• Home »
  • ਚਲੰਤ ਮਾਮਲੇ
  • » ਕੈਪਟਨ ‘ਤੇ ਇੰਗਲੈਂਡ ਵਿਚਲੇ ਕਰੋੜਾਂ ਦੇ ਅਸਾਸੇ ਲੁਕਾਉਣ ਦਾ ਦੋਸ਼

ਕੈਪਟਨ ‘ਤੇ ਇੰਗਲੈਂਡ ਵਿਚਲੇ ਕਰੋੜਾਂ ਦੇ ਅਸਾਸੇ ਲੁਕਾਉਣ ਦਾ ਦੋਸ਼

ਅਮਰਿੰਦਰ ਸਿੰਘ ਮਹਾਰਾਜਾ ਹੈ ਜਾਂ ਪਰਚੂਨ ਵਾਲਾ ਦੁਕਾਨਦਾਰ: ਸਿਰਸਾ
-ਪੰਜਾਬੀਲੋਕ ਬਿਊਰੋ
”ਲੋਕਾਂ ਵਿਚ ਮਹਾਰਾਜਾ ਬਣ ਕੇ ਘੁੰਮਣ ਵਾਲਾ ਅਮਰਿੰਦਰ ਸਿੰਘ ਆਪਣੇ ਹਲਫੀਆ ਬਿਆਨਾਂ ਵਿਚ ਇੱਕ ਪਰਚੂਨ ਦੇ ਦੁਕਾਨਦਾਰ ਜਿੰਨੀ ਕਮਾਈ ਕਰਨ ਵਾਲਾ ਬਣ ਕੇ ਪੇਸ਼ ਹੁੰਦਾ ਹੈ।  ਇਸ ਦੀ ਤਾਜ਼ਾ ਮਿਸਾਲ ਹੈ ਕਿ ਇੰਗਲੈਂਡ ਵਿਚਲੇ ਇੱਕ 460 ਕਰੋੜ ਦੇ ਅਸਾਸਿਆਂ ਵਾਲੇ ਟਰੱਸਟ ਵਿਚ ਹਿੱਸੇਦਾਰੀ ਰੱਖਣ ਵਾਲੇ ਪੰਜਾਬ ਕਾਂਗਰਸ ਪ੍ਰਧਾਨ ਨੇ ਵਿੱਤੀ ਸਾਲ 2012-13 ਦੌਰਾਨ ਆਪਣੀ ਸਾਲਾਨਾ ਆਮਦਨ ਸਿਰਫ 12 ਲੱਖ ਦਿਖਾਈ ਸੀ।” ਇਹ ਤਿੱਖੇ ਸ਼ਬਦੀ ਤੀਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਨੇ ਚਲਾਏ।  ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਦੀਆਂ ਆਮਦਨ ਕਰ ਰਿਟਰਨਾਂ ਤੋਂ ਇਹ ਝਲਕ ਮਿਲਦੀ ਹੈ  ਕਿ ਉਹ ਕੋਈ ਮਹਾਰਾਜਾ ਨਹੀਂ ਹੈ, ਸਗੋਂ ਇੱਕ ਪਰਚੂਨ ਵਾਲਾ ਦੁਕਾਨਦਾਰ ਹੈ।  ਉਹਨਾਂ ਕਿਹਾ ਕਿ ਆਮਦਨ ਕਰ ਵਿਭਾਗ ਦੁਆਰਾ ਦਰਜ ਕੀਤੀ ਚਾਰਜਸ਼ੀਟ ਨਾਲ ਇਹ ਗੱਲ ਚਿੱਟੇ ਦਿਨ ਵਾਂਗ ਸਭ ਨੂੰ ਸਾਫ ਹੋ ਗਈ ਹੈ ਕਿ ਇੰਨੇ ਸਾਲਾਂ ਤੋਂ ਅਮਰਿੰਦਰ ਸਿੰਘ ਇਨਕਮ ਟੈਕਸ ਵਾਲਿਆਂ ਤੋਂ ਆਪਣੀ ਅਸਲੀ ਆਮਦਲ ਛਿਪਾਉੁਂਂਦਾ ਆ ਰਿਹਾ ਹੈ।  ਜਦਕਿ ਅਸਲੀਅਤ ਇਹ ਹੈ ਕਿ ਉਹ ਆਪਣਾ ਲੁੱਟ-ਖਸੁੱਟ ਦਾ ਪੈਸਾ ਸਵਿਸ ਅਤੇ ਦੂਜੇ ਬੈਂਕਾਂ ਵਿਚ ਜਮਾਂ ਕਰਦਾ ਰਿਹਾ ਹੈ।  