਼ਾਮਲ ਕਿਉਂ ਹੋਏ ਜਿਸ ਦੇ ਅਸੂਲ ਤੁਹਾਨੂੰ ਪਸੰਦ ਨਹੀਂ ?
8. ਜੇ ਉਹ ਆਦਰਸ਼ ਪਾਰਟੀਆਂ ਨਹੀਂ ਸਨ ਤਾਂ ਕੀ ਤੁਸੀਂ ਉਹਨਾਂ ਪਾਰਟੀਆਂ ਦੇ ਵਿਰੁਧ ਵੀ ਜਨਤਕ ਤੌਰ ਤੇ ਬਿਆਨਬਾਜ਼ੀ ਕਰਦੇ ਰਹੇ ਹੋਵੋਗੇ ? ਕੀ ਤੁਹਾਡੀ ਨੁਕਤਾਚੀਨੀ ਨਾਲ ਉਹਨਾਂ ਪਾਰਟੀਆਂ ਵਿਚ ਕੋਈ ਸੁਧਾਰ ਹੋਇਆ ?
9. ਕੀ ਤੁਸੀਂ ਇਹ ਸੋਚਣ ਦੀ ਲੋੜ ਨਹੀਂ ਸਮਝਦੇ ਕਿ ਤੁਹਾਡੀ ਇਹ ਬੇਲੋੜੀ ਦੂਸ਼ਨਬਾਜੀ ਕਿਹਨਾਂ ਸ਼ਕਤੀਆਂ ਦੇ ਹਿੱਤ ਪੂਰ ਰਹੀ ਹੈ ?
10. ਅੱਜ ਪੰਜਾਬ ਹਰ ਪਖੋਂ ਅੱਤ ਦੇ ਗਹਿਰੇ ਸੰਕਟ ਵਿੱਚ ਹੈ I ਪੰਜਾਬ ਦੇ ਲੋਕ ਇਸ ਸੰਕਟ ਵਿਚੋਂ ਨਿਕਲਣ ਲਈ ਬੇਚੈਨ ਹਨ I ਅਜੇਹੇ ਘੁੱਪ ਹਨੇਰੇ ਵਿਚ ਉਹਨਾਂ ਨੂੰ ਕੋਈ ਆਸ ਦੀ ਕਿਰਨ ਦਿਸੀ ਹੈ ਤਾਂ ਕੀ ਸਾਡਾ ਸਭ ਦਾ ਇਹ ਫਰਜ਼ ਨਹੀਂ ਬਣਦਾ ਕਿ ਅਸੀਂ ਇਕ ਸਾਰਥਕ ਅਤੇ ਕਾਰਗਰ ਰਾਜਸੀ ਬਦਲ ਉਸਾਰਨ ਵਿਚ ਆਪਣਾਂ ਰੋਲ ਨਿਭਾਈਏ ਜੋ ਕਿ ਪੰਜਾਬ ਨੂੰ ਇਸ ਗਹਿਰੇ ਸੰਕਟ ਚੋਂ ਕਢਣ ਦਾ ਜ਼ਰੀਆ ਬਣੇI
11. ਕੀ ਇਹ ਜ਼ਰੂਰੀ ਹੈ ਕਿ ਅਸੀਂ ਕੁਝ ਕਾਲਪਨਿਕ ਆਦਰਸ਼ ਅਸੂਲਾਂ ਦੀ ਕਸੌਟੀ ਲੈਕੇ ਆਪਣੀ ਹੀ ਪਾਰਟੀ ਦੇ ਨੇਤਾਵਾਂ ਨੂੰ ਜਨਤਕ ਤੌਰ ਤੇ ਭੰਡੀ ਜਾਈਏ ਜਿਹਨਾਂ ਆਦਰਸ਼ ਅਸੂਲਾਂ ਦੇ ਨੇੜੇ-ਤੇੜੇ ਵੀ ਕੋਈ ਰਾਜਸੀ ਪਾਰਟੀ ਅਜੇ ਤੱਕ ਨਹੀਂ ਪਹੁੰਚੀ ?
12. ਕੀ ਬਿਨਾਂ ਜਨਤਕ ਬਿਆਨਬਾਜ਼ੀ ਦੇ ਪਾਰਟੀ ਦੇ ਵਿੱਚ ਰਹਿੰਦੇ ਹੋਏ ਇਹ “ ਅਸੂਲਾਂ ਦੀ ਲੜਾਈ ਨਹੀਂ ਲੜੀ ਜਾ ਸਕਦੀ ? ”
13. ਜੇਕਰ ਤੁਸੀਂ ਸਮਝਦੇ ਹੋ ਕਿ ਤੁਹਾਡੀ ਪਾਰਟੀ ਇੰਨੀ ਹੀ ਗਰਕ ਗਈ ਹੈ ਕਿ ਉਸ ਵਿਚ ਕੋਈ ਸੁਧਾਰ ਨਹੀਂ ਹੋ ਸਕਦਾ ਤਾਂ ਤੁਸੀਂ ਪਾਰਟੀ ਤੋਂ ਅਸਤੀਫਾ ਕਿਉਂ ਨਹੀਂ ਦੇ ਦਿੰਦੇ ?