ਟੋਪੀ ਪਾ ਕੇ ਜਾ ਸਕਦੇ ਹੋ ਸ੍ਰੀ ਹਰਿਮੰਦਰ ਸਾਹਿਬ

ਬਡੂੰਗਰ ਨੇ ਬਦਲੇ ਮੱਕੜ ਦੇ ਫੈਸਲੇ
-ਅਮਨਦੀਪ ਹਾਂਸ
.. ਮੈਂ ਰਾਹਾਂ ਤੇ ਨਹੀਂ ਤੁਰਦਾ
ਮੈਂ ਤੁਰਦਾਂ ਤਾਂ ਰਾਹ ਬਣਦੇ
ਸੁਰਜੀਤ ਪਾਤਰ ਸਾਹਿਬ ਨੇ ਇਹ ਸਤਰਾਂ ਹਵਾਵਾਂ ਦੇ ਰੁਖ ਦੇ ਉਲਟ ਤੁਰਨ ਵਾਲਿਆਂ ਦੇ ਹੱਕ ‘ਚ ਉਕਰੀਆਂ ਸਨ,
ਪਰ ਮਨੁੱਖ ਕਾਸੇ ਨੂੰ ਵੀ ਆਪਣੇ ਮਤਲਬ ਅਨੁਸਾਰ ਢਾਲ ਲੈਂਦਾ ਹੈ,. ਆਪਾਂ ਵੀ ਇਹਨਾਂ ਨੂੰ ਮੋਦੀ ਜੀ ਦੀ ਟੋਪੀ ਵਾਲੇ ਵਰਤਾਰੇ ਨਾਲ ਜੋੜ ਲੈਂਦੇ ਹਾਂ. ਮੋਦੀ ਜੀ ਟੋਪੀ ਪਾ ਕੇ ਸ੍ਰੀ ਹਰਿਮੰਦਰ ਸਾਹਿਬ ਕੀ ਆਏ ਮਰਿਆਦਾ ਵਾਲੇ ਰਾਹ ਹੀ ਬਦਲ ਦਿੱਤੇ ਗਏ। ਹੁਣ ਸ਼ਰਧਾਲੂ ਟੋਪੀ ਪਾ ਕੇ ਸ੍ਰੀ ਦਰਬਾਰ ਸਾਹਿਬ ਜਾ ਸਕਦੇ ਨੇ, ਨਵੇਂ ਪ੍ਰਧਾਨ ਜੀ ਵੱਡਿਓਂ ਵੱਡੀ ਸਰਕਾਰ ਨਾਲ ਪੂਰੀ ਵਫਾ ਦਿਖਾਉਣ ਲੱਗੇ ਨੇ, ਤੇ ਚੋਣਾਂ ਦੇ ਮੱਦੇਨਜ਼ਰ ਅਹਿਮ ਫੈਸਲੇ ਲਏ ਜਾ ਰਹੇ ਨੇ।
ਐਸ ਜੀ ਪੀ ਸੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਜੋ ਖੁਦ ਨੂੰ ਬਾਦਲ ਦਲ ਦਾ ਵਫਾਦਾਰ ਸਿਪਾਹੀ ਦੱਸਦੇ ਆ ਰਹੇ ਨੇ, ਉਹਨਾਂ ਨੇ ਬਹੁਤ ਸਾਰੇ ਫੈਸਲੇ ਕੀਤੇ ਜਿਹਨਾਂ ‘ਤੇ ਪ੍ਰੋ ਕਿਰਪਾਲ ਸਿੰਘ ਬਡੂੰਗਰ ਦੀ ਕੈਂਚੀ ਚੱਲਦੀ ਜਾ ਰਹੀ ਹੈ।
ਵੱਡੇ ਬਾਦਲ ਦਾ ਸਨਮਾਨ ਨਾ ਕਰਨ ਵਾਲੇ ਅਰਦਾਸੀਏ ਸਿੰਘ ਭਾਈ ਬਲਬੀਰ ਸਿੰਘ ਨੂੰ ਬਹਾਲ ਕਰ ਦਿੱਤਾ ਗਿਆ ਹੈ. ਮੱਕੜ ਜੀ ਦੀ ਪ੍ਰਧਾਨਗੀ ਵਕਤ ਦਰਬਾਰ ਸਾਹਿਬ ਵਿੱਚ ਟੋਪੀ ਪਾ ੇਕ ਆਉਣ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ। ਹਾਲਾਂਕਿ ਪ੍ਰੋ ਬਡੂੰਗਰ ਨੇ ਆਪਣੇ ਇਹਨਾਂ ਫੈਸਲਿਆਂ ਬਾਰੇ ਕੋਈ ਟਿਪਣੀ ਨਹੀਂ ਕੀਤੀ, ਪਰ ਸੂਤਰ ਦਾਅਵਾ ਕਰ ਰਹੇ ਨੇ ਕਿ ਬਾਦਲ ਦਲ ਤੇ ਐਸ ਜੀ ਪੀ ਸੀ ਚੋਣਾਂ ਦੇ ਮੱਦੇਨਜਰ ਆਪਣਾ ਅਕਸ ਸੁਧਾਰਨ ਤੇ ਪੰਥਕ ਹਲਕਿਆਂ ਵਿੱਚ ਤੇ ਆਮ ਸਿੱਖਾਂ ਵਿੱਚ ਆਪਣੀ ਪੈਂਠ ਬਣਾਉਣ ਲਈ ਇਹੋ ਜਿਹੇ ਫੈਸਲੇ ਕਰਨ ਲੱਗੇ ਨੇ।