• Home »
  • ਅਜਬ ਗਜਬ
  • » ਚੀਨ ਖਿਲਾਫ਼ ਮੰਤਰ ਦਾ ਜਾਪ ਕਰੋ-ਆਰ.ਐਸ.ਐਸ. ਦਾ ਫ਼ਰਮਾਨ

ਚੀਨ ਖਿਲਾਫ਼ ਮੰਤਰ ਦਾ ਜਾਪ ਕਰੋ-ਆਰ.ਐਸ.ਐਸ. ਦਾ ਫ਼ਰਮਾਨ

-ਪੰਜਾਬੀਲੋਕ ਬਿਊਰੋ
ਭਾਰਤ ਤੇ ਚੀਨ ਦਰਮਿਆਨ ਸਰਹੱਦ ‘ਤੇ ਵਧਦੇ ਤਣਾਅ ਬਾਰੇ ਆਰਐਸਐਸ ਨੇ ਬੜਾ ਅਜੀਬ ਫਰਮਾਨ ਜਾਰੀ ਕੀਤਾ ਹੈ। ਸੰਘ ਦਾ ਕਹਿਣਾ ਹੈ ਕਿ ਚੀਨ ਸਰੀਖੇ ‘ਅਸੁਰ’ ਨਾਲ ਨਜਿੱਠਣ ਲਈ ਮੰਤਰ ਜਾਪ ਦਾ ਸਹਾਰਾ ਲੈਣਾ ਚਾਹੀਦਾ। ਇੱਕ ਪ੍ਰਾਈਵੇਟ ਚੈਨਲ ਨਾਲ ਗੱਲਬਾਤ ਵਿੱਚ ਸੰਘ ਦੇ ਆਗੂ ਇੰਦਰੇਸ਼ ਕੁਮਾਰ ਨੇ ਕਿਹਾ ਕਿ ਕੈਲਾਸ਼, ਹਿਮਾਲਿਆ ਤੇ ਤਿੱਬਤ ਚੀਨ ਦੀ ਅਸੁਰੀ ਸ਼ਕਤੀ ਤੋਂ ਮੁਕਤ ਹੋ’, ਇਸ ਮੰਤਰ ਦਾ ਜਾਪ ਹਰ ਭਾਰਤੀ ਨੂੰ ਕਰਨਾ ਚਾਹੀਦਾ ਹੈ। ਚਾਹੇ ਉਹ ਹਿੰਦੂ ਹੋਵੇ ਜਾਂ ਮੁਸਲਮਾਨ, ਪੂਜਾ ਅਰਚਨਾ ਜਾਂ ਨਮਾਜ਼ ਤੋਂ ਪਹਿਲਾਂ ਕਰਨਾ ਚਾਹੀਦਾ। ਇਸ ਨਾਲ ਸਿਰਫ਼ ਚੀਨ ਨੂੰ ਨੁਕਸਾਨ ਹੀ ਨਹੀਂ ਪਹੁੰਚੇਗਾ ਬਲਕਿ ਸਾਡੀ ਅਧਿਆਤਮਕ ਊਰਜਾ ਵੀ ਵਧੇਗੀ ਤੇ ਵਾਤਾਵਰਨ ਵਿੱਚ ਸਕਰਾਤਕਮਕ ਪ੍ਰਭਾਵ ਹੋਵੇਗਾ। ਜਨ ਸੱਤਾ ਦੀ ਰਿਪੋਰਟ ਮੁਤਾਬਕ ਉਨਾਂ ਨੇ ਇਸ ਮੰਤਰ ਨੂੰ ਪੂਜਾ ਤੇ ਨਮਾਜ਼ ਤੋਂ ਪਹਿਲਾਂ ਪੰਜ ਵਾਰ ਦੁਹਰਾਉਣ ਨੂੰ ਵੀ ਕਿਹਾ ਹੈ। ਪੱਤ੍ਰਿਕਾ ਦੀ ਖ਼ਬਰ ਮੁਤਾਬਕ ਇੰਦਰੇਸ਼ ਕੁਮਾਰ ਨੇ ਇਹ ਮੰਤਰ ਦੇਣ ਦੇ ਨਾਲ ਹੀ ਆਮ ਜਨਤਾ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਉਹ ਵੀ ਪੂਰੀ ਤਰਾਂ ਚੀਨੀ ਸਾਮਾਨ ਦਾ ਬਾਈਕਾਟ ਕਰ ਦੇਣ। ਅਜਿਹਾ ਕਰਨ ਨਾਲ ਚੀਨ ਦੀ ਸਰਕਾਰ ਨੂੰ ਸਬਕ ਸਿਖਾਉਣ ਵਿੱਚ ਮਦਦ ਮਿਲੇਗੀ। ਉਨਾਂ ਨੇ ਕਿਹਾ ਚੀਨੀ ਵਸਤੂਆਂ ਦੇ ਭਾਰਤੀ ਬਾਜ਼ਾਰ ਵਿੱਚ ਆਉਣ ਨਾਲ ਕਈ ਭਾਰਤੀਆਂ ਦਾ ਰੁਜ਼ਗਾਰ ਖੁੱਸਾ ਹੈ। ਲੋਕਾਂ ਨੂੰ ਦੀਵਾਲੀ, ਰਾਖੀ, ਈਦ ਵਰਗੇ ਤਿਉਹਾਰਾਂ ਉੱਤੇ ਚੀਨੀ ਵਸਤੂਆਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਜਦੋਂ ਵੀ ਭਾਰਤ ਤੇ ਚੀਨ ਦੇ ਵਿੱਚ ਤਣਾਅ ਵਧਦਾ ਹੈ, ਉਦੋਂ ਆਰਐਸਐਸ ਤੇ ਉਸ ਨਾਲ ਸਬੰਧਤ ਸੰਗਠਨਾਂ ਵੱਲੋਂ ਇਸ ਤਰਾਂ ਦੀਆਂ ਅਪੀਲਾਂ ਵਿੱਚ ਇਜ਼ਾਫਾ ਹੋ ਜਾਂਦਾ ਹੈ।
ਆਰਐਸਐਸ ਦੇ ਸਹਿਯੋਗੀ ਸੰਗਠਨ ਸਵਦੇਸ਼ੀ ਜਾਗਰਨ ਮੰਚ ਵੱਲੋਂ ਚੀਨੀ ਸਾਮਾਨ ਦੇ ਵਿਰੋਧ ਵਿੱਚ ਕਈ ਵਾਰ ਮੁਹਿੰਮ ਵੀ ਚਲਾਈ ਗਈ ਹੈ। ਸਮੂਹ ਦੇ ਮੈਂਬਰਾਂ ਨੇ ਨਾਗਪੁਰ ਵਿੱਚ ਚੱਲ ਰਹੇ ਚੀਨ ਸਰਕਾਰ ਦੇ ਮੈਟਰੋ ਪ੍ਰੋਜੈਕਟ ਦਾ ਵਿਰੋਧ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਬੇਨਤੀ ਵੀ ਕੀਤੀ ਹੈ ਕਿ ਉਹ ਤਕਰੀਬਨ 851 ਕਰੋੜ ਰੁਪਏ ਦੀ ਲਾਗਤ ਦੇ ਨਿਵੇਸ਼ ਨਾਲ ਭਾਰਤ ਤੇ ਚੀਨ ਦੇ ਵਿੱਚ ਹੋਏ ਇਸ ਸੌਦੇ ਨੂੰ ਰੱਦ ਕਰ ਦੇਵੇ।