ਮੌਤ ਦੀਆਂ ਬਰੂਹਾਂ ‘ਤੇ ਜ਼ਿੰਦਗੀ ਉਡੀਕ ਰਹੀ ਇਕ ਮਾਂ

-ਅਮਨਦੀਪ ਹਾਂਸ
ਬਾਬਾ ਨਜ਼ਮੀ ਸਾਹਿਬ ਆਂਹਦੇ ਨੇ..
ਬੇਰਾਂ ਵਾਲੀ ਬੇਰੀ ਸੁੱਕਦੀ ਜਾਂਦੀ ਏ
ਵਿਹੜੇ ਵਿਚੋਂ ਰੌਣਕ ਮੁੱਕਦੀ ਜਾਂਦੀ ਏ।
Ðਰੁੱਖਾਂ ਦੇ ਸਿਰ ਵੱਜਦੇ ਪਏ ਨੇ ਧਰਤੀ ਤੇ
ਕਿਸਰਾਂ ਮੰਨਾਂ ‘ਨੇਰੀ ਰੁਕਦੀ ਜਾਂਦੀ ਏ।
ਪੰਜਾਬ ਵੀ ਕਾਲ਼ੀ ਬੋਲ਼ੀ ‘ਨੇਰੀ ਦੀ ਮਾਰ ਝੱਲ ਰਿਹਾ ਹੈ। ਲੱਗਦਾ ਸੀ ਨਵੇਂ ਹਾਕਮਾਂ ਦੇ ਆਉਣ ਨਾਲ ਇਹ ਹਨੇਰੀ ਕੁਝ ਥੰਮੇਗੀ, ਪਰ ਇਹਦਾ ਜ਼ੋਰ ਤਾਂ ਸਗੋਂ ਹੋਰ ਵਧ ਗਿਆ ।
ਪੂਰੇ ਇਕ ਵਰ•ੇ ਬਾਅਦ ਇਕ ਵਾਰ ਫੇਰ ਚੋਹਲਾ ਸਾਹਿਬ ਗਏ ਤੇ ਆਪਣੀਆਂ ਹੀ ਪੈੜਾਂ ਮਿੱਧਦਿਆਂ ਚੋਹਲਾ ਸਾਹਿਬ ਦੀਆਂ ਸੁੰਨੀਆਂ ਗਲੀਆਂ ਚ ਮਾਂਵਾਂ ਦੀਆਂ ਆਂਦਰਾਂ ਦੇ ਵੈਣ ਖੌਰੇ ਸਾਨੂੰ ਈ ਸੁਣਦੇ ਨੇ।
ਭਾਈ ਅਦਲੀ ਕੀ ਪੱਤੀ ਚ ਪਤਾ ਨਹੀਂ ਕਿੰਨੇ ਦਹਾਕੇ ਪੁਰਾਣਾ ਇਕ ਘਰ ਹੈ। ਵੇਲਾ ਵਿਹਾ ਚੁੱਕਿਆ ਲੱਕੜ ਦਾ ਦਰ ਖੁੱਲਾ ਸੀ, ਇੱਟਾਂ ਬਾਲਿਆਂ ਦੀਆਂ ਡਿੰਗੂ ਡਿੰਗੂ ਕਰਦੀਆਂ ਛੱਤਾਂ ਵਾਲੇ ਬੋਡੇ ਜਿਹੇ ਕਮਰੇ ਮੂਹਰੇ ਉਦਾਸੇ ਜਿਹੇ ਵਿਹੜੇ ਚ ਅੰਮ੍ਰਿਤਧਾਰੀ ਮਾਤਾ ਕਿਸੇ ਦੀ ਉਡੀਕ ਚ ਬੈਠੀ ਜਾਪੀ।
60-62 ਸਾਲਾ ਮਾਤਾ ਸੁਖਰਾਜ ਕੌਰ ਨੂੰ ਹਾਲ ਪੁੱਛ ਬੈਠੇ ਤਾਂ ਜਿਵੇਂ ਓਹਦੇ ਦਿਲ ਦੇ ਛਾਲੇ ਫੇਹ ਦਿੱਤੇ ਹੋਣ, ਮਾਤਾ ਸਿਸਕਣ ਲੱਗੀ — ਕਾਹਦੇ ਹਾਲ..?? ਸਾਰੀ ਉਮਰ ਬੱਸ ਆਹੀ ਕੁਝ ਜਰਦੀ ਰਹੀ। ਸੋਚਿਆ ਸੀ ਚਾਰ ਪੁੱਤ ਨੇ, ਮੇਰੀ ਹੋਣੀ ਬਦਲ ਦੇਣਗੇ, ਪਰ..
