ਆਸ਼ੂਤੋਸ਼ ਸਮਾਧੀ ‘ਚ ਹੀ ਰਹੂ-ਹਾਈਕੋਰਟ

-ਪੰਜਾਬੀਲੋਕ ਬਿਊਰੋ
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਸਮਾਧੀ ‘ਚ ਹੀ ਲੀਨ ਰਹਿਣਗੇ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਨੇ ਫ਼ੈਸਲਾ ਦਿੱਤਾ ਹੈ ਕਿ ਡੇਰੇ ਵਿੱਚ ਆਸ਼ੂਤੋਸ਼ ਦੀ ਸਮਾਧੀ ਜਾਰੀ ਰਹੇਗੀ। ਹਾਈਕੋਰਟ ਨੇ ਡੀ ਐਮ ਸੀ ਦੀ ਇਕ ਟੀਮ ਬਣਾਈ ਹੈ ਜੋ ਸਮੇਂ-ਸਮੇਂ ‘ਤੇ ਆਸ਼ੂਤੋਸ਼ ਦੀ ਦੇਹ ਦਾ ਨਿਰੀਖਣ ਕਰਨ ਲਈ ਆਸ਼ਰਮ ਦਾ ਦੌਰਾ ਕਰੇਗੀ। ਇਸ ਦੌਰੇ ਦਾ ਸਾਰਾ ਖਰਚਾ ਆਸ਼ਰਮ ਚੁੱਕੇਗਾ ਤੇ ਟੀਮ ਦੇ ਖ਼ਰਚੇ ਲਈ ਆਸ਼ਰਮ ਨੂੰ 50 ਲੱਖ ਦਾ ਫ਼ੰਡ ਰਾਖਵਾਂ ਰੱਖਣ ਦੇ ਵੀ ਕੋਰਟ ਨੇ ਆਦੇਸ਼ ਦਿੱਤੇ ਹਨ।ਪਿਛਲੇ ਤਿੰਨ ਸਾਲਾਂ ਤੋਂ ਆਸ਼ੂਤੋਸ਼ ਦਾ ਸਰੀਰ ਫਰਿੱਜ ‘ਚ ਪਿਆ ਹੈ। ਡਾਕਟਰਾਂ ਨੇ ਉਸ ਸਮੇਂ ਆਸ਼ੂਤੋਸ਼ ਨੂੰ ਮ੍ਰਿਤਕ ਐਲਾਨ ਦਿੱਤਾ ਸੀ।
ਇਸ ਬਾਰੇ ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਸੰਵਿਧਾਨ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਕੋਈ ਆਪਣੇ ਧਰਮ ਮੁਤਾਬਕ ਆਪਣੀਆਂ ਰਸਮਾਂ ਨਿਭਾ ਸਕਦਾ ਹੈ। ਉਹ ਸਰੀਰ ਵੀ ਰੱਖ ਸਕਦਾ ਹੈ। ਇਸੇ ਤਰਕ ਦੇ ਆਧਾਰ ‘ਤੇ ਅਦਾਲਤ ਨੇ ਇਹ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਸਿੰਗਲ ਬੈਂਚ ਨੇ ਬਾਦਲ ਸਰਕਾਰ ਸਮੇਂ ਆਸ਼ੂਤੋਸ਼ ਦਾ ਸਸਕਾਰ 15 ਦਿਨਾਂ ‘ਚ ਕਰਨ ਦੇ ਆਦੇਸ਼ ਦਿੱਤੇ ਸਨ। ਬਾਅਦ ‘ਚ ਉਸ ਫੈਸਲੇ ਨੂੰ ਡੇਰੇ ਵੱਲੋਂ ਚੁਣੌਤੀ ਦਿੱਤੀ ਗਈ ਸੀ। ਆਸ਼ੂਤੋਸ਼ ਦਾ ਪੁੱਤ ਦਲੀਪ ਝਾਅ ਪਿਤਾ ਦੀ ਲਾਸ਼ ਮੰਗ ਰਿਹਾ ਸੀ ਤਾਂ ਕਿ ਉਹ ਸਸਕਾਰ ਕਰ ਸਕੇ। ਝਾਅ ਨੇ ਡੀ ਐਨ ਏ ਚੈੱਕ ਕਰਵਾਉਣ ਦੀ ਮੰਗ ਵੀ ਕੀਤੀ ਸੀ ਕਿਉਂਕਿ ਡੇਰੇ ਦੇ ਸ਼ਰਧਾਲੂ ਝਾਅ ਨੂੰ ਆਸ਼ੂਤੋਸ਼ ਦਾ ਬੇਟਾ ਨਹੀਂ ਮੰਨਦੇ। ਡੀ ਐਨ ਏ ਜਾਂਚ ਵਾਲਾ ਮਾਮਲਾ ਹਾਲੇ ਪੈਂਡਿੰਗ ਹੈ।