• Home »
  • ਅਪਰਾਧ
  • » ਅਕਾਲੀ-ਅਧਿਆਪਕ ਨੇਤਾ ਸਣੇ ਚਾਰ ਕਤਲ

ਅਕਾਲੀ-ਅਧਿਆਪਕ ਨੇਤਾ ਸਣੇ ਚਾਰ ਕਤਲ

-ਪੰਜਾਬੀਲੋਕ ਬਿਊਰੋ
ਕੈਪਟਨ ਰਾਜ ਵਿੱਚ ਅਮਨ-ਕਾਨੂੰਨ ਦੀ ਹਾਲਤ ਹੋਰ ਨਿਘਰਦੀ ਜਾ ਰਹੀ ਹੈ। ਅੱਜ ਮਲੇਰਕੋਟਲਾ ਨੇੜੇ ਦਿਨ ਦਿਹਾੜੇ ਅਕਾਲੀ ਦਲ ਦੇ ਸਰਗਰਮ ਆਗੂ ਤੇ ਅਧਿਆਪਕ ਨੇਤਾ ਹਰਕੀਰਤ ਸਿੰਘ ਚੂੰਘਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਦੀ ਪਤਨੀ ਮਨਪ੍ਰੀਤ ਕੌਰ ਪਿੰਡ ਮੁਬਾਰਕਪੁਰ ਚੂੰਘਾਂ ਦੀ ਸਰਪੰਚ ਹੈ। ਘਟਨਾ ਅੱਜ ਸਵੇਰ ਦੀ ਹੈ ਜਦੋਂ ਹਰਕੀਰਤ ਸਿੰਘ ਆਪਣੇ ਇੱਕ ਹੋਰ ਸਾਥੀ ਅਧਿਆਪਕ ਨਾਲ ਨੇੜਲੇ ਪਿੰਡ ਬੁਰਜ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਡਿਊਟੀ ਲਈ ਜਾ ਰਿਹਾ ਸੀ। ਹਮਲਾਵਰਾਂ ਨੇ ਹਰਕੀਰਤ ਸਿੰਘ ਚੂੰਘਾਂ ਦੇ ਪੰਜ ਗੋਲੀਆਂ ਮਾਰੀਆਂ। ਉਹ ਮੌਕੇ ‘ਤੇ ਹੀ ਦਮ ਤੋੜ ਗਿਆ। ਹਰਕੀਰਤ ਸਿੰਘ ਨਾਲ ਜਾ ਰਿਹਾ ਸਾਥੀ ਅਧਿਆਪਕ ਵੀ ਜ਼ਖਮੀ ਹੋ ਗਿਆ।
ਓਧਰ ਹਰਕੀਰਤ ਸਿੰਘ ਦੀ ਧੀ ਨਾਲ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਉਹ ਪਿਤਾ ਨੂੰ ਦੇਖਣ ਘਟਨਾ ਸਥਾਨ ‘ਤੇ ਜਾ ਰਹੀ ਸੀ। ਜਿਵੇਂ ਹੀ ਪਿਤਾ ਦੇ ਕਤਲ ਦੀ ਸੂਚਨਾ ਮਿਲੀ ਤਾਂ ਉਹ ਤੇਜ਼ੀ ਨਾਲ ਘਟਨਾ ਸਥਾਨ ਵੱਲ ਤੁਰ ਪਈ ਅਤੇ ਰਸਤੇ ਵਿਚ ਹੀ ਉਸ ਦੀ ਸਕੂਟੀ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿਚ ਗੰਭੀਰ ਜ਼ਖਮੀ ਹੋਈ ਮ੍ਰਿਤਕ ਹਰਕੀਰਤ ਸਿੰਘ ਦੀ ਧੀ ਨਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕਤਲ ਦੀ ਵਾਰਦਾਤ ਸਿਆਸੀ ਰੰਜ਼ਿਸ਼ ਕਰਕੇ ਵਾਪਰੀ ਦੇ ਸੰਕੇਤ ਮਿਲ ਰਹੇ ਹਨ।
ਮਾਝੇ ਦੇ ਪੱਟੀ  ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਸਾਹਮਣੇ ਦੋ ਕਾਰ ਸਵਾਰ ਨੌਜਵਾਨਾਂ ਨੇ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ,  ਜ਼ਖ਼ਮੀ ਨੌਜਵਾਨ ਦੀ ਪਹਿਚਾਣ 25 ਸਾਲਾ ਅਮਨਦੀਪ ਸਿੰਘ ਭਿੱਖੀਵਿੰਡ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕਰ ਰਹੀ ਹੈ।ਪੁਲਿਸ ਨੇ ਆਪਸੀ ਰੰਜ਼ਿਸ਼ ਕਰਕੇ ਵਾਰਦਾਤ ਵਾਪਰੀ ਦੱਸੀ ਹੈ।
ਲੁਧਿਆਣਾ ਦੇ ਮਾਧੋਪੁਰੀ ਵਿਖੇ ਅਣਪਛਾਤੇ ਵਿਅਕਤੀਆਂ ਨੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਰੇਤ ਵਿੱਚ ਨੱਪ ਦਿੱਤੀ,  ਮ੍ਰਿਤਕ ਕੰਵਰ ਮਾਧੋਪੁਰੀ ਨੇੜੇ ਦਾ ਰਹਿਣ ਵਾਲਾ ਸੀ, ਉਸ ਦੀ ਲਾਸ਼ ਮਾਧੋਪੁਰੀ ਨੇੜੇ ਗੰਦੇ ਨਾਲੇ ਦੀ ਪੁਲੀ ਤੋਂ ਮਿਲੀ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਗੁਰੂ ਨਗਰੀ ਦੇ ਭੀੜ-ਭਾੜ ਵਾਲੇ ਇਲਾਕੇ ਭਰਤ ਨਗਰ ‘ਚ ਕਤਲ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋਈ ਹੈ। ਸੀਸੀਟੀਵੀ ਕੈਮਰੇ ‘ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਲੋਕਾਂ ਵੱਲੋਂ ਇੱਕ ਵਿਅਕਤੀ ‘ਤੇ ਤਾਬੜਤੋੜ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੀਸਟੀਵੀ ਕਬਜ਼ੇ ‘ਚ ਲਿਆ ਹੈ। ਮ੍ਰਿਤਕ ਦੀ ਪਛਾਣ ਵਿਪਨ ਕੁਮਾਰ ਵਜੋਂ ਹੋਈ ਹੈ। ਪੁਲਿਸ ਮੁਤਾਬਕ ਵਿਪਨ ਕੁਮਾਰ ਜੈ ਸ਼ੰਕਰ ਵੈਲਫੇਅਰ ਸੁਸਾਇਟੀ ਦਾ ਮੈਂਬਰ ਸੀ। ਇਹ ਸੁਸਾਇਟੀ ਗਰੀਬਾਂ ਲਈ ਲੰਗਰ ਲਾਉਂਦੀ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