ਇਕ ਹਉਕਾ ਜਿਹਾ ਭਰ ਕੇ ਮਾਤਾ ਨੇ ਦੱਸਿਆ ਕਿ ਉਹਦੇ ਘਰਵਾਲਾ ਗੁਰਚਰਨ ਸਿੰਘ ਫੌਜ ਚ ਨੌਕਰ ਸੀ, ਸ਼ਰਾਬ ਚ ਗੜੁੱਚ ਰਹਿੰਦਾ ਤਾਂ ਅਫਸਰਾਂ ਦੀਆਂ ਝਿੜਕਾਂ ਮਗਰੋਂ ਨੌਕਰੀ ਵਿੱਚੇ ਛੱਡ ਕੇ ਘਰ ਆ ਗਿਆ, ਘਰ ਆ ਕੇ ਹਿੱਸੇ ਵਹਿੰਦੀ ਅੱਧਾ ਕਿੱਲਾ ਪੈਲ਼ੀ ਸ਼ਰਾਬ ਦੇ ਮੂੰਹ ਘੋਲ ਕੇ ਪੀ ਗਿਆ। ਪਿਛਲੇ ਸਾਲ ਜਨਵਰੀ ਦੇ ਮਹੀਨੇ ਬਹੁਤੀ ਸ਼ਰਾਬ ਨੇ ਉਹਦਾ ਸਰੀਰ ਅੰਦਰੋ ਗਾਲ ਦਿੱਤਾ ਤੇ ਉਹ ਜਹਾਨੋਂ ਚਲਾ ਗਿਆ। ਜਦ ਵੀ ਉਹਨੂੰ ਸ਼ਰਾਬ ਪੀਣੋ ਰੋਕਦੀ, ਚਾਰ ਪੁੱਤਾਂ ਤੇ ਇਕ ਧੀ ਦੀ ਕਬੀਲਦਾਰੀ ਦਾ ਚੇਤਾ ਦਿਵਾਉਂਦੀ ਤਾਂ ਉਹਦੇ ਨਾਲ ਕੁੱਟਮਾਰ ਕਰਦਾ , ਮਾਤਾ ਲੋਕਾਂ ਦਾ ਕੱਢਣ ਕੱਤਣ ਦਾ ਕੰਮ ਕਰਕੇ, ਖੇਸ, ਸ਼ਾਲ ਬੁਣ ਕੇ ਬੱਚੇ ਪਾਲ਼ਦੀ ਰਹੀ, 10-10 ਜਮਾਤਾਂ ਪਾਸ ਕਰਵਾਈਆਂ, 14 ਸਾਲਾ ਪੁੱਤ ਦੀ ਕਈ ਵਰ•ੇ ਪਹਿਲਾਂ ਇਕ ਹਾਦਸੇ ਚ ਮੌਤ ਹੋ ਗਈ ਸੀ। ਮਾਂ ਨੇ ਪੁੱਤ ਦਾ ਗਮ ਢਿੱਡ ਦੇ ਕਿਸੇ ਖੂੰਜੇ ਲੁਕਾ ਲਿਆ, ਮਤੇ ਦੂਜੇ ਜਵਾਕ ਨਾ ਰੁਲ਼ ਜਾਣ।
ਤਿੰਨੇ ਪੁੱਤ 10ਵੀਂ ਪਾਸ ਕਰਕੇ ਕੰਮਕਾਰ ਕਰਨ ਲੱਗੇ, ਸਭ ਤੋਂ ਵੱਡਾ ਸੁਰਿੰਦਰ ਸਿੰਘ ਲੁਧਿਆਣੇ ਇਕ ਸਕਿਓਰਿਟੀ ਏਜੰਸੀ ਨਾਲ ਲੱਗ ਗਿਆ, ਪਰ 7 ਕੁ ਸਾਲ ਪਹਿਲਾਂ ਨਸ਼ੇ ਦੀਆਂ ਗੋਲ਼ੀਆਂ ਖਾਣ ਲੱਗ ਪਿਆ ਤੇ 23 ਸਾਲ ਦੀ ਉਮਰ ਚ ਫਿਰੋਜ਼ਪੁਰ ਕੋਲ ਵੱਧ ਨਸ਼ੇ ਚ ਚੱਲਦੀ ਰੇਲ ਗੱਡੀ ਵਿਚੋਂ ਬਾਹਰ ਡਿੱਗ ਪਿਆ, ਪੁੱਤ ਦੀ ਲਾਸ਼ ਘਰੇ ਆਈ। ਉਸ ਤੋਂ ਛੋਟਾ ਪਰਮਜੀਤ ਸਿੰਘ ਹੁਣ 26-27 ਸਾਲ ਦਾ ਹੈ, ਕਿਸੇ ਦੇ ਟਰੱਕ ‘ਤੇ ਕਲੀਨਰ ਲੱਗਿਆ ਹੈ, ਪੰਜ ਕੁ ਹਜ਼ਾਰ ਰੁਪਏ ਮਿਲਦੇ ਨੇ। ਸਭ ਤੋਂ ਛੋਟਾ ਰਜਿੰਦਰ ਸਿੰਘ 24 ਸਾਲ ਦਾ ਹੈ, ਜਦ ਰਜਿੰਦਰ ਸਿੰਘ ਵੱਲ ਝਾਤ ਪਾਈ ਤਾਂ ਮਾਤਾ ਦੀ ਗੱਲ ‘ਤੇ ਯਕੀਨ ਨਾ ਆਇਆ, ਕਿ ਉਹ 24 ਸਾਲ ਦਾ ਹੈ?
ਸਿਰ ਤੇ ਦਾੜੀ ਦੇ ਵਾਲ ਅੱਧੇ ਚਿੱਟੇ, ਝੁਰੜੀਆਂ ਵਾਲਾ ਚਿਹਰਾ, ਮਾੜਚੂ ਜਿਹਾ ਸਰੀਰ ਜਿਵੇਂ 50-55 ਸਾਲ ਦਾ ਕੋਈ ਗੰਭੀਰ ਮਰੀਜ਼ ਹੋਵੇ। ਰਜਿੰਦਰ ਸਾਡੇ ਕੋਲ ਹੀ ਬਹਿ ਗਿਆ, ਮਾਂ ਫਿਸ ਫਿਸ ਜਾਵੇ, ਕੋਈ ਇਹਦੇ ਗਲ਼ੋਂ ਕੋਹੜ ਲੁਹਾ ਦੇਵੇ ਤਾਂ ਮੇਰਾ ਮਰਨਾ ਸੌਖਾ ਹੋ ਜਾਊ। ਰਜਿੰਦਰ ਵੀ ਨਸ਼ੇ ਦੀਆਂ ਗੋਲ਼ੀਆਂ ਖਾਂਦਾ ਹੈ, , ਇਸ ਨਰਕ ਚ 6 ਕੁ ਸਾਲਾਂ ਤੋਂ ਭਾਵ 18 ਸਾਲ ਦੀ ਉਮਰ ਤੋਂ ਹੀ ਪਿਆ ਹੋਇਆ ਹੈ। ਉਹ ਦੱਸਦਾ ਹੈ ਕਿ ਮੈਂ ਰਾਜ ਮਿਸਤਰੀ ਨਾਲ ਕੰਮ ਕਰਦਾ ਸੀ, ਜ਼ੋਰ ਦਾ ਕੰਮ ਸੀ, ਸਰੀਰ ਥਕੇਵੇਂ ਨਾਲ ਦੂਹਰਾ ਹੋ ਜਾਂਦਾ, ਖਿੱਝ ਚ ਮਾਂ ਵੱਲ ਇਸ਼ਾਰਾ ਕਰਕੇ ਕਹਿੰਦਾ- ਐਹਦੇ ਤੋਂ ਤਾਂ ਰੋਟੀ ਨੂੰ ਚੋਪੜ ਵੀ ਨਾ ਸਰਦਾ, ਘਿਓ ਸਾਨੂੰ ਕਿੱਥੋਂ ਖਵਾਉਂਦੀ, ਨਾਲਦੇ ਬੰਦਿਆਂ ਨੇ ਤਾਕਤ ਦੀ ਗੋਲ਼ੀ ਦੱਸ ਕੇ ਨੀਮੋਟੈਲ ਦੀਆਂ ਗੋਲ਼ੀਆਂ ‘ਤੇ ਲਾ ਲਿਆ, 100 -100 ਗੋਲ਼ੀ ਖਾ ਜਾਂਦਾ ਸੀ,  ਹੁਣ ਹਾਲਤ ਇਹ ਹੋਈ ਪਈ ਆ ਕਿ ਜੇ ਨਸ਼ਾ ਨਾ ਮਿਲੇ ਤਾਂ ਅੰਦਰ ਪਾਟਦਾ..।   ਰਜਿੰਦਰ ਚੁੱਪ ਕਰ ਜਾਂਦਾ.. ਉਹਦੇ ਵੀ ਵੱਸ ਦੀ ਗੱਲ ਨਹੀਂ, ਨਸ਼ਾ ਓਹਦੇ ‘ਤੇ ਕਿਸੇ ਪ੍ਰੇਤ ਵਾਂਗ ਹਾਵੀ ਜੁ ਹੋਇਆ ਪਿਆ।
ਇਹ ਪੁੱਛਣ ‘ਤੇ ਕਿ ਸਰਕਾਰ ਬਦਲਣ ਨਾਲ ਨਸ਼ਾ ਬੰਦ ਹੋਇਆ ਜਾਂ ਘਟਿਆ , ਕੋਈ ਫਰਕ ਪਿਆ? ਤਾਂ ਰਜਿੰਦਰ ਵਿਅੰਗ ਨਾਲ ਕਹਿੰਦਾ, – ਹਾਂ ਜੀ ਬੜਾ ਫਰਕ ਪਿਆ ਰਾਜੇ ਦੇ ਆਉਣ ਨਾਲ, , ਪਹਿਲਾਂ ਜਿਹੜਾ ਪੱਤਾ ਸੱਠਾਂ ਦਾ ਆਉਂਦਾ ਸੀ, ਹੁਣ ਡੂਢ ਸੌ ਦਾ ਵਿਕਦਾ, ਪਹਿਲਾਂ ਕੋਈ ਕੋਈ ਘਰ ਵੇਚਦਾ ਸੀ, ਹੁਣ ਜਿੱਥੋਂ ਮਰਜ਼ੀ ਲੈ ਲਓ। ਘਰੇ ਈ ਜਨਾਨੀਆਂ ਵੀ ਵੇਚੀ ਜਾਂਦੀਆਂ ਨੇ।
ਉਹ ਟਰੈਮਾਡੋਲ ਤੇ ਐਲਪ੍ਰੈਕਸ ਗੋਲ਼ੀਆਂ ਦੇ ਢਾਈ ਪੱਤੇ ਰੋਜ਼ ਖਾਂਦਾ ਹੈ, 300 ਸੌ ਰੁਪਏ ਦਾ ਨਸ਼ਾ ਖਾ ਜਾਂਦਾ ਹੈ। ਜੇ ਪੈਸੇ ਨਾ ਮਿਲਣ, ਤਾਂ ਮਾਂ ਦੀ ਕੁੱਟਮਾਰ ਕਰਦਾ ਹੈ, ਦੌਰੇ ਪੈਂਦੇ ਨੇ। ਕੁੱਟ ਤੋਂ ਡਰਦੀ ਮਾਂ ਆਪ ਗੋਲ਼ੀਆਂ ਲਿਆ ਕੇ ਦਿੰਦੀ ਹੈ। ਮਾਤਾ ਦੱਸਦੀ ਹੈ ਕਿ ਜੇ ਮੈਂ ਨਾ ਦੇਵਾਂ ਤਾਂ ਬਜ਼ਾਰ ਚ ਲੋਕਾਂ ਤੋਂ ਪੈਸੇ ਮੰਗਦਾ ਹੈ, ਪੁਰਾਣੀ ਫੋਟੋ ਦਿਖਾਉਂਦੀ ਹੈ, ਸਾਡੀ ਵੀ ਧਾਹ ਨਿਕਲ ਗਈ ਕਿ ਹੀਰੇ ਵਰਗਾ ਰਜਿੰਦਰ ਤਾਂ ਸਵਾਹ ਬਣਿਆ ਪਿਆ ਹੈ। ਉਹਦੇ ਨਸ਼ੇ ਕਰਕੇ ਵੱਡੇ ਭਰਾ ਦਾ ਵੀ ਕਿਤੇ ਰਿਸ਼ਤਾ ਨਹੀਂ ਹੁੰਦਾ।
ਨਸ਼ੇ ਦੀ ਪੂਰਤੀ ਲਈ ਘਰ ਦਾ ਬਹੁਤ ਸਾਰਾ ਸਮਾਨ ਵੇਚ ਚੁੱਕਿਆ ਹੈ, ਵੱਡਾ ਭਰਾ ਬੰਬੇ ਤੋਂ ਜੋ ਵੀ ਕਮਾਈ ਭੇਜਦਾ ਹੈ, ਮਾਂ ਚੋਰੀ ਪੈਸੇ ਰੱਖਦੀ ਹੈ, ਪਰ ਰਜਿੰਦਰ ਜਿਵੇਂ ਪੈਸੇ ਸੁੰਘ ਕੇ ਲੱਭ ਲੈਂਦਾ ਹੈ, ਖੇਸਾਂ ਦਰੀਆਂ ਦੀਆਂ ਤਹਿਆਂ ਚੋਂ ਵੀ ਪੈਸੇ ਲੈ ਜਾਂਦਾ, ਮਾਤਾ ਰੋਂਦੀ ਦੱਸਦੀ ਹੈ ਕਿ ਮੇਰੀ ਮਾਂ ਦੀ ਨਿਸ਼ਾਨੀ ਸੀ ਸਿਲਾਈ ਮਸ਼ੀਨ, ਇਹਨੇ ਚੰਦਰੇ ਨੇ ਉਹ ਵੀ ਕਬਾੜੀਏ ਨੂੰ 100 ਦੀ ਚੁਕਾ ਕੇ ਗੋਲ਼ੀਆਂ ਨਿਗਲ ਲਈਆਂ। ਕੋਈ ਪਿੱਤਲ ਦਾ ਭਾਂਡਾ ਨਹੀਂ ਛੱਡਿਆ, ਮੰਜੇ ਤੱਕ ਵੇਚ ਦਿੱਤੇ ਡੁੱਬੜੇ ਨੇ।  ਇਕ ਦਿਨ ਪੈਸੇ ਨਹੀਂ ਸਨ ਤਾਂ ਮਾਂ ਦਾ ਗਲ ਘੁੱਟ ਦਿੱਤਾ, ਗੁਆਂਢੀਆਂ ਨੇ ਆ ਕੇ ਛੁਡਵਾਇਆ, ਕਿਸੇ ਨੇ ਪੈਸੇ ਦਿੱਤੇ, ਗੋਲ਼ੀਆਂ ਲਿਆ ਕੇ ਖਾਧੀਆਂ ਤਾਂ ਮਾਂ ਦਾ ਖਹਿੜਾ ਛੁੱਟਿਆ। ਫੇਰ ਵੀ ਮਾਂ ਹੈ, ਮੋਹ ਕਿਵੇਂ ਛੱਡੇ, ਕਹਿੰਦੀ ਹੈ-ਇਹਦਾ ਨਸ਼ਾ ਛੁਡਵਾਏ ਬਿਨਾ ਤਾਂ ਮੈਂ ਮਰਦੀ ਨਹੀਂ, ਤੁਸੀਂ ਪੁੱਤ ਕੋਈ ਹੀਲਾ ਕਰੋ..।
