• Home »
  • ਚਲੰਤ ਮਾਮਲੇ
  • » ਪੁਰਾਤਨ ਰੂਪ ‘ਚ ਸੁਰੱਖਿਅਤ ਹੈ ਦਰਬਾਰ ਸਾਹਿਬ ਦੀ ਮੀਨਾਕਾਰੀ

ਪੁਰਾਤਨ ਰੂਪ ‘ਚ ਸੁਰੱਖਿਅਤ ਹੈ ਦਰਬਾਰ ਸਾਹਿਬ ਦੀ ਮੀਨਾਕਾਰੀ

ਦਰਬਾਰ ਸਾਹਿਬ ਦੀ ਮੀਨਾਕਾਰੀ ਸਬੰਧੀ ਚੱਲ ਰਹੀ ਚਰਚਾ ‘ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਦਰਬਾਰ ਸਾਹਿਬ ਵਿਖੇ ਹੋਈ ਮੀਨਾਕਾਰੀ ਕੋਈ ਨਵੀਂ ਨਹੀਂ ਹੈ ਜੋ ਇਸ ਨੂੰ ਬਦਲ ਦਿੱਤਾ ਜਾਵੇ, ਸਗੋਂ ਇਹ ਤਾਂ ਪੁਰਾਤਨ ਸਮੇਂ ਤੋਂ ਇਸੇ ਤਰਾਂ ਹੀ ਦ੍ਰਿਸ਼ਟਮਾਨ ਹੈ। ਉਹਨਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਇਸ ਸਬੰਧ ਵਿੱਚ ਵਿਵਾਦ ਪੈਦਾ ਕਰਨਾ ਤੱਥਹੀਣ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਫੋਕੀ ਸ਼ੋਹਰਤ ਪ੍ਰਾਪਤ ਕਰਨਾ ਅਤਿਅੰਤ ਮੰਦਭਾਗਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਮੀਨਾਕਾਰੀ, ਚਿੱਤਰਕਾਰੀ ਦੀ ਮੁਰੰਮਤ ਕਰਨ ਤੋਂ ਪਹਿਲਾਂ ਦੀਆਂ ਤਸਵੀਰਾਂ ਵੀ ਮੌਜੂਦ ਹਨ ਜੋ ਮੁਕੰਮਲ ਫੋਟੋਗ੍ਰਾਫੀ ਕਰਵਾ ਕੇ ਸੁਰੱਖਿਅਤ ਕੀਤੀਆਂ ਗਈਆਂ ਹਨ। ਮੱਕੜ ਨੇ ਕਿਹਾ ਕਿ ਦਰਬਾਰ ਸਾਹਿਬ ਦੀ ਭਵਨ ਕਲਾ ਅਨੂਪਮ ਤੇ ਵਿਲੱਖਣ ਹੈ ਅਤੇ ਇਥੇ ਚਿੱਤਰਕਲਾ ਦਾ ਨਿਰਮਾਣ ਵੀ ਅਧਿਆਤਮਿਕ ਵਾਯੂਮੰਡਲ ਪੈਦਾ ਕਰਦਾ ਹੈ।  ਉਹਨਾਂ ਕਿਹਾ ਕਿ ਪੁਰਾਤਨ ਮੀਨਾਕਾਰੀ ਸਮੇਂ ਕਲਾਕਾਰਾਂ ਵੱਲੋਂ ਕਲਾਕ੍ਰਿਤਾਂ ਵਿੱਚ ਸਾਧਕਾਂ, ਸੰਤਾਂ-ਮਹਾਂਪੁਰਸ਼ਾਂ ਅਤੇ ਅਧਿਆਤਮਿਕ ਮਾਰਗ ‘ਤੇ ਚੱਲਦੇ ਰਿਸ਼ੀਆਂ-ਮੁਨੀਆਂ ਨੂੰ ਚਿਤਰਿਆ ਜਾਂਦਾ ਸੀ।  ਅਜਿਹੀਆਂ ਕਲਾਕ੍ਰਿਤਾਂ ਕੇਵਲ ਅਧਿਆਤਮਿਕ ਵਾਤਾਵਰਣ ਸਿਰਜਣ ਲਈ ਹੀ ਬਣਾਈਆਂ ਜਾਂਦੀਆਂ ਸਨ ਨਾ ਕਿ ਕਿਸੇ ਖਾਸ ਧਰਮ ਦੀ ਪੇਸ਼ਕਾਰੀ ਲਈ।  ਉਹਨਾਂ ਕਿਹਾ ਕਿ ਅੱਜ ਕੁਝ ਲੋਕਾਂ ਦਾ ਮਕਸਦ ਭਾਵਨਾ ਸਮਝਣ ਦੀ ਥਾਂ ਆਪ ਹੁਦਰੇ ਅਰਥ ਕੱਢਣ ਵੱਲ ਕੇਂਦਰਤ ਹੋ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਇਹ ਮਸਲਾ ਕਿਸੇ ਦੀ ਕੁਤਾਹੀ ਨਾਲ ਜੁੜਿਆ ਹੁੰਦਾ ਤਾਂ ਉਹ ਕਾਰਵਾਈ ਕਰਨ ਤੋਂ ਗੁਰੇਜ ਨਾ ਕਰਦੇ, ਪਰ ਇਹ ਤਾਂ ਪੁਰਾਤਨਤਾ ਨੂੰ ਹੂਬਹੂ ਕਾਇਮ ਰੱਖਦਿਆਂ ਕਲਾਕ੍ਰਿਤਾਂ ਨੂੰ ਸੰਭਾਲਿਆ ਜਾ ਰਿਹਾ ਹੈ।  ਉਹਨਾਂ ਵਿਵਾਦ ਨੂੰ ਹਵਾ ਦੇਣ ਵਾਲਿਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਅਜਿਹੇ ਲੋਕਾਂ ਨੂੰ ਬਿਆਨ ਦੇਣ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਚਾਹੀਦੇ ਹਨ ਅਤੇ ਅੰਤਰੀਵ ਭਾਵਨਾ ਨਾਲ ਕਲਾਕ੍ਰਿਤਾਂ ਨੂੰ ਨਿਹਾਰਨਾ ਚਾਹੀਦਾ ਹੈ।  ਉਹਨਾਂ ਇਹ ਵੀ ਕਿਹਾ ਕਿ ਅਜਿਹੇ ਲੋਕਾਂ ਨੂੰ ਗੁਰਬਾਣੀ ਦੀ ਵਿਚਾਰਧਾਰਾ ‘ਤੇ ਅਮਲ ਕਰਦਿਆਂ ਮਾਨਵ ਸਰੋਕਾਰਾਂ ਨੂੰ ਅਮਲੀ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।  ਉਹਨਾਂ ਕਿਹਾ ਕਿ ਵਿਵਾਦ ਹਰ ਮਸਲੇ ਦਾ ਹੱਲ ਨਹੀਂ ਹੁੰਦਾ, ਸਗੋਂ ਯਥਾਰਥ ਨੂੰ ਸਵੀਕਾਰ ਕਰਨਾ ਹੀ ਸਿਆਣਪ ਹੈ।