ਸਿਰਸਾ ਨੇ ਕਿਹਾ ਕਿ ਆਮਦਨ ਕਰ ਵਿਭਾਗ ਦੁਆਰਾ ਇਸ ਗੜਬੜ ਬਾਰੇ ਪੁੱਛੇ ਸਵਾਲਾਂ ਦੇ ਜੁਆਬ ਦੇਣ ਦੀ ਥਾਂ ਅਮਰਿੰਦਰ ਸਿੰਘ ਨੇ ਮੰਤਰਾਲੇ ਅਤੇ ਅਧਿਕਾਰੀਆਂ ਵਿਰੁੱਧ ਬੇਬੁਨਿਆਦ ਦੋਸ਼ ਲਗਾਉਣੇ ਸ਼ੁਰੁ ਕਰ ਦਿੱਤੇ ਹਨ।  ਸਿਰਸਾ ਨੇ ਕਿਹਾ ਕਿ ਅਮਰਿੰਦਰ ਸਿੰਘ ਆਪਣਾ 25 ਏਕੜ ਵਿਚ ਫੈਲਿਆ ਮੋਤੀ ਮਹਿਲ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਰੱਖੇ ਸਟਾਫ ਦੇ ਖਰਚੇ ਇੱਕ ਲੱਖ ਦੀ ਨਿਗੂਣੀ ਆਮਦਨ ਨਾਲ ਕਿਸ ਤਰਾਂ ਪੂਰੇ ਕਰਦਾ ਹੈ? ਜਦਕਿ ਉਹ ਰੂਟੀਨ ਵਿਚ ਵਿਦੇਸ਼ਾਂ ਦੇ ਚੱਕਰ ਲਗਾਉਂਦਾ ਹੈ।  ਉਸ ਕੋਲ ਵਿਦੇਸ਼ੀ ਮਹਿਮਾਨਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ।  ਇੱਥੋਂ ਤੱਕ ਕਿ ਉਸ ਦੇ ਮੋਤੀ ਮਹਿਲ ਦੇ ਬਿਜਲੀ ਅਤੇ ਪਾਣੀ ਦੇ ਬਿੱਲ ਵੀ ਮਹਾਰਾਜੇ ਦੁਆਰਾ ਹਲਫੀਆ ਬਿਆਨ ਵਿਚ ਦੱਸੀ ਗਈ ਆਮਦਨ ਤੋਂ ਕਿਤੇ ਵਧੇਰੇ ਦੇ ਹਨ।  ਅਕਾਲੀ ਆਗੂ ਨੇ ਕਿਹਾ ਕਿ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਵੀ ਉਸ ਵਕਫੇ ਦੌਰਾਨ ਆਪਣੀ ਸਾਲਾਨਾ ਆਮਦਨ 25 ਲੱਖ ਰੁਪਏ ਦਿਖਾਈ ਹੈ, ਜਦਕਿ ਉਸ ਨੂੰ ਵਿਦੇਸ਼ ਮੰਤਰੀ ਵਜੋਂ ਮੋਟੀ ਤਨਖਾਹ ਮਿਲਦੀ ਸੀ।  ਅਮਰਿੰਦਰ ਸਿੰਘ ਨੇ 2006-07 ਦੌਰਾਨ ਆਪਣੇ ਨਿੱਜੀ ਇਨਕਮ ਟੈਕਸ ਵਜੋਂ 5.19 ਲੱਖ ਅਤੇ ਸਾਂਝੇ ਪਰਿਵਾਰ ਦੇ ਇਨਕਮ ਟੈਕਸ ਵਜੋਂ  1.54 ਲੱਖ ਅਦਾ ਕੀਤੇ ਵਿਖਾਏ ਸਨ।
ਸਿਰਸਾ ਨੇ ਕਿਹਾ ਕਿ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਤੋਂ ਪੈਸਾ ਇਕੱਠਾ ਕਰਕੇ ਨਾ ਸਿਰਫ ਵਿਦੇਸ਼ਾਂ ਵਿਚ ਆਪਣੇ ਖਾਤੇ ਭਰੇ ਸਨ, ਸਗੋਂ ਦੁਬਈ ਵਿਚ ਫਲੈਟ ਵੀ ਖਰੀਦਿਆ ਸੀ।  ਉਸ ਨੂੰ ਇਸ ਪੈਸੇ ਦਾ ਹਿਸਾਬ ਦੇਣਾ ਪਵੇਗਾ।
ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਵੱਲੋਂ ਆਪਣੇ ਖਿਲਾਫ ਆਮਦਨ ਕਰ ਵਿਭਾਗ ਵੱਲੋਂ ਦਰਜ ਚਾਰਜਸ਼ੀਟ ਨੂੰ ਸਿਆਸੀ ਬਦਲਾਖੋਰੀ ਦਾ ਨਾਂ ਦੇ ਕੇ ਮਾਮਲੇ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਅਤੇ ਪੁੱਤਰ ਰਣਇੰਦਰ ਸਿੰਘ ਵਿਰੁੱਧ ਸੰਪਤੀ ਦੇ ਮਾਮਲੇ ਨੂੰ ਲੈ ਕੇ ਪੜਤਾਲ ਉਸ ਯੂਪੀਏ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ, ਜਿਸ ਵਿਚ ਪਰਨੀਤ ਕੌਰ ਖੁਦ ਵਿਦੇਸ਼ ਮੰਤਰੀ ਸੀ।  ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਦੋਵੇਂ ਮਾਂ-ਪੁੱਤ ਤੋਂ ਉਹਨਾਂ ਦੇ ਸਵਿਟਜ਼ਰਲੈਂਡ ਅਤੇ ਦੁਬਈ ਵਿਚਲੇ ਬੈਂਕ ਖਾਤਿਆਂ ਬਾਰੇ ਜਾਣਕਾਰੀ ਲੈਣ ਲਈ 2011 ਵਿਚ ਸਹਿਮਤੀ ਫਾਰਮ ਭਰਨ ਲਈ ਕਿਹਾ ਸੀ। ਆਮਦਨ ਕਰ ਵਿਭਾਗ ਦੀ ਚਾਰਜਸ਼ੀਟ ਮੁਤਾਬਿਕ ਅਮਰਿੰਦਰ ਸਿੰਘ  ਦੀ ਇੰਗਲੈਂਡ ਵਿਚਲੇ 460 ਕਰੋੜ ਦੇ ਅਸਾਸਿਆਂ ਵਾਲੇ ਜਕਰਾਂਦਾ ਟਰੱਸਟ ਅਤੇ ਇਸ ਦੀਆਂ ਸਹਿਯੋਗੀ ਕੰਪਨੀਆਂ ਵਿਚ ਹਿੱਸੇਦਾਰੀ ਹੈ ਅਤੇ ਰਣਇੰਦਰ ਸਿੰਘ ਵੀ ਇਸ ਵਿਚ ਹਿੱਸੇਦਾਰ ਹੈ।
ਚਾਰਜਸ਼ੀਟ ਵਿਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ  ਅਮਰਿੰਦਰ ਨੇ ਆਪਣੇ ਦੁਬਈ ਵਿਚਲੇ 9 ਕਰੋੜ ਦੀ ਕੀਮਤ ਵਾਲੇ ਫਲੈਟ ਨੂੰ ਫਰਕਸ ਐਸੇਟ ਹੋਲਡਿੰਗ ਪ੍ਰਾਈਵੇਟ ਦੇ ਨਾਂ ਤਬਦੀਲ ਕੀਤਾ ਹੈ ਜਦਕਿ ਮਹਾਰਾਜਾ ਇਸ ਤਬਾਦਲੇ ਤੋਂ ਮੁੱਕਰ ਰਿਹਾ ਹੈ।  ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਕੋਲ ਇਸ ਤਬਾਦਲੇ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਮੌਜੂਦ ਹਨ। ਸਿਰਸਾ ਨੇ ਕਿਹਾ ਕਿ ਕੈਪਟਨ ਕੋਲ ਬਚਣ ਦਾ ਕੋਈ ਰਾਹ ਨਹੀਂ ਹੈ।