ਅਸੀਂ ਰਜਿੰਦਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਨਸ਼ੇ ਦਾ ਰਾਹ ਸਿਵਿਆਂ ਤੱਕ ਜਾਂਦਾ, ਜੇ ਛੱਡਣਾ ਤਾਂ ਅਸੀਂ ਤੇਰੀ ਮਦਦ ਕਰਾਂਗੇ, ਉਹ ਮਨ ਜਿਹਾ ਬਣਾਉਂਦਾ ਪਰ ਕੁਝ ਸਮਾਂ ਮੰਗਦਾ ਹੈ।
ਸਰਹਾਲੀ ਕੋਲ ਪੈਂਦੇ ਪਿੰਡ ਕੋਟ ਦਾਤਾ ਵਿੱਚ ਬੇਜ਼ਮੀਨੇ ਕਿਸਾਨ ਨੂੰ  ਵਿਆਹੀ ਏਸ ਘਰ ਦੀ ਧੀ ਵੀ ਆਈ ਹੋਈ ਸੀ, ਉਹ ਨੂੰ ਵੀ ਆਸ ਹੈ ਕਿ ਉਸ ਦਾ ਭਰਾ ਮੁੜ ਉਹੋ ਜਿਹਾ ਹੋ ਜਾਊ, ਜਦ ਉਹਨੂੰ ਸਹੁਰਿਓਂ ਆਈ ਨੂੰ ਆਪਣੀ ਕਿਰਤ ਕਮਾਈ ਚੋਂ ਮਾਂ ਤੋਂ ਵੀ ਚੋਰੀ ਮੁੱਠ ਚ ਪੈਸੇ ਦੇ ਕੇ ਹੌਸਲਾ ਦਿਆ ਕਰਦਾ ਸੀ ਕਿ ਭੈਣੇ ਡੋਲੀ ਨਾ, ਜਿੰਨੇ ਜੋਗਾ ਹਾਂ ਤੈਨੂੰ ਤੰਗੀ ਨਹੀਂ ਆਉਣ ਦਿੰਦਾ, ਪਰ ਅੱਜ ਖੁਦ ਹੀ ਡੋਲਿਆ ਫਿਰਦਾ ਹੈ। ਦੋ ਭਰਾ ਤੇ ਬਾਪ ਗਵਾ ਚੁੱਕੀ ਤੇ ਨਸ਼ੇ ਦੀ ਦਲਦਲ ਚ ਧਸਦੇ ਜਾ ਰਹੇ ਤੀਜੇ ਭਰਾ ਨੂੰ ਦੇਖ ਦੇ ਕੇ ਝੂਰਨ ਵਾਲੀ ਭੈਣ ਦਾ ਆਪਣਾ ਦਰਦ ਐਸ ਤੋਂ ਵੱਡਾ ਜਾਪਿਆ, ਜਦ ਉਹਨੇ ਹਉਕਾ ਭਰ ਕੇ ਕਿਹਾ ਕਿ ਮੇਰਾ ਪੁੱਤ ਵੀ ਟੀਕੇ ਲਾਉਣ ਲੱਗ ਪਿਆ, 17ਵੇਂ ਸਾਲ ਚ ਸੀ ਜਦ ਸਾਨੂੰ ਪਤਾ ਲੱਗਿਆ, ਅਸੀਂ ਤਾਂ ਮਾਮੇ ਨਾਲ ਬੰਬੇ ਟਰੱਕ ‘ਤੇ ਭੇਜਤਾ ਹੁਣ.. ਨਿੱਕੇ ਪੁੱਤ ਵੱਲ ਵੇਖ ਫਿਕਰ ਚ ਡੁੱਬੀ ਡੂੰਘੇ ਦਰਦ ਨਾਲ ਉਹ ਆਖਦੀ ਹੈ ਕਿ ਸਾਡੇ ਪਿੰਡਾਂ ਚ ਤਾਂ ਘਰ ਘਰ ਜਾਂ ਤਾਂ ਨਸ਼ਾ ਕਰਦੇ ਨੇ, ਜਾਂ ਵੇਚਦੇ ਨੇ. .
