ਆਪ ਦੇ ਚੋਣ ਲੜਨ ‘ਤੇ ਲੱਗੇ ਪਾਬੰਦੀ-ਕੈਪਟਨ

ਆਪ ਵਲੰਟੀਅਰਾਂ ਨੇ ਪਾਰਟੀ ਖਿਲਾਫ ਖੋਲਿਆ ਮੋਰਚਾ
-ਪੰਜਾਬੀਲੋਕ ਬਿਊਰੋ
ਸ਼ੋਸ਼ਣ ਚੋਣਾਂ ਦੀ ਗੱਲ ਤੁਰੀ ਹੈ ਤਾਂ ਕਪਤਾਨ ਸਾਹਿਬ ਦੀ ਵੀ ਸੁਣਦੇ ਜਾਓ, ਕਹਿੰਦੇ ਆਮ ਆਦਮੀ ਪਾਰਟੀ ‘ਤੇ ਚੋਣ ਲੜਨ ਤੋਂ ਰੋਕ ਲਾਈ ਜਾਵੇ, ਤੇ ਅਰਵਿੰਦ ਕੇਜਰੀਵਾਲ ਤੇ ਹੋਰ ਨੇਤਾਵਾਂ ਖਿਲਾਫ ਲੱਗੇ ਨਸ਼ਾਖੋਰੀ, ਭ੍ਰਿਸ਼ਟਾਚਾਰ ਤੇ ਹੋਰ ਦੋਸ਼ਾਂ ਦੀ ਕਿਸੇ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਈ ਜਾਵੇ। ਕੈਪਟਨ ਅਮਰਿੰਦਰ ਸਿੰਘ ਆਮ ਆਦਮੀ ਪਾਰਟੀ ‘ਚ ਟਿਕਟਾਂ ਦੀ ਵੰਡ ਨੂੰ ਲੈ ਕੇ, ਵਿਕਰੀ ਨੂੰ ਲੈ ਕੇ, ਫੰਡਾਂ ‘ਚ ਘਾਲੇ ਮਾਲੇ ਨੂੰ ਲੈ ਕੇ ਪਾਰਟੀ ਨੇਤਾਵਾਂ ਵਲੋਂ ਹੀ ਲਾਏ ਜਾ ਰਹੇ ਦੋਸ਼ਾਂ ਬਾਰੇ ਟਿੱਪਣੀ ਕਰ ਰਹੇ ਸਨ। ਅਸਲ ‘ਚ ਆਪ ਦੇ ਜ਼ੀਰਾ ਜ਼ੋਨਲ ਇੰਚਾਰਜ ਦੀ ਅਗਵਾਈ ‘ਚ 35 ਪਾਰਟੀ ਵਰਕਰਾਂ ਨੇ ਕੇਜਰੀਵਾਲ ਨੂੰ 48 ਘੰਟੇ ਦਾ ਅਲਟੀਮੇਟਮ ਦਿੰਦਿਆਂ ਪੰਜਾਬ ਵਿਚੋਂ ਇਕੱਠੇ ਕੀਤੇ ਗਏ ਫੰਡਾਂ ਦੀ ਖਰਚਿਆਂ ਸਮੇਤ ਜਾਣਕਾਰੀ ਦੇਣ ਨੂੰ ਕਿਹਾ ਹੈ। ਪੈਸੇ ਲੈ ਕੇ ਟਿਕਟਾਂ ਦੇਣ ਦਾ ਦੋਸ਼ ਲਾਇਆ ਹੈ।
ਭੋਆ ਤੋਂ ਵਿਨੋਦ ਕੁਮਾਰ ਤੇ ਧਰਮਕੋਟ ਤੋਂ ਰਣਜੋਤ ਸਿੰਘ ਸਰਾਂ ਨੇ ਪਾਰਟੀ ‘ਤੇ ਟਿਕਟਾਂ ਵੇਚਣ ਦੇ ਉਦੋਂ ਦੋਸ਼ ਲਾਏ ਨੇ, ਜਦੋਂ ਕੁਝ ਵਿਵਾਦਾਂ ਦੇ ਚੱਲਦਿਆਂ ਦੋਵਾਂ ਤੋਂ ਟਿਕਟਾਂ ਵਾਪਸ ਲੈ ਲਈਆਂ ਗਈਆਂ।
ਹੁਸ਼ਿਆਰਪੁਰ ਤੋਂ ਪਾਰਟੀ ਦੇ ਐਨ ਆਰ ਆਈ ਵਿੰਗ ਤੇ ਫੰਡ ਰੇਜ਼ਿੰਗ ਦੇ ਕੋਆਰਡੀਨੇਟਰ ਵੀਰੇਂਦਰ ਸਿੰਘ ਪਰਿਹਾਰ ਨੇ ਕੇਜਰੀਵਾਲ ਦੇ ਨੌਂਅ ਖੁੱਲਾ ਖਤ ਲਿਖਿਆ ਹੈ ਤੇ ਦੋਸ਼ ਲਾਇਆ ਹੈ ਕਿ ਪੰਜਾਬ ਵਿਚੋਂ ਨਜਾਇਜ਼ ਤਰੀਕੇ ਨਾਲ 200 ਕਰੋੜ ਰੁਪਏ ਇਕੱਠੇ ਕੀਤੇ ਗਏ, ਪਰਿਹਾਰ ਨੇ ਕਿਹਾ ਹੈ ਕਿ ਪਾਰਟੀ ਪੰਜਾਬ ਨੂੰ ਇਕ ਮਹੀਨੇ ‘ਚ ਨਸ਼ਾ ਮੁਕਤ ਕਰਨ ਦੀ ਗੱਲ ਕਰ ਰਹੀ ਹੈ, ਜਦਕਿ ਜਿਹੜੇ ਨੇਤਾ ਪੰਜਾਬ ਭੇਜੇ ਨੇ ਉਹ ਅਫੀਮ ਤੇ ਸ਼ਰਾਬ ਦੇ ਸ਼ੌਕੀਨ ਨੇ।
ਪਾਰਟੀ ਲੀਡਰਾਂ ਵਲੋਂ ਲਾਏ ਜਾ ਰਹੇ ਇਹਨਾਂ ਦੋਸ਼ਾਂ ਦਾ ਜ਼ਿਕਰ ਕਰਦਿਆਂ ਕੈਪਟਨ ਨੇ ਕਿਹਾ ਹੈ ਕਿ ਹੁਣ ਤਾਂ ਕੋਈ ਸ਼ੱਕ ਰਹਿ ਹੀ ਨਹੀਂ ਗਿਆ ਕਿ ਆਪ ਦਾ ਮਕਸਦ ਚੋਣਾਂ ਵਿੱਚ ਪੈਸੇ ਕਮਾਉਣਾ ਹੈ, ਕਪਤਾਨ ਸਾਹਿਬ ਨੇ ਸਰੇਆਮ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਨੇਤਾ ਤਾਂ ਟਿਕਟ ਦੀਆਂ ਚਾਹਵਾਨ ਔਰਤਾਂ ਤੋਂ ਜਿਸਮਾਨੀ ਸੰਬੰਧਾਂ ਦੀ ਡਿਮਾਂਡ ਕਰਦੇ ਨੇ।