ਪੰਜਾਬ ਚ ਵੀ ਖਾਪ ਪੰਚਾਇਤ, ਪ੍ਰੇਮ ਵਿਆਹ ਕਰਾਉਣ ਵਾਲਿਆਂ ਦਾ ਬਾਈਕਾਟ

-ਪੰਜਾਬੀਲੋਕ ਬਿਊਰੋ
ਹੀਰ ਰਾਂਝਾ, ਸੱਸੀ ਪੂਨੂੰ, ਮਿਰਜ਼ਾ ਸਾਹਿਬਾਂ ਆਦਿ ਕਿੱਸੇ ਸਭ ਤੋਂ ਵੱਧ ਪੰਜਾਬੀ ਗਾਉਂਦੇ, ਸੁਣਾਉਂਦੇ ਨੇ, ਇਸ਼ਕ ਦੇ ਗੀਤ ਵੀ ਸਭ ਤੋਂ ਵੱਧ ਸ਼ਾਇਦ ਪੰਜਾਬੀਆਂ ਚ ਹੀ ਪ੍ਰਚਲਿਤ ਹੋਣ.. ਪਰ ਆਹ ਕੀ ਹੋ ਗਿਆ..?
ਜਿਹੜੀ ਪਾਰਟੀ ਅੱਜ ਪੰਜਾਬ ਦੀ ਸੱਤਾ ਸਾਂਭ ਕੇ ਬੈਠੀ ਹੈ, ਉਹਦੇ ਮੋਢੀ ਵੀ ਇਸ਼ਕ ਚ ਲਿਪਤ ਰਹੇ, ਅੱਜ ਵੀ ਕੁਝ ਨੇਤਾ ਕਥਿਤ ਤੌਰ ‘ਤੇ ਇਸ਼ਕ ਚ ਗਲਤਾਨ ਮੰਨੇ ਜਾਂਦੇ ਨੇ, ਉਸੇ ਪਾਰਟੀ ਦੇ ਕਾਰਜਕਾਲ ਚ ਪੰਜਾਬ ਚ ਇਸ਼ਕ ਕਰਨਾ ਤੇ ਪ੍ਰਵਾਨ ਚਾੜਨਾ ਪੰਚਾਇਤ ਨੇ ਮਨਾ ਕਰ ਦਿੱਤਾ ਹੈ। ਦੋਰਾਹਾ ਦੇ ਪਿੰਡ ਚੱਣਕੋਈਆਂ ਖੁਰਦ ਦੀ ਪੰਚਾਇਤ ਨੇ ਫਰਮਾਨ ਜਾਰੀ ਕੀਤਾ ਹੈ ਕਿ ਜੋ ਵੀ ਵਿਅਕਤੀ ਮਰਜ਼ੀ ਨਾਲ ਵਿਆਹ ਕਰਾਏਗਾ, ਪਿੰਡ ਵਲੋਂ ਉਸ ਦਾ ਸਮਾਜਿਕ ਬਾਈਕਾਟ ਕੀਤਾ ਜਾਏਗਾ।
29 ਅਪ੍ਰੈਲ ਨੂੰ ਜਾਰੀ ਕੀਤੇ ਫਰਮਾਨ ‘ਤੇ ਪਿੰਡ ਦੇ ਪੰਚ ਹਾਕਮ ਸਿੰਘ ਜੋ ਕਿ ਸਰਪੰਚ ਦਾ ਕਾਰਜਭਾਰ ਵੀ ਸਾਂਭਦਾ ਹੈ, ਗੁਰੂਘਰ ਦੀ ਕਮੇਟੀ ਦੇ ਪ੍ਰਧਾਨ, ਸਾਬਕਾ ਸਰਪੰਚ, ਕਲੱਬ ਪ੍ਰਧਾਨ ਤੇ ਮੋਹਤਬਰਾਂ ਨੇ ਦਸਤਖਤ ਵੀ ਕੀਤੇ। ਇਸ ਪਿੰਡ ਦੇ ਇਕ ਨੌਜਵਾਨ ਜੋੜੇ ਨੇ ਪ੍ਰੇਮ ਵਿਆਹ ਕਰਵਾ ਲਿਆ ਸੀ ਤੇ ਉਹ ਲੰਘੇ ਦਿਨ ਪਿੰਡ ਵਿੱਚ ਰਹਿਣ ਆ ਗਏ। ਉਸ ਮਗਰੋਂ ਇਹ ਫਰਮਾਨ ਜਾਰੀ ਹੋਇਆ।
ਪਾਇਲ ਹਲਕੇ ਚ ਇਹ ਪਿੰਡ ਪੈਂਦਾ ਹੈ, ਪਾਇਲ ਦੇ ਐਸ ਡੀ ਐਮ ਨੇ ਮੀਡੀਆ ਕੋਲ ਕਿਹਾ ਹੈ ਕਿ ਮੈਨੂੰ ਇਸ ਫਰਮਾਨ ਬਾਰੇ ਜਾਣਕਾਰੀ ਨਹੀਂ ਸੀ, ਹੁਣ ਸਾਰੇ ਮਾਜਰੇ ਦਾ ਪਤਾ ਲਾ ਕੇ ਕਾਰਵਾਈ ਕੀਤੀ ਜਾਵੇਗੀ, ਕਾਨੂੰਨ ਤੋਂ ਉਪਰ ਕੋਈ ਨਹੀਂ ਹੈ।
ਡੀ ਐਸ ਪੀ ਪਾਇਲ ਨੇ ਕਿਹਾ ਹੈ ਕਿ ਪ੍ਰੇਮ ਵਿਆਹ ਕਰਨ ਵਾਲੇ ਜੋੜੇ ਨੇ ਸੁਰੱਖਿਆ ਲਈ ਜੇ ਪੁਲਿਸ ਤੱਕ ਪਹੁੰਚ ਕੀਤੀ ਤਾਂ ਉਹਨਾਂ ਦੀ ਰਾਖੀ ਕੀਤੀ ਜਾਵੇਗੀ, ਪਰ ਹਾਲੇ ਤੱਕ ਉਹ ਸਾਡੇ ਕੋਲ ਆਏ ਨਹੀਂ , ਦੂਜੇ ਪਾਸੇ ਪੁਲਿਸ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਹੀ ਜੋੜੇ ਨੂੰ ਸੁਰੱਖਿਆ ਦੇ ਮੱਦੇਨਜ਼ਰ ਪਿੰਡ ਵਿਚੋਂ ਬਾਹਰ ਕਿਸੇ ਸੁਰੱਖਿਅਤ ਥਾਂ ਭੇਜ ਦਿੱਤਾ ਹੈ।