• Home »
  • ਅਜਬ ਗਜਬ
  • » ਨਾਭਾ ਜੇਲ ਕਾਂਡ-ਪੁਲਿਸ ਸਿਰ ਸਵਾਲ ਹੀ ਸਵਾਲ

ਨਾਭਾ ਜੇਲ ਕਾਂਡ-ਪੁਲਿਸ ਸਿਰ ਸਵਾਲ ਹੀ ਸਵਾਲ

ਮਹੀਨਿਆਂ ਤੋਂ ਜੇਲ ‘ਚੋਂ ਚੱਲ ਰਹੇ ਸੀ ਮੋਬਾਇਲ
-ਪੰਜਾਬੀਲੋਕ ਬਿਊਰੋ
6 ਬੰਦੇ ਜੇਲ ਵਿੱਚ ਐਨੀ ਸੌਖ ਨਾਲ ਕਿਵੇਂ ਵੜ ਗਏ, ਗੇਟ ‘ਤੇ ਕਿੰਨੀ ਸਕਿਓਰਿਟੀ ਸੀ? ਜੇਲ ਦੀ ਡਿਓਢੀ ਦੀ ਬੁਰਜੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਕੋਲ ਆਟੋਮੈਟਿਕ ਰਾਈਫਲਾਂ ਸੀ, ਫੇਰ ਚੱਲੀਆਂ ਕਿਉਂ ਨਹੀਂ? ਜਦ ਬਦਮਾਸ਼ਾਂ ਨੇ ਪਹਿਲਾ ਹਵਾਈ ਫਾਇਰ ਕੀਤਾ ਸੀ ਤਾਂ ਤੁਰੰਤ ਐਕਸ਼ਨ ਲੈਂਦਿਆਂ ਜੇਲ ਦੇ ਮੇਨ ਗੇਟ ਬੰਦ ਕਿਉਂ ਨਾ ਕੀਤੇ ਗਏ?
ਕੋਈ ਵੀ ਸੀ ਸੀ ਟੀ ਵੀ ਕਿਉਂ ਨਹੀਂ ਚੱਲ ਰਿਹਾ?
ਇਸ ਤੋਂ ਵੀ ਅੱਗੇ ਸਵਾਲ ਤਾਂ ਇਹ ਵੀ ਨੇ ਕਿ ਨਾਭਾ ਜੇਲ ਵਿੱਚ ਕੈਦ ਗੈਂਗਸਟਰ ਫੇਸਬੁੱਕ ਜ਼ਰੀਏ ਫਿਰੌਤੀ ਮੰਗਦੇ ਰਹੇ ਨੇ, ਮਰਡਰ ਪਲਾਨ ਕਰਦੇ ਰਹੇ, ਪਹਿਲੀ ਮਈ ਨੂੰ ਹਿਮਾਚਲ ਦੇ ਪ੍ਰਵਾਣੂ ‘ਚ ਜਸਵਿੰਦਰ ਰੌਕੀ ਦਾ ਕਤਲ ਕੀਤਾ ਗਿਆ, ਜਿਸ ਦੀ ਜ਼ਿਮੇਵਾਰੀ ਵਿੱਕੀ ਗੌਂਡਰ, ਨੀਟਾ ਦਿਓਲ ਤੇ ਗੁਰਪ੍ਰੀਤ ਸੇਖੋਂ ਨੇ ਨਾਭੇ ਜੇਲ ਵਿੱਚ ਬੈਠਿਆਂ ਨੇ ਲਈ ਤੇ ਫੇਸਬੁੱਕ ‘ਤੇ ਇਸ ਦਾ ਮੈਸੇਜ ਪਾਇਆ। ਰੌਕੀ ਮਰਡਰ ਤੋਂ ਬਾਅਦ ਵਿੱਕੀ ਗੌਂਡਰ ਨੇ ਜੇਲ ਵਿੱਚੋਂ ਹੀ ਬਠਿੰਡਾ ਦੇ ਐਸ ਐਸ ਪੀ ਸਵਪਨ ਸ਼ਰਮਾ ਨੂੰ ਵੀ ਧਮਕੀ ਦਿੱਤੀ ਸੀ, ਫੇਰ ਇਹਨਾਂ ਦੀ ਜੇਲ ਬਦਲੀ ਕਰ ਦਿੱਤੀ ਸੀ ਪਰ ਕੁਝ ਚਿਰ ਪਹਿਲਾਂ ਦੁਬਾਰਾ ਗੌਂਡਰ, ਨੀਟਾ ਤੇ ਸੇਖੋਂ ਨਾਭੇ ਜੇਲ ਵਿੱਚ ਇਕੱਠੇ ਬੰਦ ਸਨ।
ਇਹਨਾਂ ਕੋਲ ਮੋਬਾਇਲ ਫੋਨ ਆਖਰ ਜੈਮਰ ਲੱਗੇ ਹੋਣ ਦੇ ਬਾਵਜੂਦ ਵੀ ਫੜੇ ਕਿਉਂ ਨਾ ਗਏ?
ਜੇਲ ਵਿੱਚ ਇਹ ਕਿਧਰੇ ਵੀ ਘੁੰਮ ਫਿਰ ਸਕਦੇ ਸਨ, ਇਹਨਾਂ ਨੂੰ ਜੇਲ ਵਿੱਚ ਵੀ ਆਈ ਪੀ ਸਹੂਲਤਾਂ ਮਿਲਦੀਆਂ ਰਹੀਆਂ ਨੇ, ਜਦ ਐਤਵਾਰ ਨੂੰ ਜੇਲ ਬ੍ਰੇਕ ਹੋਈ ਤਾਂ ਇਹ ਆਪਣੀਆਂ ਬੈਰਕਾਂ ਵਿੱਚ ਹੋਣ ਦੀ ਥਾਂ ਮੁਲਾਕਾਤੀਆਂ ਦੀਆਂ ਬੈਰਕਾਂ ਕੋਲ ਪੁੱਜੇ ਹੋਏ ਸਨ। ਸਰਕਾਰ ਤੇ ਪੁਲਿਸ ਦੀ ਮਿਲੀਭੁਗਤ ਦੇ ਲੱਗ ਰਹੇ ਦੋਸ਼ਾਂ ਬਾਰੇ ਕੀ ਖਿਆਲ ਹੈ?
ਸਰਕਾਰ ਜੀ ਤਾਂ ਕਹਿ ਰਹੀ ਹੈ ਕਿ ਸਾਡੇ ਪੰਜਾਬ ‘ਚ ਤਾਂ ਅਮਨ ਕਾਨੂੰਨ ਦੀ ਹਾਲਤ ਬਹੁਤ ਵਧੀਆ ਹੈ। ਨਾਭਾ ਜੇਲ ਬ੍ਰੇਕ ਵਾਲਾ ਕਾਰਾ ਤਾਂ ਪਾਕਿਸਤਾਨ ਵਾਲੇ ਕਰ ਗਏ।
ਖੈਰ ਸਾਰੇ ਮਸਲੇ ‘ਤੇ ਲਿਪਾਪੋਚੀ ਹੋ ਰਹੀ ਹੈ ਤੇ ਹੋ ਵੀ ਜਾਣੀ ਹੈ। ਗ੍ਰਹਿ ਮੰਤਰੀ ਸੁਖਬੀਰ ਜੀ ਆਂਹਦੇ ਸਖਤੀ ਕਰ ਦਿੱਤੀ ਹੈ, ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਵੇਗੀ, ਪੁਲਿਸ ਪ੍ਰਸਾਸਨ ਕਹਿੰਦਾ ਸੂਬੇ ‘ਚ ਹਾਈ ਅਲਰਟ ਜਾਰੀ ਕੀਤਾ ਹੈ, ਪਰ ਕੱਲ ਨਾਭੇ ਵਿੱਚ ਕਿਤੇ ਵੀ ਕੋਈ ਨਾਕਾ ਨਾ ਦਿੱਸਿਆ।