ਮਾਂ-ਧੀ ਦੇ ਇਕੋ ਜਿਹੇ ਬੋਲ ਹਾਕਮਾਂ ਦੇ ਨਸ਼ੇ ਦੇ ਖਾਤਮੇ ਵਾਲੇ ਦਾਅਵਿਆਂ ਨੂੰ ਲੀਰੋ ਲੀਰ ਕਰਨ ਲਈ ਕਾਫੀ ਨੇ।
ਰਜਿੰਦਰ ਸਿੰਘ ਨਾਲ ਵਾਅਦਾ ਕੀਤਾ ਕਿ 50 ਫੀਸਦੀ ਹਿੰਮਤ ਕਰ, 50 ਫੀਸਦੀ ਅਸੀਂ ਤੇਰੀ ਹਿੰਮਤ ਬਣਾਗੇ, ਮਾਂ ਖਾਲੀ ਖੀਸਾ ਝਾੜਦੀ ਹੈ, ਮੇਰੇ ਕੋਲ ਤਾਂ ਕੁਛ ਨਹੀਂ, ਉਮਰ ਘੱਟ ਦੱਸ ਕੇ ਡਾਢਿਆਂ ਨੇ ਮੇਰੀ ਪੈਨਸ਼ਨ ਵੀ ਬੰਦ ਕਰ ਦਿੱਤੀ। ਪਰ ਆਸ ਹੈ ਕਿ ਮੇਰਾ ਇਹ ਪੁੱਤ ਵੱਡੇ ਵਾਂਗੂੰ ਅਜਾਈਂ ਨਹੀਂ ਜਾਂਦਾ। ਲੱਗਦਾ ਨਹੀਂ ਕਿ ਮਾਤਾ ਸੁਖਰਾਜ ਕੌਰ ਵਰਿ•ਆਂ ਤੋਂ ਕਦੇ ਹੱਸੀ ਹੋਊ। ਪਰ ਸਿੱਖੀ ਸਿਧਾਂਤ ਦੀ ਬਖਸ਼ੀ ਅਡੋਲਤਾ ਉਹਦੇ ਸਥਿਰ ਚਿਹਰੇ ‘ਤੇ ਸਾਫ ਦਿਸਦੀ ਹੈ,  ਉਹ ਰਜਿੰਦਰ ਦੇ ਨਸ਼ੇ ਦੇ ਕੋਹੜ ਤੋਂ ਮੁਕਤ ਹੋਣ ਦੀ ਆਸ ਜਤਾਉਂਦੀ ਹੈ।
ਨਸ਼ੇ ਦਾ ਜ਼ਹਿਰ ਰਜਿੰਦਰ ਦੇ ਚਿਹਰੇ ਤੱਕ ਪੱਸਰਿਆ ਪਿਆ ਹੈ, ਬੁੱਲ•ਾਂ ‘ਤੇ ਜ਼ਖਮ ਨੇ, ਜੀਭ ਛਾਲਿਆਂ ਨਾਲ ਭਰੀ ਹੈ, ਜਰਦ ਹੋਏ ਉਹਦੇ ਚਿਹਰੇ ਵੱਲ ਤੱਕ ਕੇ ਮਾਂ ਆਸ ਜਿਹੀ ਨਾਲ ਬੋਲਦੀ ਇਉਂ ਜਾਪੀ ਜਿਵੇਂ ਮੌਤ ਦੀਆਂ ਬਰੂਹਾਂ ‘ਤੇ ਬਹਿ ਕੇ ਜ਼ਿੰਦਗੀ ਦੀ ਉਡੀਕ ਕਰ ਰਹੀ ਹੋਵੇ ਕਿ ਉਹ ਇਕ ਵਾਰ ਮੁੜ ਪਰਤੇਗੀ .।