ਜਗਰਾਓਂ ਦੇ ਪ੍ਰੀਤ ਵਿਹਾਰ ਇਲਾਕੇ ਵਿਚ ਇਕ ਪੰਜਾਬੀ ਅਖਬਾਰ ਦੇ ਪੱਤਰਕਾਰ ਦੀ ਪਤਨੀ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਚਾਕੂਆਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ। ਪੱਤਰਕਾਰ ਸੁਖਦੇਵ ਗਰਗ ਦੇ ਘਰ ਦੋ ਅਣਪਛਾਤੇ ਵਿਅਕਤੀ ਆਏ ਜਿਨਾਂ ਨੇ ਅਦਾਲਤ ‘ਚੋਂ ਆਉਣ ਦੀ ਗੱਲ ਆਖ ਕੇ ਦਰਵਾਜ਼ਾ ਖੁੱਲਵਾਇਆ ਜਿਵੇਂ ਹੀ ਪੱਤਰਕਾਰ ਦੀ ਪਤਨੀ ਕਾਜਲ ਗਰਗ ਨੇ ਦਰਵਾਜ਼ਾ ਖੋਲਿਆ ਤਾਂ ਹਮਲਾਵਰਾਂ ਨੇ ਉਸ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਤੇ ਘਰ ਦੇ ਅੰਦਰ ਦਾਖਲ ਹੋ ਕੇ ਲੁੱਟ-ਖੋਹ ਕਰਕੇ ਫਰਾਰ ਹੋ ਗਏ।
ਕਾਜਲ ਗਰਗ ਨੂੰ ਗੰਭੀਰ ਹਾਲਤ ਵਿਚ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਵਿਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਸੂਤਰਾਂ ਦਾ ਕਹਿਣਾ ਹੈ ਕਿ ਮਾਮਲਾ ਲੁੱਟਖੋਹ ਦਾ ਨਾ ਹੋ ਕੇ ਇਕ ਪੱਤਰਕਾਰ ਨਾਲ ਰੰਜ਼ਸ਼ ਦਾ ਹੈ।